ਸਰਕਾਰ ਵਿਸ਼ਵ ਫੁੱਟਬਾਲ ਕੱਪ ਵਾਸਤੇ ਕੋਈ ਵਿਸ਼ੇਸ਼ ਵੀਜ਼ੇ ਨਹੀਂ ਦੇਵੇਗੀ

ਚੰਡੀਗੜ੍ਹ : ਕੈਨੇਡਾ ਸਥਿਤ ਟਰਾਂਟੋ ਤੇ ਵੈਨਕੂਵਰ ਤੋਂ ਛਪੀਆਂ ਖ਼ਬਰਾਂ ਵਿਚ ਉਥੋਂ ਦੀ ਸਰਕਾਰ ਨੇ ਵੀਜ਼ਾ ਲਈ ਅਰਜ਼ੀਕਰਤਾਵਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਇਸ ਸਾਲ ਵਿਚ ਵਿਸ਼ਵ ਫੁੱਟਬਾਲ ਕੱਪ ਦੇ ਜੂਨ ਮਹੀਨੇ ਹੋਣ ਵਾਲੇ 13 ਮੈਚਾਂ ਦੇ ਦਰਸ਼ਕਾਂ ਲਈ ਕੋਈ ਵਿਸ਼ੇਸ਼ ਵੀਜ਼ੇ ਜਾਰੀ ਨਹੀਂ ਕੀਤੇ ਜਾ ਰਹੇ ਅਤੇ ਫੁੱਟਬਾਲ ਮੈਚਾਂ ਦੇ ਸ਼ੌਕੀਨ ਕਿਸੀ ਵੀ ਤਰ੍ਹਾਂ ਧੋਖੇਬਾਜ਼ ਏਜੰਟਾਂ ਦੇ ਝਾਂਸੇ ਵਿਚ ਆ ਕੇ ਆਪਣ ਸਮਾਂ ਅਤੇ ਪੈਸਾ ਖ਼ਰਾਬ ਨਾ ਕਰਨ। ਸਰਕਾਰ ਦੇ ਇਮੀਗਰੇਸ਼ਨ, ਰਿਫ਼ਿਊਜ਼ੀ, ਨਾਗਰਿਕ ਕੈਨੇਡਾ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਵਿਸ਼ੇਸ਼ ਤੌਰ &rsquoਤੇ ਪੰਜਾਬ ਦੇ ਬਹੁਤੇ ਨਕਲੀ ਤੇ ਧੋਖੇਬਾਜ਼ ਗ਼ੈਰ ਕਾਨੂੰਨੀ ਏਜੰਟ ਫੁੱਟਬਾਲ ਮੈਚਾਂ ਦੇ ਚਾਹਵਾਨਾਂ ਨੂੰ ਨਕਲੀ ਸੰਦੇਸ਼ ਤੇ ਇਸ਼ਤਿਹਾਰਾਂ ਰਾਹੀਂ ਭਰਮਾਉਣ ਵਿਚ ਲੱਗੇ ਹਨ ਤੇ ਕਹਿ ਰਹੇ ਹਨ ਕਿ ਕੈਨੇਡਾ ਨੇ ਫੁੱਟਬਾਲ ਕੱਪ ਦੇਖਣ ਵਾਲਿਆਂ ਲਈ ਨਵੀਂ ਨੀਤੀ ਤਹਿਤ ਵਿਸ਼ੇਸ਼ ਤੌਰ &rsquoਤੇ ਢਿੱਲ ਦੇ ਦਿਤੀ ਹੈ ਅਤੇ ਸ਼ਰਤਾਂ ਲਈ ਨਰਮੀ ਵਰਤਣੀ ਹੈ। ਚੰਡੀਗੜ੍ਹ, ਜਲੰਧਰ ਤੇ ਹੋਰ ਸ਼ਹਿਰਾਂ ਦਾ ਹਵਾਲਾ ਦਿੰਦਿਆਂ ਕੈਨੇਡਾ ਦੇ ਆਈ.ਆਰ.ਸੀ.ਸੀ. ਮਹਿਕਮੇ ਨੇ ਸਖ਼ਤ ਚਿਤਾਵਨੀ ਦਿਤੀ ਹੈ ਕਿ ਸੈਲਾਨੀਆਂ ਵਾਸਤੇ ਟੂਰਿਸਟ ਵੀਜ਼ੇ ਵਾਸਤੇ ਪੁਰਾਣੇ ਨਿਯਮ ਅਤੇ ਨੀਤੀ ਹੀ ਲਾਗੂ ਰਹੇਗੀ ਅਤੇ ਏਜੰਟਾਂ ਵਲੋਂ ਛਾਪੇ ਗਏ ਇਸ਼ਤਿਹਾਰ ਸੱਚ ਨਹੀਂ ਹਨ। ਕੈਨੇਡਾ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਨਾ ਤਾਂ ਟੂਰਿਸਟ ਵੀਜ਼ੇ &rsquoਤੇ ਕੋਈ ਕੰਮ ਮਿਲੇਗਾ ਅਤੇ ਨਾ ਹੀ ਵੀਜ਼ੇ ਵਿਚ ਕੋਈ ਵਾਧਾ ਕੀਤਾ ਜਾਵੇਗਾ।