ਇਟਲੀ ਦੀ ਵਿਸੇ਼ਸ ਪੁਲਸ ਵਿੱਚ ਭਰਤੀ ਹੋਇਆ ਪੰਜਾਬ ਦੇ ਬਿਲਾਸਪੁਰ(ਮਾਹਿਲਪੁਰ)ਦਾ ਜਾਇਸਲ ਸਿੰਘ ਸਹਿਗਲ ,ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

 ਰੋਮ ਇਟਲੀ 22,ਜਨਵਰੀ (ਗੁਰਸ਼ਰਨ ਸਿੰਘ ਸੋਨੀ) ਸ਼ਾਇਦ ਇਸ ਗੱਲ ਨੂੰ ਮਨਜੀਤ ਸਿੰਘ ਸਹਿਗਲ ਨੇ ਕਦੀ ਸੁਪਨੇ ਵਿੱਚ ਵੀ ਨਾ ਸੋਚਿਆ ਹੋਵੇ ਕਿ ਜਿਸ ਬੇਗਾਨੇ ਮੁਲਕ ਉਹ 30 ਸਾਲ ਪਹਿਲਾਂ ਮਿਹਨਤ ਮਜ਼ਦੂਰ ਕਰਨ ਦਾ ਮਨ ਬਣਾ ਇੱਕ ਪ੍ਰਦੇਸੀ ਵਜੋਂ ਆਇਆ ਸੀ ਉਸ ਦਾ ਹੋਣਹਾਰ ਭੂਚੰਗੀ ਉਸ ਮੁਲਕ ਦੀ ਵਿਸੇ਼ਸ ਪੁਲਸ ਵਿੱਚ ਭਰਤੀ ਹੋ ਖਾਨਦਾਨ ਸਮੇਤ ਭਾਰਤ ਦਾ ਨਾਮ ਚਮਕਾਵੇਗਾ ।ਪੰਜਾਬ ਦੇ ਛੋਟੇ ਜਿਹੇ ਪਿੰਡ ਬਿਲਾਸਪੁਰ(ਮਾਹਿਲਪੁਰ-ਹੁਸਿ਼ਆਰਪੁਰ)ਵਿੱਚ 14 ਕਲਾਸਾਂ ਪਾਸ ਕਰਨ ਵਾਲਾ ਮਨਜੀਤ ਸਿੰਘ ਸਹਿਗਲ ਚੰਗੇ ਭੱਵਿਖ ਲਈ ਸੰਨ 1996 ਨੂੰ ਇਟਲੀ ਦੇ ਸ਼ਹਿਰ ਕਾਤਾਨੀਆ ਆ ਗਿਆ ਤੇ ਇੱਥੇ ਮਨਜੀਤ ਸਿੰਘ ਸਹਿਗਲ ਨੇ ਮਿਹਨਤ ਮੁਸ਼ਕਤ ਕਰਦਿਆਂ ਕਦੀਂ ਪਿੱਛਾ ਮੁੜ ਨਹੀਂ ਦੇਖਿਆ।ਧਰਮਪਤਨੀ ਅਰੁੰਨਾ ਸਿੰਘ ਸਹਿਗਲ ਨੇ ਵੀ ਜਿੰਦਗੀ ਦੇ ਹਰ ਚੰਗੇ-ਮਾੜੇ ਮੋੜ ਉਪੱਰ ਮਨਜੀਤ ਸਿੰਘ ਸਹਿਗਲ ਦੇ ਮੋਢੇ-ਨਾਲ ਮੋਢਾ ਲਾ ਹਾਲਾਤਾਂ ਦੀਆਂ ਜੰਗਾਂ ਨੂੰ ਜਿੱਤਿਆ ਤੇ ਆਪਣੇ ਜਿਗਰ ਦੇ ਟੋਟੇ 2 ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਈ।ਪਹਿਲਾਂ ਬੇਟੀ ਕਰੀਤੀਕਾ ਸਹਿਗਲ ਨੂੰ ਚੰਗੀ ਪੜ੍ਹਾਈ ਦੀ ਬਦੌ਼ਲਤ ਇੱਕ ਚੰਗੇ ਵਿਭਾਗ ਵਿੱਚ ਜਾਂਚ ਅਧਿਕਾਰੀ ਵਜੋਂ ਨੌਕਰੀ ਮਿਲ ਗਈ ਤੇ ਹੁਣ ਪੁੱਤਰ ਜਾਇਸਲ ਸਿਘ ਸਹਿਗਲ ਜਿਹੜਾ ਮਹਿਜ਼ ਹਾਲੇ 20 ਸਾਲ ਦਾ ਹੋਇਆ ਹੈ ਉਸ ਨੂੰ ਇਟਲੀ ਦੀ ਆਲਾ ਪੁਲਸ "ਪੁਲੀਸੀਆ"ਵਿੱਚ ਨੌਕਰੀ ਮਿਲ ਗਈ ਹੈ।ਜਾਇਸਲ ਸਿੰਘ ਸਹਿਗਲ ਜਿਹੜਾ ਕਿ ਇਟਲੀ ਦਾ ਜੰਮਪਲ ਹੈ ਸ਼ੁਰੂ ਤੋਂ ਹੀ ਹੋਣਹਾਰ ਬੱਚਾ ਸੀ ਜਿਸ ਦੀ ਕੀਤੀ ਮਿਹਨਤ ਦੀ ਕਾਮਯਾਬੀ ਅੱਜ ਇਟਲੀ ਦੇ ਚੁਫ਼ੇਰੇ ਧੁੰਮਾਂ ਪਾ ਰਹੀ ਹੈ।ਬੇਟੇ ਜਾਇਸਲ ਸਿੰਘ ਸਹਿਗਲ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਤਾ ਨਹੀਂ ਮਨਜੀਤ ਸਿੰਘ ਸਹਿਗਲ ਤੇ ਆਰੁੰਨਾ ਸਿੰਘ ਸਹਿਗਲ ਨੇ ਕਿੰਨੀਆਂ ਤਕਲੀਫ਼ਾਂ ਪਿੰਡੇ ਹੰਢਾਈਆਂ ਪਰ ਅੱਜ ਸ਼ੇਰ ਪੁੱਤ ਦੀ ਕਾਮਯਾਬੀ ਦੇ ਨਿੱਘ ਨੇ ਮਾਪਿਆਂ ਨੂੰ ਹਰ ਦੁੱਖ ਭੁੱਲਾ ਦਿੱਤਾ ਹੈ।ਪ੍ਰੈੱਸ ਨਾਲ ਦਿਲ ਦੇ ਵਲਵਲਿਆਂ ਦੀ ਸਾਂਝ ਪਾਉਂਦਿਆ ਮਨਜੀਤ ਸਿੰਘ ਸਹਿਗਲ ਨੇ ਦੱਸਿਆਂ ਕਿ ਉਸ ਦਾ ਲਾਡਲਾ ਭੂਚੰਗੀ ਅੱਜ ਜਿਸ ਮੁਕਾਸ ਉਪੱਰ ਪਹੁੰਚਿਆ ਹੈ ਉਹ ਇੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਉਸ ਨੂੰ ਬਖ਼ਸਿਆਂ ਤੋਹਫ਼ਾ ਹੈ ਜਿਸ ਲਈ ਉਹ ਸਦਾ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ ਸ਼ੁੱਕਰਾਨਾ ਕਰਦੇ ਰਹਿਣਗੇ।ਬੇਟੇ ਨੇ ਪੁਲਸ ਵਿੱਚ ਨੰਬਰ ਲੱਗਣ ਤੋਂ ਬਾਅਦ ਟ੍ਰੇਨਿੰਗ ਮੁਕੰਮਲ ਕਰ ਲਈ ਹੈ ਤੇ ਅੱਜ-ਕਲ੍ਹ ਅਲਸਾਂਦਰੀਆ ਵਿੱਚ ਹੀ ਹੈ ਜੋ ਕਿ ਜਲਦ ਹੀ ਅਗਲਾ ਚਾਰਜ ਲੈ ਰਿਹਾ ਹੈ।ਜਾਇਸਲ ਸਿੰਘ ਸਹਿਗਲ ਨੌਕਰੀ ਦੇ ਨਾਲ ਹਾਲੇ ਹੋ ਵੀ ਪੜ੍ਹਨਾ ਚਾਹੁੰਦਾ ਹੈ ਕਿਉਂਕਿ ਉਸ ਦਾ ਸੁਪਨਾ ਕੁਝ ਵੱਖਰਾ ਕਰਨਾ ਹੈ ਜਿਸ ਲਈ ਉਹ ਦ੍ਰਿੜ ਇਰਾਦਿਆਂ ਦੇ ਨਾਲ ਆਪਣੀ ਮੰਜਿ਼ਲ ਵੱਲ ਵੱਧ ਰਿਹਾ ਹੈ।ਇਸ ਕਾਮਯਾਬੀ ਲਈ ਪਰਿਵਾਰ ਨੂੰ ਸਮੁੱਚੇ ਸਹਿਗਲ ਭਾਰਤੀ ਭਾਈਚਾਰੇ ਵੱਲੋਂ ਵਿਸੇ਼ਸ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।