ਕਿਲ੍ਹਾ ਰਾਏਪੁਰ ‘ਚ ਮੁੜ ਦੌੜਣਗੀਆਂ ਬੈਲਗੱਡੀਆਂ, 11 ਸਾਲਾਂ ਮਗਰੋਂ ਪੇਂਡੂ ਓਲੰਪਿਕ ‘ਚ ਵਾਪਸੀ

ਲੁਧਿਆਣਾ ਵਿੱਚ ਹੋਣ ਵਾਲੇ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੀ ਵਾਪਸੀ ਹੋਣ ਲਈ ਤਿਆਰ ਹਨ। ਇਸ ਸਾਲ ਕਿਲ੍ਹਾ ਰਾਏਪੁਰ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਸ਼ਾਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਸਾਰੇ ਨਿਯਮਾਂ ਅਤੇ ਸਿਹਤ ਸਹੂਲਤਾਂ ਮੁਤਾਬਕ ਕਰਵਾਈਆਂ ਜਾਣਗੀਆਂ। ਸਾਰੀਆਂ ਸਿਹਤ ਸਹੂਲਤਾਂ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ। ਇਹ ਇਤਿਹਾਸਕ ਖੇਡਾਂ 11 ਸਾਲਾਂ ਬਾਅਦ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ, ਪ੍ਰਬੰਧਕ ਅਤੇ ਪਿੰਡ ਵਾਸੀ ਇਸ ਸਮਾਗਮ ਨੂੰ ਲੈ ਕੇ ਉਤਸ਼ਾਹਿਤ ਹਨ। ਇਹ ਖੇਡਾਂ 30 ਜਨਵਰੀ ਤੋਂ 1 ਫਰਵਰੀ ਤੱਕ ਹੋਣੀਆਂ ਤੈਅ ਹਨ। ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਨਿਯਮਾਂ ਅਤੇ ਕਾਨੂੰਨ ਅਨੁਸਾਰ ਕਰਵਾਈਆਂ ਜਾਣਗੀਆਂ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 2014 ਵਿੱਚ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ, ਜਿਸ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਕੀਤਾ। ਇਸ ਫੈਸਲੇ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਖੇਡਾਂ ਦਾ ਆਯੋਜਨ ਕਰ ਰਹੀ ਹੈ।
ਦੱਸ ਦੇਈਏ ਕਿ ਕਿਲ੍ਹਾ ਰਾਏਪੁਰ ਖੇਡਾਂ ਦੀ ਸ਼ੁਰੂਆਤ ਤੋਂ ਹੀ ਬੈਲ ਗੱਡੀਆਂ ਦੀਆਂ ਦੌੜਾਂ ਇੱਕ ਵੱਡਾ ਆਕਰਸ਼ਣ ਰਹੀਆਂ ਹਨ। ਜਦੋਂ ਕਿਲ੍ਹਾ ਰਾਏਪੁਰ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ &lsquoਤੇ ਪਾਬੰਦੀ ਲਗਾਈ ਗਈ, ਤਾਂ ਖੇਡਾਂ ਨੇ ਆਪਣਾ ਆਕਰਸ਼ਣ ਗੁਆ ਦਿੱਤਾ। ਭਾਰਤ ਅਤੇ ਵਿਦੇਸ਼ਾਂ ਤੋਂ ਸੈਲਾਨੀਆਂ ਨੇ ਆਉਣਾ ਬੰਦ ਕਰ ਦਿੱਤਾ।