ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਖੇਡੇਗਾ ਟੀ-20 ਵਿਸ਼ਵ ਕੱਪ

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਦੀ ਟੀਮ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਕਰ ਲਿਆ ਹੈ। ਆਈਸੀਸੀ ਨੇ ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੂੰ ਅਧਿਕਾਰਤ ਤੌਰ &rsquoਤੇ ਸੂਚਿਤ ਕਰ ਦਿੱਤਾ ਹੈ। ਇਹ ਫੈਸਲਾ ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਦੁਬਈ ਵਿੱਚ ਲਿਆ ਤੇ ਇਸ ਸਬੰਧੀ ਦੇਰ ਸ਼ਾਮ ਬੀਸੀਬੀ ਦੇ ਚੇਅਰਮੈਨ ਅਮੀਨੁਲ ਇਸਲਾਮ ਬੁਲਬੁਲ ਨੂੰ ਈਮੇਲ ਭੇਜ ਕੇ ਗਲੋਬਲ ਬਾਡੀ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ।


ਆਈਸੀਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਸੀਬੀ ਦੇ ਚੇਅਰਮੈਨ ਨੂੰ ਕੱਲ੍ਹ ਸ਼ਾਮ ਇੱਕ ਈਮੇਲ ਭੇਜੀ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਬੋਰਡ ਨੇ 24 ਘੰਟੇ ਦੀ ਸਮਾਂ ਸੀਮਾ ਤੋਂ ਬਾਅਦ ਅਧਿਕਾਰਤ ਤੌਰ &rsquoਤੇ ਆਈਸੀਸੀ ਨਾਲ ਸੰਪਰਕ ਨਹੀਂ ਕੀਤਾ ਤੇ ਨਾ ਹੀ ਭਾਰਤ ਖੇਡਣ ਆਉਣ ਬਾਰੇ ਦੱਸਿਆ। ਬੰਗਲਾਦੇਸ਼ ਵਲੋਂ ਭਾਰਤ ਵਿਚ ਖੇਡਣ ਤੋਂ ਇਨਕਾਰ ਕਰਨ &rsquoਤੇ ਸਕਾਟਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਵਿਚ ਬੰਗਲਾਦੇਸ਼ ਦੀ ਥਾਂ ਸ਼ਾਮਲ ਕੀਤਾ ਗਿਆ ਹੈ।

ਇਸ ਤਰ੍ਹਾਂ ਸਕਾਟਲੈਂਡ ਆਪਣੇ ਚਾਰ ਗਰੁੱਪ ਲੀਗ ਮੈਚ ਵੈਸਟ ਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ) ਅਤੇ ਇੰਗਲੈਂਡ (14 ਫਰਵਰੀ) ਵਿਰੁੱਧ ਕੋਲਕਾਤਾ ਵਿੱਚ ਖੇਡੇਗਾ ਅਤੇ ਉਸ ਤੋਂ ਬਾਅਦ 17 ਫਰਵਰੀ ਨੂੰ ਮੁੰਬਈ ਵਿੱਚ ਨੇਪਾਲ ਵਿਰੁੱਧ ਮੈਚ ਖੇਡੇਗਾ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਵੇਂ ਆਈਸੀਸੀ ਦੀ ਵਿਵਾਦ ਨਿਪਟਾਰਾ ਕਮੇਟੀ (ਡੀਆਰਸੀ) ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਭਾਰਤ ਦੀ ਥਾਂ ਸ੍ਰੀਲੰਕਾ ਵਿੱਚ ਟੀ-20 ਵਿਸ਼ਵ ਕੱਪ ਮੈਚ ਕਰਵਾਉਣ ਬਾਰੇ ਫੈਸਲਾ ਲਵੇ ਪਰ ਬੰਗਲਾਦੇਸ਼ ਦੀ ਅਪੀਲ &rsquoਤੇ ਸੁਣਵਾਈ ਨਹੀਂ ਹੋਵੇਗੀ ਕਿਉਂਕਿ ਇਹ ਮਾਮਲਾ ਇਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।