ਰੂਸ ਮਾਮਲੇ ’ਤੇ ਅਸਹਿਮਤੀ ਟਰੰਪ ਦੀ ਅਮਨ ਪਹਲ ਤੋਂ ਬ੍ਰਿਟੇਨ ਨੇ ਫਿਲਹਾਲ ਬਣਾਈ ਦੂਰੀ

 ਲੈਸਟਰ (ਇੰਗਲੈਂਡ), 22 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਬਰਤਾਨੀਆ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਅਮਨ ਸੰਬੰਧੀ ਅੰਤਰਰਾਸ਼ਟਰੀ ਪਹਲ ਨਾਲ ਇਸ ਵੇਲੇ ਜੁੜਨ ਤੋਂ ਇਨਕਾਰ ਕਰ ਦਿੱਤਾ ਹੈ। ਬਰਤਾਨੀਆ ਵੱਲੋਂ ਇਹ ਰੁਖ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਜੁੜੀਆਂ ਗੰਭੀਰ ਚਿੰਤਾਵਾਂ ਦੇ ਮੱਦੇਨਜ਼ਰ ਅਪਣਾਇਆ ਗਿਆ ਹੈ।
ਸਰਕਾਰੀ ਹਲਕਿਆਂ ਅਨੁਸਾਰ ਬਰਤਾਨੀਆ ਨੂੰ ਇਹ ਡਰ ਹੈ ਕਿ ਇਸ ਅਮਨ ਪਹਲ ਦਾ ਹਿੱਸਾ ਬਣਨ ਨਾਲ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਸਬੰਧੀ ਉਸਦੀ ਸਖ਼ਤ ਅਤੇ ਸਪਸ਼ਟ ਨੀਤੀ &rsquoਤੇ ਸਵਾਲ ਖੜ੍ਹੇ ਹੋ ਸਕਦੇ ਹਨ। ਬਰਤਾਨੀਆ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਅਜਿਹੀ ਕਿਸੇ ਵੀ ਅਮਨ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ, ਜਿਸ ਨਾਲ ਰੂਸ ਨੂੰ ਨੈਤਿਕ ਜਾਂ ਰਾਜਨੀਤਿਕ ਫ਼ਾਇਦਾ ਮਿਲੇ, ਉਚਿਤ ਨਹੀਂ ਸਮਝਿਆ ਜਾ ਸਕਦਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਤਾਨੀਆ ਸਰਕਾਰ ਯੂਕਰੇਨ ਦੀ ਖੁੱਲ੍ਹ ਕੇ ਹਮਾਇਤ ਕਰਦੀ ਆ ਰਹੀ ਹੈ ਅਤੇ ਰੂਸ ਵੱਲੋਂ ਕੀਤੀਆਂ ਜਾ ਰਹੀਆਂ ਫੌਜੀ ਕਾਰਵਾਈਆਂ ਦੀ ਲਗਾਤਾਰ ਨਿੰਦਾ ਕਰਦੀ ਰਹੀ ਹੈ। ਅਜਿਹੇ ਵਿੱਚ ਜੇਕਰ ਬਰਤਾਨੀਆ ਟਰੰਪ ਦੀ ਅਮਨ ਪਹਲ ਨਾਲ ਜੁੜਦਾ ਹੈ ਤਾਂ ਇਹ ਉਸਦੀ ਪਿਛਲੀ ਨੀਤੀਆਂ ਨਾਲ ਟਕਰਾਅ ਪੈਦਾ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਇਹ ਅਮਨ ਪਹਲ ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ਵਿੱਚ ਹੋਈ ਵਿਸ਼ਵ ਪੱਧਰੀ ਆਰਥਿਕ ਬੈਠਕ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਸੀ। ਟਰੰਪ ਦਾ ਦਾਅਵਾ ਹੈ ਕਿ ਇਹ ਪਹਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਟਕਰਾਵਾਂ ਨੂੰ ਗੱਲਬਾਤ ਅਤੇ ਸਹਿਮਤੀ ਰਾਹੀਂ ਖ਼ਤਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋ ਸਕਦੀ ਹੈ।
ਹਾਲਾਂਕਿ ਬਰਤਾਨੀਆ ਦੇ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰੂਸ ਵੱਲੋਂ ਯੂਕਰੇਨ ਵਿੱਚ ਜੰਗੀ ਕਾਰਵਾਈਆਂ ਨੂੰ ਰੋਕਣ ਵੱਲ ਠੋਸ ਕਦਮ ਨਹੀਂ ਚੁੱਕੇ ਜਾਂਦੇ, ਤਦ ਤੱਕ ਅਜਿਹੀਆਂ ਅਮਨ ਪਹਲਾਂ ਸਿਰਫ਼ ਦਾਅਵਿਆਂ ਤੱਕ ਹੀ ਸੀਮਿਤ ਰਹਿਣਗੀਆਂ। ਇਸੇ ਕਾਰਨ ਬਰਤਾਨੀਆ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਮੌਜੂਦਾ ਹਾਲਾਤਾਂ ਵਿੱਚ ਕਿਸੇ ਵੀ ਅਜਿਹੀ ਅੰਤਰਰਾਸ਼ਟਰੀ ਅਮਨ ਕਮੇਟੀ ਦਾ ਹਿੱਸਾ ਨਹੀਂ ਬਣੇਗਾ, ਜਿਸ ਨਾਲ ਰੂਸ ਦੀ ਸਥਿਤੀ ਮਜ਼ਬੂਤ ਹੋਵੇ।
ਸਰਕਾਰੀ ਸੂਤਰਾਂ ਮੁਤਾਬਕ ਬਰਤਾਨੀਆ ਭਵਿੱਖ ਵਿੱਚ ਹਾਲਾਤਾਂ ਦੀ ਸਮੀਖਿਆ ਕਰਦਾ ਰਹੇਗਾ ਅਤੇ ਜੇਕਰ ਜਮੀਨੀ ਪੱਧਰ &rsquoਤੇ ਕੋਈ ਠੋਸ ਬਦਲਾਅ ਆਉਂਦਾ ਹੈ ਤਾਂ ਆਪਣਾ ਰੁਖ ਦੁਬਾਰਾ ਵੀ ਵਿਚਾਰ ਸਕਦਾ ਹੈ।