ਪਾਠਾਂ ਦੀਆਂ ਕੋਤਰੀਆਂ ਤੇ ਲੜੀਆਂ ਮਰਿਆਦਾ ਨਾਲ਼ ਲੜੀਆਂ!

ਵੋਟ-ਭੁੱਖ ਕਾਰਨ ਪਏ ਹੋਏ ਪੰਜਾਬ ਵਿਚਲੇ ਅਜੋਕੇ ਰਾਜ-ਰੌਲ਼ੇ ਵਿਚ ਸਿੱਖ ਪੰਥ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਨਾਮ ਨਾਲ ਬੋਲੇ ਜਾ ਰਹੇ ਲਾਪਤਾ ਚੋਰੀ ਹੋ ਗਏ ਜਾਂ ਭ੍ਰਿਸ਼ਟਾਚਾਰ ਜਿਹੇ ਸ਼ਬਦ ਸੁਣਕੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਤੇ ਸੱਟ ਵੱਜਦੀ ਹੈ|ਕਦੇ ਸਮਾਂ ਸੀ ਆਮ ਗੁਰਦੁਆਰੇ ਵਿੱਚ ਗੁਰੂ ਮਹਾਰਾਜ ਦਾ ਇੱਕ ਹੀ ਸਰੂਪ ਹੁੰਦਾ ਸੀ ਪਰ ਹੁਣ ਗੁਰਦੁਆਰਿਆਂ ਅਤੇ ਡੇਰਿਆਂ ਵਿਚ ਸੱਤਰ-ਅੱਸੀ ਜਾਂ ਸੈਂਕੜਿਆਂ ਤੋਂ ਵੀ ਵੱਧ ਸਰੂਪ ਮੌਜੂਦ ਹਨ| ਕਾਰਨ? ਕਿਉਂ ਕਿ ਸੰਗਤ ਨੇ ਘਰਾਂ ਵਿਚ ਅਖੰਡ ਪਾਠ ਕਰਵਾਉਣੇ ਬਹੁਤ ਘੱਟ ਕਰ ਦਿੱਤੇ ਅਤੇ ਇਨ੍ਹਾਂ ਅਸਥਾਨਾਂ ਵਿਚ ਹੁਣ ਅਖੰਡ ਪਾਠਾਂ ਦੀਆਂ ਲੜੀਆਂ ਚੱਲਣ ਲੱਗ ਪਈਆਂ|
ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਤਾਂ ਸਾਡੀ ਕੌਮ ਨੇ ਜਮਾਂ ਈ ਪਿੱਠ ਦਿੱਤੀ ਹੋਈ ਹੈ ਇਸ ਕਰਕੇ ਉਹਦੇ ਵਿੱਚੋਂ ਅਖੰਡ ਪਾਠ ਬਾਰੇ ਕੋਈ ਹਵਾਲੇ ਦੇਣ ਦੀ ਬਜਾਏ ਕੁੱਝ ਗੱਲਾਂ ਲੜੀਆਂ ਬਾਰੇ ਹੀ ਕਰ ਲਈਏ|
ਕਦੇ ਉਹ ਵੀ ਸਮਾਂ ਸੀ ਜਦ ਕੋਈ ਗੁਰੂ ਨਾਨਕ ਨਾਮ ਲੇਵਾ ਆਪਣੇ ਘਰੇ ਅਖੰਡ ਪਾਠ ਜਾਂ ਸਹਿਜ ਪਾਠ ਕਰਵਾਉਂਦਾ ਸੀ ਤਾਂ ਭੋਗ ਉਪਰੰਤ ਘਰ ਦਾ ਮੁਖੀਆ ਮਹਾਰਾਜ ਦਾ ਸਰੂਪ ਸਿਰ ਤੇ ਲੈ ਕੇ ਘਰ ਦੇ ਹਰ ਕਮਰੇ ਵਿਚ ਘੁੰਮਦਾ ਹੁੰਦਾ ਸੀ| ਪਰ ਹੁਣ ਅਮੀਰੀ ਨੇ ਸ਼ਰਧਾ ਸਤਿਕਾਰ ਘਟਾ ਦਿੱਤੇ ਅਤੇ ਸ਼ਰਧਾਲੂ ਜਨ ਪਿੰਡ ਦੇ ਗੁਰਦੁਆਰੇ ਜਾਂ ਕਿਸੇ ਲਾਗਲੇ ਡੇਰੇ ਵਿਚ ਲੜੀ ਜਾਂ ਕੋਤਰੀ ਸ਼ੁਰੂ ਹੋਣ &lsquoਤੇ ਉੱਥੇ ਹੀ ਨਿਰਧਾਰਤ ਮਾਇਆ ਜਮ੍ਹਾਂ ਕਰਾ ਦਿੰਦੇ ਹਨ| ਬੀਬੀਆਂ ਵੀ ਖੁਸ਼ ਅਤੇ ਬੀਬੇ ਵੀ ਵਿਹਲੇ!
ਪਾਠੀ ਸਿੰਘ ਦੱਸਦੇ ਨੇ ਕਿ ਲੜੀਆਂ ਚਲਾਉਣ ਵਾਲ਼ੇ ਪ੍ਰਬੰਧਕ ਸ਼ਰਧਾਲੂਆਂ ਪਾਸੋਂ ਤਾਂ ਖੁੱਲ੍ਹੀ ਮਾਇਆ ਲੈਂਦੇ ਹਨ ਪਰ ਪਾਠੀ ਸਿੰਘਾਂ ਨੂੰ ਭੇਟਾ ਹੱਥ ਘੁੱਟ ਕੇ ਦਿੰਦੇ ਹਨ| ਮਾਇਕ ਪੱਖੋਂ ਲੋੜਵੰਦ ਪਾਠੀ ਸਿੰਘ ਵਿਚਾਰੇ ਪ੍ਰਬੰਧਕਾਂ ਮੋਹਰੇ ਕੋਈ ਉਜ਼ਰ ਨਹੀਂ ਕਰਦੇ|
ਲੜੀਆਂ ਵਿਚ ਪਾਠ ਕਰਨ ਵਾਲ਼ੇ ਪਾਠੀਆਂ ਨੇ ਬਾਣੀ ਦੀ ਸੰਥਿਆ ਲਈ ਹੋਈ ਹੈ ਜਾਂ ਨਹੀਂ? ਇਹਦਾ ਪਤਾ ਨਾ ਅਖੰਡ ਪਾਠ ਕਰਾਉਣ ਵਾਲੇ ਕਰਦੇ ਹਨ ਅਤੇ ਨਾ ਹੀ ਪ੍ਰਬੰਧਕ| ਇਸ ਦਾ ਫੈਦਾ ਉਠਾਉਂਦਿਆਂ ਧੂਫੀਏ ਵੀ ਪਾਠੀ ਬਣ ਕੇ ਰੌਲ਼ਾਂ ਲਾਈ ਜਾਂਦੇ ਹਨ| ਅੱਗੇ ਪਾਠੀਆਂ ਵਿਚ ਵੀ ਕਈ &lsquoਠੇਕੇਦਾਰ&rsquo ਬਣ ਜਾਂਦੇ ਹਨ ਜੋ ਪਾਠੀ ਸਿੰਘਾਂ ਨੂੰ ਲੜੀ ਵਿਚਲੇ ਪਾਠਾਂ ਦੀਆਂ ਡਿਊਟੀਆਂ ਦਿੰਦੇ ਹਨ! ਅਜਿਹੇ ਠੇਕੇਦਾਰ ਸਿਰਫ ਉਤਲੀ ਦੇਖ-ਰੇਖ ਹੀ ਕਰਦੇ ਹਨ ਅਖੰਡ ਪਾਠ ਵਿਚ ਕੋਈ ਰੌਲ਼ ਨਹੀਂ ਲਾਉਂਦੇ!
ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੜ੍ਹੀਆਂ ਜਾਂ ਸਮਾਧਾਂ ਉੱਤੇ ਗੁਰੂ ਮਹਾਰਾਜ ਸਰੂਪ ਲੈਜਾਣ ਤੇ ਪਾਬੰਦੀ ਲਾਈ ਗਈ ਤਾਂ ਬਹੁਤੇ ਡੇਰਿਆਂ, ਖਾਸ ਕਰਕੇ ਦੁਆਬੇ ਵਿਚਲੇ ਜਠੇਰਿਆਂ ਵਾਲ਼ਿਆਂ ਨੇ ਅਖੰਡ ਪਾਠਾਂ ਵਾਸਤੇ ਵੱਖਰੇ ਹਾਲ ਬਣਾ ਲਏ|
ਅਜਿਹੇ ਧਾਰਮਿਕ ਅਸਥਾਨਾਂ ਵਿਚ ਭਾਵੇਂ ਪੰਜਾਹ ਪੰਜਾਹ ਅਖੰਡ ਪਾਠ ਅਰੰਭ ਹੋਏ ਹੋਣ ਪਰ ਲੰਗਰ ਆਦਿ ਦੀ ਅਰਦਾਸ ਮੜ੍ਹੀ ਜਾਂ ਸਮਾਧ ਅੱਗੇ ਥਾਲ਼ ਪਰੋਸ ਕੇ ਕੀਤੀ ਜਾਂਦੀ ਹੈ| ਇੱਥੇ ਹੀ ਬੱਸ ਨਹੀਂ ਅਰੰਭ ਜਾਂ ਭੋਗ ਵੇਲੇ ਕੀਤੀ ਜਾਂਦੀ ਅਰਦਾਸ ਵਿਚ ਮੜ੍ਹੀ/ ਸਮਾਧ ਵਾਲ਼ੇ ਬਾਬੇ ਦਾ ਉਚੇਚਾ ਨਾਂ ਲਿਆ ਜਾਂਦਾ ਹੈ-&lsquoਧੰਨ ਧੰਨ ਬਾਬਾ ਫਲਾਣਾ ਜੀ ਮਹਾਰਾਜ....!&rsquo
ਅਜਿਹੇ ਡੇਰਿਆਂ ਵਿਚ ਅਖੰਡ ਪਾਠਾਂ ਦੀ ਗਿਣਤੀ ਵੀ ਆਏ ਸਾਲ ਵਧੀ ਜਾਂਦੀ ਹੈ ਅਤੇ ਗੁਰਮਤਿ ਮਰਿਆਦਾ ਦਾ ਘਾਣ ਵੀ ਨਿਰੰਤਰ ਹੁੰਦਾ ਰਹਿੰਦਾ ਹੈ| ਇਕ ਡੇਰੇ ਵਿਚ ਮੈਂ ਅੱਖੀਂ ਦੇਖਿਆ ਕਿ ਲੜੀ ਦੇ ਪ੍ਰਬੰਧਕ ਸ਼ਰਧਾਲੂਆਂ ਨੂੰ ਦੋ ਦੋ ਰਮਾਲੇ ਲਿਆਉਣ ਲਈ ਕਹਿ ਸਨ-ਇਕ ਗੁਰੂ ਮਹਾਰਾਜ ਤੇ ਦੂਜਾ ਮੜ੍ਹੀ ਜਾਂ ਸਮਾਧ ਉੱਤੇ ਦੇਣ ਲਈ|
ਪਹਿਲੋ ਪਹਿਲ ਤਾਂ ਲੜੀਆਂ ਵਾਸਤੇ ਆਂਢ ਗੁਆਂਢ ਦੇ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਕੱਠੇ ਕੀਤੇ ਜਾਂਦੇ ਸਨ ਪਰ ਜਦ ਪਿੰਡਾਂ ਦੀਆਂ ਕਮੇਟੀਆਂ ਵਾਲ਼ੇ ਚੜ੍ਹਾਵੇ ਦੀ ਮੰਗ ਕਰਨ ਲੱਗ ਪਏ ਤਦ ਲੜੀ-ਪ੍ਰਬੰਧਕਾਂ ਨੇ ਆਪਣੇ ਡੇਰੇ ਵਿਚ ਹੀ ਸੱਚਖੰਡ ਅਸਥਾਨ ਬਣਾ ਕੇ ਵੱਡੀ ਗਿਣਤੀ ਵਿਚ ਮਹਾਰਾਜ ਦੇ ਸਰੂਪ ਰੱਖਣੇ ਸ਼ੁਰੂ ਕਰ ਦਿੱਤੇ|
ਇਨਾਂ ਡੇਰਿਆਂ ਜਠੇਰਿਆਂ ਦੀ ਗੱਲ ਤਾਂ ਇਕ ਪਾਸੇ ਰਹੀ ਅਖੰਡ ਪਾਠਾਂ ਦੀਆਂ ਲੜੀਆਂ (ਕੁੱਝ ਵੱਖਰੇ ਢੰਗ ਨਾਲ) ਇਤਹਾਸਕ ਅਤੇ ਦੇਸ-ਵਿਦੇਸ਼ ਦੇ ਗੁਰਦੁਆਰਿਆਂ ਵਿਚ ਵੀ ਚੱਲਦੀਆਂ ਹਨ| ਮਰਿਆਦਾ ਜਾਂ ਗੁਰਮਤਿ ਸਿਧਾਂਤ ਬਾਰੇ ਸਵਾਲ ਕਰਨ ਵਾਲਿਆਂ ਨੂੰ ਪ੍ਰਬੰਧਕ ਸੱਜਣ ਠੋਕ ਕੇ ਕਹਿ ਦਿੰਦੇ ਹਨ ਕਿ ਸ਼ਰਧਾਲੂ ਅਖੰਡ ਪਾਠਾਂ ਲਈ ਮਾਇਆ ਭੇਜਦੇ ਹਨ, ਅਸੀਂ ਕੁੱਝ ਨੀ ਕਰ ਸਕਦੇ| ਇਸ ਵਿਸ਼ੇ ਬਾਰੇ ਬਹੁਤ ਸੰਕੋਚ ਨਾਲ ਲਿਖਿਆ ਹੈ ਨਹੀਂ ਤਾਂ ਹੋਰ ਬਹੁਤ ਕੁੱਝ ਅਜਿਹਾ ਹੋ ਰਿਹਾ ਹੈ ਜਿਸਨੂੰ ਲਿਖਦਿਆਂ ਗੁਰੇਜ਼ ਕਰਨਾ ਪੈਂਦਾ|
ਸ਼ਬਦ-ਗੁਰੂ ਦੇ ਪੁਜਾਰੀ, ਬੰਦਿਆਂ ਦੇ ਬੰਦੇ ਬਣੇ ਹੋਏ ਹਨ-
ਝੁਕਦਾ ਹੈ ਜੋ ਬੰਦੇ ਅੱਗੇ ਉਸਦੀ ਕੀਮਤ ਕੁੱਝ ਵੀ ਨਹੀਂ,
ਲਾਹਣਤ ਹੈ ਉਸ ਬੰਦੇ ਉੱਤੇ
ਜੋ ਬੰਦੇ ਦਾ ਬੰਦਾ ਹੈ!
ਭੁੱਲ-ਚੁੱਕ ਦੀ ਖਿਮਾਂ
ਤਰਲੋਚਨ ਸਿੰਘ ਦੁਪਾਲ ਪੁਰ