ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਨਾਲ ਬੇਇਨਸਾਫ਼ੀ- ਐਡਵੋਕੇਟ ਧਾਮੀ

 ਨਵੀਂ ਦਿੱਲੀ, 22 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ 1984 &rsquoਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰੀ ਨਾਲ ਸਬੰਧਤ ਕਤਲੇਆਮ ਦੇ ਮਾਮਲਿਆਂ ਵਿਚ ਅਦਾਲਤ ਵੱਲੋਂ ਬਰੀ ਕੀਤੇ ਜਾਣਾ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਪੀੜਤ ਪਰਿਵਾਰਾਂ ਨਾਲ ਘੌਰ ਬੇਇਨਸਾਫ਼ੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਾਨਸਿਕ ਤੌਰ &rsquoਤੇ ਗਹਿਰੀ ਸੱਟ ਮਾਰੀ ਹੈ, ਜੋ ਲੰਮੇ ਸਮੇਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਲਤੇਆਮ ਇਤਿਹਾਸ ਅੰਦਰ ਕਰੂਰਕਾਰੇ ਵਜੋਂ ਦਰਜ ਹੈ, ਜਦੋਂ ਸਰਕਾਰੀ ਸ਼ਹਿ &rsquoਤੇ ਸਿੱਖਾਂ ਨੂੰ ਵਹਿਸ਼ੀਆਨਾ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਪੀੜਤ ਪਰਿਵਾਰ ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ੍ਹ ਰਹੇ ਹਨ। ਏਨੀ ਲੰਬੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਇਹ ਫੈਸਲਾ ਪੀੜਤਾਂ ਦੇ ਨਾਲ-ਨਾਲ ਸਮੁੱਚੀ ਕੌਮ ਨੂੰ ਵੱਡੀ ਪੀੜਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਸਾਫ਼ ਤੌਰ &rsquoਤੇ ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਹੈ ਅਤੇ ਉਹ ਪਹਿਲਾਂ ਵੀ ਇਕ ਕੇਸ ਵਿਚ ਸਜ਼ਾ ਭੁਗਤ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਇਨ੍ਹਾਂ ਮਾਮਲਿਆਂ ਵਿਚ ਸਜ਼ਾ ਤੋਂ ਬਚ ਜਾਣਾ ਦੁਖਦਾਈ ਤੇ ਨਿਰਾਸ਼ਾਜਨਕ ਹੈ।