ਪਾਇਲਟਾਂ ਦੀ ਸੂਝਬੂਝ ਨਾਲ ਟਲੀ ਵੱਡੀ ਅਣਹੋਣੀ, ਪੰਛੀ ਨਾਲ ਟਕਰਾਣ ਮਗਰੋਂ ਜਹਾਜ਼ ਸੁਰੱਖਿਅਤ ਹਵਾਈ ਅੱਡੇ ‘ਤੇ ਉਤਾਰਿਆ


ਲੈਸਟਰ-(ਸੁਖਜਿੰਦਰ ਸਿੰਘ ਢੱਡੇ)-ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਇੰਗਲੈਂਡ ਦੇ ਬ੍ਰਿਸਟਲ ਸ਼ਹਿਰ ਵੱਲ ਆ ਰਹੇ ਇੱਕ
ਯਾਤਰੀ ਜਹਾਜ਼ ਨੂੰ ਉਡਾਣ ਦੌਰਾਨ ਅਚਾਨਕ ਪੈਦਾ ਹੋਏ ਸੰਕਟ ਕਾਰਨ ਆਪਣੀ ਨਿਰਧਾਰਤ ਮੰਜ਼ਿਲ ਤੋਂ ਕਾਫ਼ੀ ਦੂਰ ਹੋਰ ਹਵਾਈ ਅੱਡੇ &lsquoਤੇ ਉਤਾਰਨਾ ਪਿਆ। ਜਾਣਕਾਰੀ ਮੁਤਾਬਕ ਜਹਾਜ਼ ਦੀ ਉਡਾਣ ਦੌਰਾਨ ਪੰਛੀ ਨਾਲ ਟਕਰਾਅ ਹੋ ਗਿਆ, ਜਿਸ ਕਾਰਨ ਇੰਧਨ ਪ੍ਰਣਾਲੀ ਸਬੰਧੀ ਤਕਨੀਕੀ ਸਮੱਸਿਆ ਪੈਦਾ ਹੋ ਗਈ।
ਹਵਾਈ ਕੰਟਰੋਲ ਅਤੇ ਪਾਇਲਟਾਂ ਵੱਲੋਂ ਤੁਰੰਤ ਸਥਿਤੀ ਦਾ ਜਾਇਜ਼ਾ ਲੈਂਦਿਆਂ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਜਹਾਜ਼ ਨੂੰ ਬ੍ਰਿਸਟਲ ਹਵਾਈ ਅੱਡੇ ਦੀ ਬਜਾਏ ਲਗਭਗ ਇਕ ਸੌ ਅੱਸੀ ਮੀਲ ਦੂਰ ਸਥਿਤ ਲਿਵਰਪੂਲ ਜੋਹਨ ਲੈਨਨ ਹਵਾਈ ਅੱਡੇ ਵੱਲ ਮੋੜਿਆ ਗਿਆ। ਜਹਾਜ਼ ਨੂੰ ਉੱਥੇ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ ਗਿਆ।
ਹਵਾਈ ਅਧਿਕਾਰੀਆਂ ਅਨੁਸਾਰ ਪੰਛੀਆਂ ਨਾਲ ਟਕਰਾਅ ਹਵਾਈ ਯਾਤਰਾ ਦੌਰਾਨ ਵਾਪਰਨ ਵਾਲੀਆਂ ਆਮ ਘਟਨਾਵਾਂ ਵਿੱਚੋਂ ਇੱਕ ਹੈ, ਪਰ ਇਸ ਮਾਮਲੇ ਵਿੱਚ ਪਾਇਲਟਾਂ ਦੀ ਸੂਝਬੂਝ ਅਤੇ ਤੁਰੰਤ ਫੈਸਲੇ ਨੇ ਵੱਡੇ ਹਾਦਸੇ ਤੋਂ ਬਚਾਅ ਕਰ ਲਿਆ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਉਤਰਨ ਮਗਰੋਂ ਯਾਤਰੀਆਂ ਨੂੰ ਹਵਾਈ ਅੱਡੇ &lsquoਤੇ ਕੁਝ ਸਮਾਂ ਉਡੀਕ ਕਰਵਾਈ ਗਈ, ਜਿੱਥੇ ਉਨ੍ਹਾਂ ਲਈ ਬਦਲਵੀਂ ਯਾਤਰਾ ਅਤੇ ਰਹਿਣ-ਸਹਿਣ ਦੇ ਪ੍ਰਬੰਧ ਕੀਤੇ ਗਏ। ਹਵਾਈ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਜਤਾਇਆ ਗਿਆ ਅਤੇ ਕਿਹਾ ਗਿਆ ਕਿ ਜਹਾਜ਼ ਦੀ ਪੂਰੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਹਵਾਈ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧ, ਪਾਇਲਟਾਂ ਦੀ ਤਿਆਰੀ ਅਤੇ ਤੁਰੰਤ ਫੈਸਲੇ ਕਿੰਨੇ ਮਹੱਤਵਪੂਰਨ ਹੁੰਦੇ ਹਨਜਿਨ੍ਹਾਂ ਨਾਲ ਸੰਕਟ ਦੀ ਘੜੀ ਵਿੱਚ ਸੈਂਕੜੇ ਯਾਤਰੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।