ਟਰੰਪ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਹੋਇਆ ਪੂਰਾ

ਵਾਸ਼ਿੰਗਟਨ ਡੀ.ਸੀ.- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੀ ਵਾਰ ਦੇ ਕਾਰਜਕਾਲ ਦਾ ਪਹਿਲਾ ਵਰ੍ਹਾ ਮੁਕੰਮਲ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ &lsquoਚੋਂ ਕੱਢ ਕੇ ਆਪੋ-ਆਪਣੇ ਦੇਸ਼ਾਂ ਨੂੰ ਭੇਜਣ ਦਾ ਬੀੜਾ ਚੁੱਕੀ ਰੱਖਿਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਅਮਰੀਕਾ ਦੇ ਨਾਲ ਲੱਗਦੀਆਂ ਕੈਨੇਡਾ ਤੇ ਮੈਕਸੀਕੋ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇੰਮੀਗ੍ਰੇਸ਼ਨ ਨੂੰ ਲੀਹ &lsquoਤੇ ਲਿਆਉਣ ਲਈ ਉਨ੍ਹਾਂ ਨੇ ਵੱਡੀ ਗਰਾਂਟ ਦਿੱਤੀ ਹੈ। ਇਸ ਦੇ ਨਾਲ ਹੀ ਜਿਹੜੇ ਮੁਲਕਾਂ ਨੂੰ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਬਾਰੇ ਕਿਹਾ ਸੀ, ਉਹ ਨਾ ਲਾਗੂ ਕਰਨ &lsquoਤੇ ਉਨ੍ਹਾਂ ਮੁਲਕਾਂ &lsquoਤੇ ਭਾਰੀ ਟੈਰਿਫ ਵੀ ਲਾਏ ਗਏ, ਜਿਸ ਨਾਲ ਅਮਰੀਕਾ ਕੋਲ 3 ਟ੍ਰਿਲੀਅਨ ਡਾਲਰ ਦੇ ਨਜ਼ਦੀਕ ਮਾਲੀਆ ਇਕੱਤਰ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਪਰਿਵਾਰਕ ਵੀਜ਼ਿਆਂ &lsquoਤੇ ਵੀ ਠੱਲ੍ਹ ਪਈ ਹੈ। ਜਿਨ੍ਹਾਂ ਨਾਗਰਿਕਾਂ ਨੇ ਆਪਣੇ ਰਿਸ਼ਤੇਦਾਰ ਲਈ ਅਪਲਾਈ ਕੀਤਾ ਸੀ, ਉਹ ਕੇਸ ਫਰੀਜ਼ ਕਰ ਦਿੱਤੇ ਗਏ ਹਨ, ਜਿਸ ਕਰਕੇ ਬਾਹਰੋਂ ਆਉਣ ਵਾਲੇ ਨਵੇਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਰਾਸ਼ਟਰਪਤੀ ਟਰੰਪ ਨੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਆਉਣ ਤੋਂ ਵਰਜਿਆ ਹੈ, ਉਥੇ ਕਾਨੂੰਨੀ ਤੌਰ &lsquoਤੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ &lsquoਤੇ ਵੀ ਅੰਦਰਖਾਤੇ ਨੱਥ ਕੱਸੀ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਭਾਵੇਂ ਦੂਜੇ ਚਲੰਤ ਵੀਜ਼ਿਆਂ &lsquoਤੇ ਰੋਕ ਲਗਾਈ ਹੈ। ਪਰ ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਵਿਚ &lsquoਟਰੰਪ ਗੋਲਡ ਵੀਜ਼ਾ&rsquo ਚਲਾ ਕੇ ਅਮੀਰ ਲੋਕਾਂ ਨੂੰ ਅਮਰੀਕਾ ਵਿਚ ਆਣ ਕੇ ਵੱਸਣ ਦਾ ਸੱਦਾ ਦਿੱਤਾ ਹੈ, ਜਿਸ ਦਾ ਭਾਰੀ ਰਿਸਪਾਂਸ ਮਿਲਿਆ ਹੈ।
ਰਾਸ਼ਟਰਪਤੀ ਟਰੰਪ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਦੇਸ਼ਾਂ &lsquoਤੇ ਪਾਬੰਦੀਆਂ ਵੀ ਲਾਈਆਂ ਹਨ ਅਤੇ ਉਨ੍ਹਾਂ ਦੇਸ਼ਾਂ ਨਾਲ ਸੰਬੰਧਤ ਇੰਮੀਗ੍ਰੇਸ਼ਨ ਅਰਜ਼ੀਆਂ &lsquoਤੇ ਸੰਪੂਰਨ ਜਾਂ ਅੰਸ਼ਿਕ ਰੋਕਾਂ ਲਗਾ ਦਿੱਤੀਆਂ ਗਈਆਂ ਹਨ।