1100 ਕਰੋੜ ਦੇ ਕੌਮਾਂਤਰੀ ਸਾਈਬਰ ਘੁਟਾਲੇ ਦਾ ਪਰਦਾਫਾਸ਼ ਇੱਕ ਗ੍ਰਿਫ਼ਤਾਰ
_28Jan26080309AM.jfif)
ਰਾਜਸਥਾਨ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ 1,100 ਕਰੋੜ ਰੁਪਏ ਦੇ ਵਿਸ਼ਾਲ ਸਾਈਬਰ ਅਪਰਾਧ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਲੁਧਿਆਣਾ ਦੇ ਸੰਦੀਪ ਭੱਟ ਸਮੇਤ ਛੇ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਖੇਡ ਦੇ ਮਾਸਟਰਮਾਈਂਡ ਚਾਰ ਮਲੇਸ਼ੀਅਨ ਨਾਗਰਿਕ ਹਨ, ਜੋ ਕੰਬੋਡੀਆ ਵਿੱਚ ਬੈਠ ਕੇ ਚੀਨੀ ਗੈਂਗਾਂ ਦੀ ਮਦਦ ਨਾਲ ਕਾਲ ਸੈਂਟਰ ਚਲਾ ਰਹੇ ਸਨ। ਇਹ ਗੈਂਗ ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉੱਥੇ ਬੁਲਾਉਂਦੇ ਸਨ ਅਤੇ ਫਿਰ ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਕਰਕੇ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਨਾਲ ਠੱਗੀ ਮਾਰਨ ਲਈ ਮਜਬੂਰ ਕਰਦੇ ਸਨ। ਪੁਲੀਸ ਨੇ ਇਸ ਰੈਕੇਟ ਨਾਲ ਜੁੜੇ 5,000 ਤੋਂ ਵੱਧ ਫਰਜ਼ੀ ਸਿਮ ਕਾਰਡ ਅਤੇ ਵਟਸਐਪ ਅਕਾਊਂਟ ਬਲਾਕ ਕਰ ਦਿੱਤੇ ਹਨ। ਇਸ ਘੁਟਾਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਜੋਧਪੁਰ ਪੁਲੀਸ ਨੇ ਇੱਕ ਸਿਮ ਕਾਰਡ ਰਾਹੀਂ ਤੇਲੰਗਾਨਾ ਦੇ ਇੱਕ ਵਿਅਕਤੀ ਨਾਲ ਹੋਈ 8.9 ਕਰੋੜ ਰੁਪਏ ਦੀ ਠੱਗੀ ਦੀ ਜਾਂਚ ਸ਼ੁਰੂ ਕੀਤੀ।
ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਟਰੈਕਿੰਗ ਅਨੁਸਾਰ, ਸਤੰਬਰ ਤੋਂ ਨਵੰਬਰ 2025 ਦਰਮਿਆਨ ਕੰਬੋਡੀਆ ਵਿੱਚ ਲਗਭਗ 36,000 ਭਾਰਤੀ ਸਿਮ ਕਾਰਡ ਸਰਗਰਮ ਸਨ, ਜਿਨ੍ਹਾਂ ਰਾਹੀਂ ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।