ਅਮਰੀਕਾ ’ਚ 55 ਮਿਲੀਅਨ ਡਾਲਰ ਦੇ ਸੋਨੇ ਦਾ ਘਪਲਾ, 5 ਭਾਰਤੀ ਗ੍ਰਿਫ਼ਤਾਰ

ਡੈਲਸ: ਅਮਰੀਕਾ ਵਿੱਚ ਭਾਰਤੀ ਸੁਨਿਆਰਿਆਂ ਦੇ ਠਿਕਾਣਿਆਂ &rsquoਤੇ ਪਏ ਛਾਪਿਆਂ ਦੌਰਾਨ 55 ਮਿਲੀਅਨ ਡਾਲਰ ਮੁੱਲ ਦੇ ਸੋਨੇ ਦੇ ਵੱਡੇ ਘਪਲੇ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਮਾਮਲੇ ਵਿੱਚ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਟੈਕਸਸ ਦੇ ਅਰਵਿੰਗ ਸ਼ਹਿਰ ਵਿੱਚ ਸਥਿਤ ਤਿਲਕ ਜਿਊਲਰਜ਼ ਅਤੇ ਫਰਿਸਕੋ ਵਿੱਚ ਸਾਇਮਾ ਜਿਊਲਰਜ਼ &rsquoਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਛਾਪੇ ਮਾਰ ਕੇ ਕਰੋੜਾਂ ਡਾਲਰ ਨਕਦ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਨੂੰ ਟਿਕਾਣੇ &rsquoਤੇ ਲਿਜਾਣ ਲਈ ਟਰੱਕ ਤੱਕ ਮੰਗਵਾਉਣਾ ਪਿਆ।

ਕੌਲਿਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨਾਲ ਲਗਾਤਾਰ ਹੋ ਰਹੀਆਂ ਠੱਗੀਆਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਸ਼ੱਕੀਆਂ ਤੱਕ ਪਹੁੰਚਣ ਲਈ ਪੁਲਿਸ ਨੂੰ ਕਰੀਬ ਇੱਕ ਸਾਲ ਦਾ ਸਮਾਂ ਲੱਗਿਆ।

ਪਿਛਲੇ ਸਾਲ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਰਾਧਾਕ੍ਰਿਸ਼ਨਾ ਯੇਰਮਨੇਨੀ ਨੂੰ ਠੱਗੀ ਗਿਰੋਹ ਦਾ ਸਰਗਣਾ ਦੱਸਿਆ ਜਾ ਰਿਹਾ ਹੈ। ਉਸ ਦੇ ਨਾਲ ਪ੍ਰੰਜਲ ਜਿਗਨੇਸ਼ ਕੁਮਾਰ ਪਟੇਲ, ਸਿਮਰਜੀਤ ਸਿੰਘ ਗਿੱਲ, ਸਤੀਸ਼ ਅੰਮ੍ਰਿਤਲਾਲ ਕੁਮਾਰ ਪਟੇਲ ਅਤੇ ਅਰਪਿਤ ਦੇਸਾਈ ਨੂੰ ਵੀਰਵਾਰ ਨੂੰ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।

ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਹਾਸਲ ਕੀਤਾ ਜਾਂਦਾ ਸੀ ਸੋਨਾ

ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਠੱਗ ਬਜ਼ੁਰਗਾਂ ਨੂੰ ਧਮਕੀ ਭਰੀਆਂ ਈ-ਮੇਲਾਂ ਭੇਜ ਕੇ ਡਰਾਉਂਦੇ ਸਨ। ਇਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਸੀ ਕਿ ਉਨ੍ਹਾਂ &rsquoਤੇ ਮਨੀ ਲਾਂਡਰਿੰਗ ਜਾਂ ਨਸ਼ਾ ਤਸਕਰੀ ਵਰਗੇ ਗੰਭੀਰ ਦੋਸ਼ ਲੱਗੇ ਹਨ ਅਤੇ ਜੇ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਗ੍ਰਿਫ਼ਤਾਰੀ ਹੋ ਜਾਵੇਗੀ।

ਧਮਕੀਆਂ ਦੇ ਤਹਿਤ ਬਜ਼ੁਰਗਾਂ ਨੂੰ ਅਕਸਰ ਸੋਨੇ ਦੇ ਬਾਰ ਜਾਂ ਬਿਸਕੁਟ ਖਰੀਦਣ ਲਈ ਕਿਹਾ ਜਾਂਦਾ ਸੀ। ਬਾਅਦ ਵਿੱਚ ਠੱਗ ਸਰਕਾਰੀ ਅਧਿਕਾਰੀ ਬਣ ਕੇ ਉਨ੍ਹਾਂ ਦੇ ਘਰ ਪਹੁੰਚਦੇ ਅਤੇ ਸੋਨਾ ਇਕੱਠਾ ਕਰ ਕੇ ਤਿਲਕ ਜਿਊਲਰਜ਼ ਅਤੇ ਸਾਇਮਾ ਜਿਊਲਰਜ਼ ਤੱਕ ਪਹੁੰਚਾ ਦਿੰਦੇ।

ਇਹ ਸੋਨਾ ਪਿਘਲਾ ਕੇ ਗਹਿਣੇ ਤਿਆਰ ਕੀਤੇ ਜਾਂਦੇ ਸਨ, ਜੋ ਸਥਾਨਕ ਤੌਰ &rsquoਤੇ ਵੀ ਵੇਚੇ ਜਾਂਦੇ ਅਤੇ ਕੁਝ ਗਹਿਣੇ ਅਮਰੀਕਾ ਤੋਂ ਬਾਹਰ ਵੀ ਭੇਜੇ ਜਾਂਦੇ ਸਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਕਰੋੜਾਂ ਡਾਲਰ ਦੇ ਘਪਲੇ ਵਿੱਚ ਸ਼ਾਮਲ ਹਰ ਮੈਂਬਰ ਨੂੰ ਵੱਖ-ਵੱਖ ਹਿੱਸਾ ਮਿਲਦਾ ਸੀ।