ਜਦੋ 12 ਸਾਲਾ ਬੱਚੇ ਦੀ ਸੂਝ-ਬੂਝ ਨਾਲ ਵੱਡਾ ਸੜਕੀ ਹਾਦਸਾ ਟਲਿਆ

 ਲੈਸਟਰ (ਇੰਗਲੈਂਡ), 21 ਜਨਵਰੀ (ਸੁਖਜਿੰਦਰ ਸਿੰਘ ਢੱਡੇ)-
ਵੇਲਜ਼ ਦੀ ਇੱਕ ਤੇਜ਼ ਰਫ਼ਤਾਰ ਮੁੱਖ ਸੜਕ &lsquoਤੇ ਉਸ ਸਮੇਂ ਵੱਡੀ ਅਣਹੋਣੀ ਟਲ ਗਈ ਜਦੋਂ 12 ਸਾਲਾ ਬੱਚੇ ਨੇ ਬੇਹੋਸ਼ ਹੋਈ ਮਾਂ ਦੀ ਕਾਰ ਨੂੰ ਸੂਝ-ਬੂਝ ਨਾਲ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਰੋਕ ਲਿਆ। ਇਸ ਘਟਨਾ ਨੇ ਨਾ ਸਿਰਫ਼ ਮਾਂ ਦੀ ਜਾਨ ਬਚਾਈ, ਸਗੋਂ ਹੋਰ ਸੜਕ ਵਰਤੋਂਕਾਰਾਂ ਨੂੰ ਵੀ ਵੱਡੇ ਖ਼ਤਰੇ ਤੋਂ ਬਚਾ ਲਿਆ।
ਜਾਣਕਾਰੀ ਅਨੁਸਾਰ ਮਹਿਲਾ ਆਪਣੀ ਕਾਰ ਚਲਾ ਰਹੀ ਸੀ ਕਿ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ ਸਟੀਅਰਿੰਗ &lsquoਤੇ ਹੀ ਬੇਹੋਸ਼ ਹੋ ਗਈ। ਇਸ ਕਾਰਨ ਕਾਰ ਬੇਕਾਬੂ ਹੋਣ ਲੱਗੀ। ਕਾਰ ਵਿੱਚ ਮੌਜੂਦ 12 ਸਾਲਾ ਬੱਚੇ ਨੇ ਹੌਸਲਾ ਦਿਖਾਉਂਦਿਆਂ ਤੁਰੰਤ ਸਥਿਤੀ ਨੂੰ ਸਮਝਿਆ ਅਤੇ ਸਟੀਅਰਿੰਗ ਆਪਣੇ ਕਾਬੂ ਵਿੱਚ ਲੈ ਲਿਆ।
ਬੱਚੇ ਨੇ ਮਾਂ ਦੇ ਪੈਰ ਨੂੰ ਗਤੀ ਵਧਾਉਣ ਵਾਲੇ ਪੈਡਲ ਤੋਂ ਹਟਾਇਆ, ਹੌਲੀ-ਹੌਲੀ ਬਰੇਕ ਲਗਾਈ ਅਤੇ ਕਾਰ ਨੂੰ ਸੜਕ ਦੇ ਕਿਨਾਰੇ ਲਿਆ ਕੇ ਰੋਕ ਦਿੱਤਾ। ਤੇਜ਼ ਰਫ਼ਤਾਰ ਨਾਲ ਦੌੜ ਰਹੇ ਵਾਹਨਾਂ ਵਿਚਕਾਰ ਇਹ ਕੰਮ ਕਰਨਾ ਬਹੁਤ ਜੋਖਿਮ ਭਰਿਆ ਸੀ, ਪਰ ਬੱਚੇ ਨੇ ਬੇਹੱਦ ਸਿਆਣਪ ਅਤੇ ਧੀਰਜ ਨਾਲ ਇਹ ਕਾਰਨਾਮਾ ਕਰ ਦਿਖਾਇਆ।
ਕਾਰ ਨੂੰ ਸੁਰੱਖਿਅਤ ਢੰਗ ਨਾਲ ਰੋਕਣ ਤੋਂ ਬਾਅਦ ਬੱਚੇ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਦੇ ਨੰਬਰ &lsquoਤੇ ਫ਼ੋਨ ਕਰਕੇ ਮਦਦ ਮੰਗੀ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਕੁਝ ਹੀ ਸਮੇਂ ਵਿੱਚ ਬਚਾਵ ਟੀਮਾਂ ਮੌਕੇ &lsquoਤੇ ਪਹੁੰਚ ਗਈਆਂ ਅਤੇ ਮਹਿਲਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਮੁਤਾਬਕ ਮਹਿਲਾ ਦੀ ਹਾਲਤ ਹੁਣ ਸਥਿਰ ਹੈ। ਬਚਾਵ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ 12 ਸਾਲਾ ਬੱਚੇ ਦੀ ਹਿੰਮਤ, ਸਮਝਦਾਰੀ ਅਤੇ ਸੂਝ-ਬੂਝ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਬੱਚਾ ਘਬਰਾਹਟ ਵਿੱਚ ਆ ਜਾਂਦਾ ਤਾਂ ਨਤੀਜੇ ਭਿਆਨਕ ਹੋ ਸਕਦੇ ਸਨ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਵੀ ਬੱਚੇ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀ ਸਮਝਦਾਰੀ ਵਾਕਈ ਕਾਬਿਲ-ਏ-ਤਾਰੀਫ਼ ਹੈ।
ਇਹ ਘਟਨਾ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਮੁਸ਼ਕਲ ਘੜੀ ਵਿੱਚ ਹੌਸਲਾ, ਸੂਝ-ਬੂਝ ਅਤੇ ਹਿੰਮਤ ਨਾਲ ਵੱਡੀਆਂ ਅਣਹੋਣੀਆਂ ਨੂੰ ਵੀ ਟਾਲਿਆ ਜਾ ਸਕਦਾ ਹੈ।