ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ ਨੂੰ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਨ ਵਜੋਂ ਮਨਾਇਆ, ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕੀਤਾ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਦੁਹਰਾਇਆ ਪ੍ਰਣ

 
ਫਰੈਂਕਫੋਰਟ - 26 ਜਨਵਰੀ ਨੂੰ ਭਾਰਤ ਦੇ ਅਖੌਤੀ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਭਾਰਤੀ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲ਼ੰਘਣਾ ਦੇ ਖਿਲਾਫ ਖਾਲਿਸਤਾਨੀ ਝੰਡੇ ਹੇਠ ਭਾਰਤੀ ਕੌਂਸਲੇਟ ਫਰੈਕਫੋਰਟ ਦਾ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ।
  ਦੇਸ਼ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਵਾਸਤੇ ਜਰਮਨ ਦੀਆਂ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਚਾਰ ਦਿੰਦਿਆਂ ਕਿਹਾ ਕਿ ਅੱਜ ਭਾਰਤ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਦੀ 77 ਵੀਂ  ਵਰ੍ਹੇਗੰਢ ਦੇ ਜਸ਼ਨਾਂ ਨੂੰ ਮਨਾ ਰਿਹਾ ਹੈ । ਇਹਨਾਂ ਜਸ਼ਨਾਂ ਦਾ ਹੱਕ ਸਿੱਖ ਕੌਮ ਨੇ 82% ਕੁਰਬਾਨੀਆਂ ਕਰਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਕੇ ਦੁਆਇਆ ਸੀ ਤੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਆਗੂਆਂ ਨੇ ਸਿੱਖ ਕੌਮ ਨੂੰ ਭਾਰਤ ਅੰਦਰ ਇੱਕ ਅਜ਼ਾਦ ਖਿੱਤਾ ਦੇਣ ਦਾ ਜੋ ਵਾਇਦਾ ਕੀਤਾ ਕਿ ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ ਪਰ ਇਸ ਤੋਂ ਮੁਨਕਰ ਹੋ ਕੇ ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਵੱਖਰੀ ਕੌਮ ਮੰਨਣ ਤੋਂ ਹੀ ਇਨਕਾਰੀ ਹੋ ਕੇ ਸਿੱਖਾਂ ਨਾਲ ਧੋਖਾ ਤੇ ਵਿਸ਼ਵਾਸਘਾਤ ਕੀਤਾ ਗਿਆ ।
  ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਵਾਲੀ ਮੰਨੂਵਾਦੀ ਸੋਚ ਨੇ ਘੱਟਗਿਣਤੀਆਂ, ਆਦਿ-ਵਾਸੀਆਂ ਤੇ ਖਾਸ ਕਰਕੇ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਤੇ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ  । ਅੱਜ ਮੰਨੂਵਾਦੀ ਸੋਚ ਦੀ ਧਾਰਨੀ ਭਾਜਪਾਈ ਮੋਦੀ ਸਰਕਾਰ ਕਸਮ ਤਾਂ ਸੰਵਿਧਾਨ ਦੀ ਚੁੱਕਦੇ ਹਨ ਪਰ ਇਹਨਾਂ ਦੇ ਅਮਲ ਮੰਨੂਸਿਮਰਤੀ ਨੂੰ ਲਾਗੂ ਕਰਨ ਵੱਲ ਵੱਧ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਸਿੱਖੀ ਸਿਧਾਤਾਂ ਤੇ ਪਹਿਰਾਂ ਦੇਣ ਵਾਲੇ ਜਾਗਦੀ ਜ਼ਮੀਰ ਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਆਪਾ ਵਾਰ ਗਏ ਸਮੂਹ ਸ਼ਹੀਦਾਂ ਦੇ ਪਵਿੱਤਰ ਸੁਪਨੇ ਲਈ ਜਰਮਨ ਦੇ ਕਾਨੂੰਨ ਵਿੱਚ ਰਹਿੰਦੇ ਹੋਏ ਆਖ਼ਰੀ ਸੁਆਸਾਂ ਤੱਕ   ਹਿੰਦੂਵਾਦੀਆਂ ਦੇ ਜ਼ੁਲਮਾਂ ਖਿਲਾਫ ਤੇ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਅਵਾਜ ਬੁਲੰਦ ਕਰਦੇ ਰਹਾਂਗੇ ।ਅੱਜ ਜੋ ਸਿੱਖਾਂ ਦੇ ਘਰ ਜਨਮ ਲੈ ਕੇ ਜਾ ਸ਼ਕਲੋ ਸੂਰਤੋ ਲੱਗ ਰਹੇ ਸਿੱਖ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਤੇ ਇਸ ਵਾਸਤੇ ਤਨੋ ਮਨੋ ਧੰਨੋ ਸਮਰਪਿਤ ਹੋ ਕੇ ਸੰਘਰਸ਼ਸ਼ੀਲਾਂ ਦੇ ਖਿਲਾਫ   ਸਿੱਖਾਂ ਤੇ ਘੱਟਗਿਣਤੀ ਕੌਮਾਂ ਉਪੱਰ ਜ਼ੁਲਮ ਕਰਨ ਵਾਲੀਆਂ ਹਕੂਮਤਾਂ ਦੇ ਭੌਂਕੇ ਬਣ ਬੋਲਦੇ ਹਨ ਇਹ ਉਹਨਾਂ ਡੋਗਰਿਆਂ ਦੀ ਅਨਸ ਬੰਸ ਵਿੱਚੋ ਹਨ ਜਿਹਨਾਂ ਨੇ ਸਿੱਖ ਰਾਜ ਨਾਲ ਗਦਾਰੀ ਕੀਤੀ ਸੀ ।
  ਅੱਜ ਭਾਰਤੀ ਕਾਨੂੰਨ ਸਿੱਖਾਂ ਤੇ ਘੱਟ ਗਿਣਤੀ ਲਈ ਹੋਰ ਤੇ ਬਹੁ-ਗਿਣਤੀਆਂ ਵਾਸਤੇ ਹੋਰ ਹਨ ਜਿਸ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇੱਕ ਸਿੱਖ ਕੌਮ ਦੇ ਸਿਆਸੀ ਕੈਦੀ ਹਨ ਜੋ ਇਸ ਦੇ ਕਾਲੇ ਕਾਨੂੰਨਾਂ ਤਹਿਤ ਉਮਰ ਕੈਦ ਦੀਆਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਤੋ ਬਾਅਦ ਵੀ ਉਹਨਾਂ ਦੀ ਰਿਹਾਈ ਲਈ ਸਿੱਖਾਂ ਤੋਂ ਤਰਲੇ ਤੇ ਲੇਲੜੀਆਂ ਕਢਾਈਆਂ ਜਾ ਰਹੀਆਂ ਹਨ ।
  ਰੋਹ ਮੁਜ਼ਾਹਰੇ ਵਿੱਚ ਸ਼ਾਮਲ ਸਮੂਹ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਅਵਾਜ਼ ਬੁਲੰਦ ਕੀਤੀ ਕਿ ਭਾਰਤ ਸਰਕਾਰ ਦੀਆਂ ਬੇਇਨਸਾਫ਼ੀਆਂ ਤੇ ਧੱਕਿਆਂ ਧੋਖਿਆਂ ਦਾ ਹੱਲ ਸਿੱਖ ਕੌਮ ਦਾ ਅਜ਼ਾਦ ਘਰ ਖਾਲਿਸਤਾਨ ਹੈ । ਹੱਕ ਸੱਚ ਇਨਸਾਫ਼ ਦੇ ਹਾਮੀਆਂ ਨੂੰ ਅਪੀਲ ਹੈ ਕਿ    ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ ।
  ਰੋਹ ਮੁਜ਼ਾਹਰੇ ਵਿੱਚ ਸ਼ਾਮਲ ਸਮੂਹ ਬੁਲਾਰਿਆਂ ਵੱਲੋਂ ਇੱਕਜੁੱਟ ਹੋ ਕੇ ਭਾਰਤੀ ਏਜੰਸੀਆਂ ਵੱਲੋਂ ਸਿੱਖ ਆਗੂਆਂ ਨੂੰ ਸ਼ਹੀਦ ਕਰਕੇ ਵਿਦੇਸ਼ਾਂ ਵਿੱਚੋਂ ਅਜ਼ਾਦੀ ਦੀਆਂ ਉਠਦੀਆਂ ਅਵਾਜ਼ਾਂ ਦਬਾਉਣ ਤੇ ਡਰ ਸਹਿਮ ਪੈਦਾ ਕਰਨ ਦੇ ਘਿਨਾਉਣੇ ਚੇਹਰੇ ਨੂੰ ਅਮਰੀਕਾ ਕਨੇਡਾ ਤੇ ਸਹਿਯੋਗੀ ਦੇਸ਼ਾਂ ਵੱਲੋਂ ਨੰਗਾ ਕਰਨ ਦੀ ਸ਼ਲਾਘਾ ਕੀਤਾ ਤੇ ਯਾਦ ਕਰਵਾਇਆ ਕਿ ਜਰਮਨ ਦੀਆਂ ਖਫੀਆਂ ਏਜੰਸੀਆਂ ਪਹਿਲਾਂ ਹੀ ਭਾਰਤੀ ਜਾਸੂਸਾਂ ਦੀ ਨਿਸ਼ਾਨਦੇਹੀ ਕਰ ਚੁੱਕੀਆਂ ਹਨ ।ਬੁਲਾਰਿਆਂ ਨੇ ਐਲਾਨ ਕੀਤਾ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਖਾਲਿਸਤਾਨ ਦੀ ਅਜ਼ਾਦੀ ਤੱਕ ਆਪਣੀ ਅਵਾਜ ਬੁਲੰਦ ਕਰਦੇ ਰਹਿਣਗੇ ।
  ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਦਿਆਲ ਸਿੰਘ ਲਾਲੀ, ਦਲ ਖਾਲਸਾ ਭਾਈ ਹਰਮੀਤ ਸਿੰਘ, ਭਾਈ ਗੁਰਦੀਪ ਸਿੰਘ ਪ੍ਰਦੇਸੀ,ਭਾਈ ਅੰਗਰੇਜ ਸਿੰਘ , ਬੱਬਰ ਖਾਲਸਾ ਜਰਮਨੀ: ਦੇ , ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਗੁਰਪਾਲ ਸਿੰਘ ਬੱਬਰ ,ਭਾਈ ਲਖਵਿੰਦਰ ਸਿੰਘ ਮੱਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ , ਭਾਈ ਦਲਜੀਤ ਸਿੰਘ ਜਰਮਨੀ, ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਪ੍ਰਿਥੀਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਮਾਹਲ , ਭਾਈ ਅਵਤਾਰ ਸਿੰਘ ਹੁੰਦਲ , ਭਾਈ ਪ੍ਰਤਾਪ ਸਿੰਘ, ਭਾਈ ਜਤਿੰਦਰ ਸਿੰਘ, ਨੇ ਸ਼ਮੂਲੀਅਤ ਕੀਤੀ ਤੇ ਵਿਚਾਰਾਂ ਦੀ ਸਾਂਝ ਪਾਈ । ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਭਾਰੀ ਬਰਫਬਾਰੀ ਹੋਣ ਦੇ ਬਾਵਜੌੂਦ ਰੋਹ ਮੁਜ਼ਾਹਰੇ ਵਿੱਚ ਪੰਹੁਚਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ।