ਗ੍ਰੀਨਲੈਂਡ ਮਸਲੇ ‘ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ

 ਲੈਸਟਰ (ਇੰਗਲੈਂਡ), 21 ਜਨਵਰੀ (ਸੁਖਜਿੰਦਰ ਸਿੰਘ ਢੱਡੇ)-

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੇ ਸੰਸਦ ਵਿੱਚ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ ਹੈ ਕਿ ਗ੍ਰੀਨਲੈਂਡ ਦੇ ਮਸਲੇ &lsquoਤੇ ਅਮਰੀਕਾ ਵੱਲੋਂ ਬਣਾਏ ਜਾ ਰਹੇ ਦਬਾਅ ਅੱਗੇ ਬਰਤਾਨੀਆ ਕਿਸੇ ਵੀ ਕੀਮਤ &lsquoਤੇ ਨਹੀਂ ਝੁਕੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਬਰਤਾਨੀਆ ਆਪਣੀ ਵਿਦੇਸ਼ ਨੀਤੀ ਖੁਦ ਤੈਅ ਕਰਨ ਵਾਲਾ ਖੁਦਮੁਖ਼ਤਿਆਰ ਦੇਸ਼ ਹੈ ਅਤੇ ਕਿਸੇ ਹੋਰ ਰਾਸ਼ਟਰ ਦੀ ਧਮਕੀ ਜਾਂ ਦਬਾਅ ਸਵੀਕਾਰ ਨਹੀਂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰੀਨਲੈਂਡ ਦਾ ਭਵਿੱਖ ਉਥੋਂ ਦੇ ਲੋਕਾਂ ਦੀ ਇੱਛਾ ਅਤੇ ਅੰਤਰਰਾਸ਼ਟਰੀ ਕਾਨੂੰਨੀ ਮਰਿਆਦਾਵਾਂ ਦੇ ਅਧੀਨ ਹੀ ਤੈਅ ਹੋਣਾ ਚਾਹੀਦਾ ਹੈ। ਕਿਸੇ ਵੱਡੀ ਤਾਕਤ ਵੱਲੋਂ ਜ਼ਬਰਦਸਤੀ ਫ਼ੈਸਲੇ ਥੋਪਣਾ ਲੋਕਤੰਤਰਕ ਅਸੂਲਾਂ ਦੇ ਖ਼ਿਲਾਫ਼ ਹੈ ਅਤੇ ਬਰਤਾਨੀਆ ਅਜਿਹੀ ਸੋਚ ਦਾ ਵਿਰੋਧ ਕਰਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਬਰਤਾਨੀਆ ਹਮੇਸ਼ਾ ਗੱਲਬਾਤ, ਆਪਸੀ ਸਨਮਾਨ ਅਤੇ ਸਹਿਯੋਗ ਦੇ ਰਾਹੀਂ ਅੰਤਰਰਾਸ਼ਟਰੀ ਮਸਲੇ ਸੁਲਝਾਉਣ &lsquoਚ ਵਿਸ਼ਵਾਸ ਰੱਖਦਾ ਆਇਆ ਹੈ। ਗ੍ਰੀਨਲੈਂਡ ਨਾਲ ਜੁੜਿਆ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ &lsquoਚ ਧੀਰਜ, ਸਮਝਦਾਰੀ ਅਤੇ ਸੰਤੁਲਿਤ ਨੀਤੀ ਦੀ ਲੋੜ ਹੈ।
ਵਿਰੋਧੀ ਧਿਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ &lsquoਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਬਰਤਾਨੀਆ ਦਾ ਮਹੱਤਵਪੂਰਨ ਸਾਥੀ ਹੈ, ਪਰ ਦੋਸਤੀ ਦਾ ਮਤਲਬ ਇਹ ਨਹੀਂ ਕਿ ਬਰਤਾਨੀਆ ਆਪਣੀ ਖੁਦਮੁਖ਼ਤਿਆਰੀ ਜਾਂ ਅਸੂਲਾਂ ਨਾਲ ਸਮਝੌਤਾ ਕਰ ਲਵੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਬਰਤਾਨੀਆ ਦੀ ਆਵਾਜ਼ ਅੰਤਰਰਾਸ਼ਟਰੀ ਮੰਚ &lsquoਤੇ ਸਦਾ ਮਜ਼ਬੂਤ ਰਹੇਗੀ।
ਇਸ ਬਿਆਨ ਤੋਂ ਬਾਅਦ ਸੰਸਦ ਵਿੱਚ ਸਿਆਸੀ ਗਰਮੀ ਵੇਖਣ ਨੂੰ ਮਿਲੀ ਅਤੇ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ &lsquoਤੇ ਵੀ ਚਰਚਾ ਛੇੜ ਦਿੱਤੀ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਸਾਫ਼ ਦਰਸਾਉਂਦਾ ਹੈ ਕਿ ਬਰਤਾਨੀਆ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੇ ਵਿਦੇਸ਼ੀ ਦਬਾਅ ਅੱਗੇ ਨਹੀਂ ਝੁਕੇਗਾ।
ਸਰਕਾਰੀ ਸੂਤਰਾਂ ਅਨੁਸਾਰ ਬਰਤਾਨੀਆ ਆਪਣੇ ਸਾਥੀ ਦੇਸ਼ਾਂ ਨਾਲ ਵਪਾਰਕ ਅਤੇ ਸੁਰੱਖਿਆ ਸਹਿਯੋਗ ਜਾਰੀ ਰੱਖੇਗਾ, ਪਰ ਨਾਲ ਹੀ ਇਹ ਵੀ ਸਪਸ਼ਟ ਹੈ ਕਿ ਹਰ ਫ਼ੈਸਲਾ ਦੇਸ਼ ਦੇ ਹਿੱਤਾਂ, ਕਾਨੂੰਨ ਅਤੇ ਲੋਕਤੰਤਰਕ ਮਰਿਆਦਾਵਾਂ ਦੇ ਅਨੁਸਾਰ ਹੀ ਲਿਆ ਜਾਵੇਗਾ।