ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ

ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਸੁਰੱਖਿਆ ਵਾਹਨ ਨੂੰ ਇੱਕ ਆਟੋਰਿਕਸ਼ਾ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸੋਮਵਾਰ ਰਾਤ ਨੂੰ ਜੁਹੂ ਦੇ ਮੁਕਤੇਸ਼ਵਰ ਰੋਡ ਨੇੜੇ ਵਾਪਰੀ। ਅਕਸ਼ੈ, ਜੋ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਵਿਦੇਸ਼ ਯਾਤਰਾ ਤੋਂ ਬਾਅਦ ਹਵਾਈ ਅੱਡੇ ਤੋਂ ਘਰ ਪਰਤ ਰਿਹਾ ਸੀ, ਦੀ ਕਾਰ ਟੱਕਰ ਵਿੱਚ ਸ਼ਾਮਲ ਨਹੀਂ ਸੀ।

ਪੁਲੀਸ ਮੁਤਾਬਕ ਆਟੋਰਿਕਸ਼ਾ ਨੂੰ ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਉਸ ਵਾਹਨ ਨਾਲ ਟਕਰਾ ਗਈ, ਜੋ ਅਦਾਕਾਰ ਦੀ ਸੁਰੱਖਿਆ ਐਸਕਾਰਟ ਦਾ ਹਿੱਸਾ ਸੀ। ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਆਟੋਰਿਕਸ਼ਾ ਚਾਲਕ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜੁਹੂ ਪੁਲੀਸ ਨੇ ਮਰਸੀਡੀਜ਼ ਡਰਾਈਵਰ ਵਿਰੁੱਧ ਅਣਗਹਿਲੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ।