26 ਜਨਵਰੀ ਬਰਸੀ ਤੇ ਵਿਸ਼ੇਸ਼-ਢਾਡੀ ਕਲਾ ਦਾ ਸਿਖਰ-ਢਾਡੀ ਗਿ। ਦਇਆ ਸਿੰਘ ਦਿਲਬਰ

ਢਾਡੀ ਕਲਾ ਪੰਜਾਬੀ ਲੋਕ-ਸੰਗੀਤ ਦਾ ਇਕ ਅਹਿਮ ਅੰਗ ਹੀ ਨਹੀਂ, ਸਗੋਂ ਪੰਜਾਬ ਦਾ ਕੀਮਤੀ ਵਿਰਸਾ ਵੀ ਹੈ । ਇਸ ਕਲਾ ਨੂੰ ਅਤੇ ਵਿਰਸੇ ਨੂੰ ਸੰਭਾਲਣ ਲਈ ਛੇਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੱਡਮੁੱਲਾ ਯੋਗਦਾਨ ਪਾਇਆ । ਢਾਡੀ ਪ੍ਰਸੰਗ ਅਤੇ ਢਾਡੀ ਵਾਰਾਂ ਸੁਣ ਕੇ ਹਰ ਪੰਜਾਬੀ ਦਾ ਲਹੂ ਖੌਲ ਉੱਠਦਾ ਹੈ । ਲਹਿੰਦੇ ਅਤੇ ਚੜ੍ਹਦੇ ਪੰਜਾਬ ਨੇ ਗੁਰੂ ਕਾਲ ਤੋਂ ਹੁਣ ਤੱਕ ਅਨੇਕਾਂ ਨਾਮਵਰ ਢਾਡੀ ਪੈਦਾ ਕੀਤੇ ਹਨ । ਢਾਡੀ ਕਲਾ ਨੂੰ ਸੰਭਾਲਣ ਲਈ ਜਿਹੜਾ ਯੋਗਦਾਨ ਗੁਰਪੁਰ ਵਾਸੀ ਢਾਡੀ ਦਇਆ ਸਿੰਘ ਦਿਲਬਰ ਨੇ ਪਾਇਆ, ਉਹ ਸ਼ਬਦਾਂ ਦਾ ਮੁਹਤਾਜ ਨਹੀਂ । ਗਿਆਨੀ ਦਇਆ ਸਿੰਘ ਦਿਲਬਰ ਇਕੋ ਸਮੇਂ ਅਨੇਕਾਂ ਗੁਣ ਲੈ ਕੇ ਇਸ ਸਾਂਝੇ ਪੰਜਾਬ ਦੀ ਧਰਤੀ ਦਾ ਸ਼ਿੰਗਾਰ ਹੋ ਨਿਬੜਿਆ । ਗਿਆਨੀ ਦਇਆ ਸਿੰਘ ਦਿਲਬਰ ਜਿਥੇ ਗੁਰਮਤਿ ਸਿਧਾਂਤਾਂ ਦੀ ਸੋਝੀ ਰੱਖਣ ਵਾਲਾ ਵਿਦਵਾਨ ਤੇ ਬੇਧੜਕ ਵਕਤਾ ਸੀ । ਇਸ ਤੋਂ ਇਲਾਵਾ ਉਹ ਕਲਮ ਦਾ ਧਨੀ, ਢਾਡੀ ਕਲਾ ਦਾ ਬੇਤਾਜ ਬਾਦਸ਼ਾਹ ਅਤੇ ਪੰਥਕ ਸਟੇਜਾਂ ਦਾ ਸ਼ਿੰਗਾਰ ਵੀ ਸੀ । ਅਸਲ ਵਿੱਚ ਸ਼ਬਦਾਂ ਦਾ ਉਹ ਸਫ਼ਲ ਜਾਦੂਗਰ ਸੀ । ਘੰਟਿਆਂ ਬੱਧੀ ਸਿੱਖ ਸੰਗਤ ਮੰਤਰ ਮੁਗਧ ਹੋ ਕੇ ਜੈਕਾਰੇ ਗੁੰਜਾਉਂਦੀ, ਆਪਾ ਭੁੱਲ ਕੇ ਉਸ ਨੂੰ ਸੁਣਦੀ ਅਤੇ ਭਰਪੂਰ ਦਾਦ ਦਿੰਦੀ ਸੀ । ਉਸ ਦੀ ਕਲਾ ਦੀ ਹਰ ਕੋਈ ਸਰਾਹਣਾ ਕਰਦਾ ਸੀ । ਅਸਲ ਵਿੱਚ ਭਾਸ਼ਨ ਕਲਾ ਲਈ ਸ਼ਬਦ-ਭੰਡਾਰ ਦਾ ਹੋਣਾ ਜ਼ਰੂਰੀ ਹੁੰਦਾ ਹੈ । ਉਸ ਉੱਪਰ ਕਰਤੇ ਦੀ ਬਖ਼ਸ਼ਿਸ਼ ਸੀ । 
ਢਾਡੀ ਦਇਆ ਸਿੰਘ ਦਿਲਬਰ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਪਿੰਡ ਸਹਾਰੀ ਵਿਖੇ ਪਿਤਾ ਸ। ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਹੋਇਆ । ਜਦੋਂ ਦਿਲਬਰ ਨੇ ਜਵਾਨੀ ਦੀ ਦਹਿਲੀਜ਼ &lsquoਤੇ ਪੈਰ ਧਰਿਆ ਤਾਂ 17 ਕੁ ਸਾਲ ਦੀ ਉਮਰ ਵਿੱਚ ਦੇਸ਼ ਵੰਡਿਆ ਗਿਆ । ਦਿਲਬਰ ਵੀ ਆਪਣੇ ਮਾਤਾ-ਪਿਤਾ ਨਾਲ ਦੇਸ਼ ਦੀ ਵੰਡ ਦੇ ਦੁੱਖਾਂ ਦਾ ਝੰਬਿਆ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਵਾਂ ਸ਼ਹਿਰ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਸਲੋਅ ਵਿਖੇ ਆ ਵਸਿਆ । ਦੇਸ਼ ਦੀ ਵੰਡ ਤੋਂ ਪਹਿਲਾਂ ਮਰਹੂਮ ਲੇਖਕ ਤੇ ਢਾਡੀ ਕਲਾ ਦੇ ਧਰੂ ਤਾਰੇ ਗਿਆਨੀ ਸੋਹਣ ਸਿੰਘ ਸੀਤਲ ਨੂੰ ਸਟੇਜਾਂ ਤੋਂ ਬੋਲਦਿਆਂ ਸੁਣ ਕੇ ਅੰਤਰ ਆਤਮਾ ਤੋਂ ਢਾਡੀ ਬਣਨ ਦਾ ਨਿਰਣਾ ਕਰ ਲਿਆ । ਕਵੀਸ਼ਰੀ ਵਿੱਚ ਪਰਪੱਕ ਹੋਣ ਲਈ ਗਿਆਨੀ ਕਰਤਾਰ ਸਿੰਘ ਬੀਰਮਪੁਰ ਨੂੰ ਉਸਤਾਦ ਧਾਰ ਲਿਆ । ਹੁਣ ਚੜ੍ਹਦੇ ਪੰਜਾਬ ਦੇ ਦੁਆਬੇ ਦੀ ਇਸ ਧਰਤੀ ਤੋਂ ਢਾਡੀ ਜਥਾ ਬਣਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਮਰ ਕੱਸੇ ਕਰ ਲਏ । ਇਕ ਸਫ਼ਲ ਕਵੀ ਵਜੋਂ ਬੀਰ ਰਸੀ ਵਾਰਾਂ ਦੀ ਰਚਨਾ ਕਰਕੇ ਢਾਡੀ ਵਾਰਾਂ ਤੇ ਪ੍ਰਸੰਗ ਲਿਖ ਕੇ ਢਾਡੀ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕੀਤਾ । ਲਗਪਗ ਚਾਲੀ ਪੁਸਤਕਾਂ ਢਾਡੀ ਕਲਾ ਦੇ ਚਹੇਤੇ ਪਾਠਕਾਂ ਦੀ ਝੋਲੀ ਪਾਈਆਂ । ਜਦੋਂ ਇਲੈਕਟ੍ਰਾਨਿਕ ਯੁੱਗ ਦੀ ਸ਼ੁਰੂਆਤ ਹੋਈ ਤਾਂ ਸੀ।ਡੀ ਅਤੇ ਵੀ।ਸੀ।ਡੀ ਦੀਆਂ 50 ਤੋਂ 60 ਐਲਬਮਾਂ ਵੱਖਰੀਆਂ-ਵੱਖਰੀਆਂ ਕੰਪਨੀਆਂ ਤੋਂ ਰਿਕਾਰਡ ਕਰਵਾ ਕੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਤੋਂ ਭਰਪੂਰ ਵਾਹ-ਵਾਹ ਖੱਟੀ । ਅੱਜ ਇਹੋ ਸੀ।ਡੀ ਅਤੇ ਵੀ।ਸੀ।ਡੀ ਨੇ ਯੂ-ਟਿਊਬ ਤੇ ਫੇਸਬੁੱਕ ਤੋਂ ਸਰੋਤਿਆਂ ਦੀ ਢਾਡੀ ਕਲਾ ਦੀਆਂ ਵੰਨਗੀਆਂ ਸੁਣ ਕੇ ਨਵੀਂ ਪੀੜ੍ਹੀ ਨੂੰ ਬੀਰ ਰਸ ਨਾਲ ਜੋੜਨ ਲਈ ਯੋਗਦਾਨ ਪਾ ਕੇ ਢਾਡੀ ਕਲਾ ਦਾ ਇਹ ਹੀਰਾ ਹਾਜ਼ਰ-ਨਾਜ਼ਰ ਨਜ਼ਰ ਆਉਂਦਾ ਹੈ ।
ਆਪਣੀ ਹਯਾਤੀ ਦੌਰਾਨ ਗਿਆਨੀ ਦਇਆ ਸਿੰਘ ਦਿਲਬਰ ਨੇ ਦੇਸ਼-ਵਿਦੇਸ਼ ਦੀਆਂ ਨਾਮਵਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੋਂ ਸੈਂਕੜੇ ਮਾਣ ਸਨਮਾਨ ਪ੍ਰਾਪਤ ਕੀਤੇ । 1979 ਈ: ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੋਨੇ ਦਾ ਢਾਈ ਤੋਲੇ ਦਾ ਮੈਡਲ, ਦੁਸ਼ਾਲਾ ਤੇ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਪਿੱਛੋਂ 1994 ਈ: ਵਿੱਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਢਾਡੀ ਪੁਰਸਕਾਰ ਪ੍ਰਾਪਤ ਕੀਤਾ । ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਚਾਰ ਸੌ ਸਾਲਾ ਸਮਾਗਮਾਂ ਸਮੇਂ ਪੰਜਾਬ ਸਰਕਾਰ ਵੱਲੋਂ ਮਿਲਿਆ ਸਨਮਾਨ ਵੀ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਸੀ । ਜਦੋਂ ਵੀ ਪੰਜਾਬੀਆਂ ਅਤੇ ਸਿੱਖਾਂ ਨੂੰ ਕਿਸੇ ਸੰਘਰਸ਼ ਵਿੱਚ ਕੁੱਦਣਾ ਪਿਆ, ਉਸ ਸਮੇਂ ਜੇਲ੍ਹ ਯਾਤਰਾਵਾਂ ਵੀ ਗਿਆਨੀ ਦਇਆ ਸਿੰਘ ਦਿਲਬਰ ਦੇ ਜੀਵਨ ਦਾ ਹਿੱਸਾ ਬਣੀਆਂ । ਸਮੇਂ-ਸਮੇਂ ਸਿੱਖ ਆਗੂਆਂ ਤੇ ਪੰਥਕ ਸਫ਼ਾਂ ਵਿੱਚ ਗਿਆਨੀ ਦਇਆ ਸਿੰਘ ਦਿਲਬਰ ਨੂੰ ਜਿਹੜਾ ਸਤਿਕਾਰ ਮਿਲਿਆ ਉਹ ਵਿਰਲੇ ਲੋਕਾਂ ਨੂੰ ਹੀ ਮਿਲਦਾ ਹੈ ।
26 ਜਨਵਰੀ, 2006 ਨੂੰ ਜਦੋਂ ਸਮੁੱਚਾ ਦੇਸ਼ ਗਣਤੰਤਰ ਦਿਵਸ ਦੀ ਵਰੇ੍ਹਗੰਢ ਮਨਾ ਰਿਹਾ ਸੀ, ਉਸ ਸਮੇਂ ਸਿੱਖ ਕੌਮ ਦਾ ਹੀਰਾ ਪੁੱਤਰ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਗੁਰੂ ਦੀ ਗੋਦ ਵਿੱਚ ਬਿਰਾਜ ਰਿਹਾ ਸੀ । ਅੱਜ ਢਾਡੀ ਕਲਾ ਦੇ ਇਸ ਵੱਡਮੁੱਲੇ ਹੀਰੇ ਅਤੇ ਭਾਸ਼ਨ ਕਲਾ ਦੇ ਸਿਖਰ ਵਜੋਂ ਸਤਿਕਾਰੇ ਗਿਆਨੀ ਦਇਆ ਸਿੰਘ ਦਿਲਬਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਿਆਰੇ ਅਤੇ ਢਾਡੀ ਕਲਾ ਪ੍ਰਸ਼ੰਸਕ ਤੇ ਗਹਿਰ-ਗੰਭੀਰ ਸਰੋਤੇ ਹਿਰਦੇ ਦੀਆਂ ਗਹਿਰਾਈਆਂ ਤੋਂ ਯਾਦ ਕਰ ਰਹੇ ਹਨ । ਅਜਿਹੇ ਗੁਣੀ ਇਨਸਾਨਾਂ ਦੀ ਘਾਟ ਕੌਮਾਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੁੰਦਾ ਹੈ । ਅੱਜ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਅਨੇਕਾਂ ਢਾਡੀ ਅਤੇ ਬੁਲਾਰੇ ਉਨ੍ਹਾਂ ਦਾ ਥਾਂ ਲੈਣ ਲਈ ਯਤਨਸ਼ੀਲ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਪਵਿੱਤਰ ਯਾਦ ਨੂੰ ਸਾਡਾ ਪ੍ਰਣਾਮ ।
-ਭਗਵਾਨ ਸਿੰਘ ਜੌਹਲ