ਹਸਪਤਾਲਾਂ ’ਚ ਨੋਰੋਵਾਇਰਸ ਦਾ ਭਿਆਨਕ ਫੈਲਾਅ, ਲਗਭਗ ਹਜ਼ਾਰ ਮਰੀਜ਼ ਦਾਖ਼ਲ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਭਰ ਦੇ ਹਸਪਤਾਲਾਂ ਵਿੱਚ ਨੋਰੋਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਸਿਹਤ ਪ੍ਰਣਾਲੀ ਗੰਭੀਰ ਦਬਾਅ ਹੇਠ ਆ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲਗਭਗ ਇੱਕ ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਕੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਏ ਗਏ ਹਨ, ਜਿਸ ਨਾਲ ਐਮਰਜੈਂਸੀ ਸੇਵਾਵਾਂ ਅਤੇ ਵਾਰਡਾਂ &rsquoਤੇ ਬੋਝ ਕਾਫ਼ੀ ਵਧ ਗਿਆ ਹੈ।
ਸਿਹਤ ਅਧਿਕਾਰੀਆਂ ਅਨੁਸਾਰ ਨੋਰੋਵਾਇਰਸ, ਜੋ ਕਿ ਉਲਟੀਆਂ, ਦਸਤ, ਬੁਖ਼ਾਰ ਅਤੇ ਸਰੀਰ ਵਿੱਚ ਕਮਜ਼ੋਰੀ ਵਰਗੇ ਲੱਛਣ ਪੈਦਾ ਕਰਦਾ ਹੈ, ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਅਤੇ ਪਹਿਲਾਂ ਤੋਂ ਬਿਮਾਰ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਸਰਦੀ ਦੇ ਮੌਸਮ ਵਿੱਚ ਲੋਕਾਂ ਦਾ ਘਰਾਂ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਅਤੇ ਭੀੜਭਾੜ ਵਾਲੇ ਥਾਵਾਂ &rsquoਤੇ ਆਵਾਜਾਈ ਵਧਣ ਨਾਲ ਇਸ ਵਾਇਰਸ ਦੇ ਫੈਲਾਅ ਨੂੰ ਹੋਰ ਤੇਜ਼ੀ ਮਿਲੀ ਹੈ।
NHS ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੋਰੋਵਾਇਰਸ ਦੇ ਮਾਮਲੇ ਪਿਛਲੇ ਹਫ਼ਤੇ ਦੇ ਮੁਕਾਬਲੇ ਕਰੀਬ 15 ਫ਼ੀਸਦੀ ਵਧੇ ਹਨ। ਇਸ ਸਥਿਤੀ ਦੇ ਮੱਦੇਨਜ਼ਰ ਕਈ ਹਸਪਤਾਲਾਂ ਵਿੱਚ ਵਾਰਡ ਅਸਥਾਈ ਤੌਰ &rsquoਤੇ ਬੰਦ ਕਰਨੇ ਪਏ ਹਨ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਕਈ ਥਾਵਾਂ &rsquoਤੇ ਗੈਰ-ਜ਼ਰੂਰੀ ਆਪਰੇਸ਼ਨ ਅਤੇ ਇਲਾਜ ਮੂਲਤਵੀ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਭਾਗਾਂ ਵਿੱਚ ਐਂਬੂਲੈਂਸਾਂ ਦੀ ਲੰਮੀ ਕਤਾਰਾਂ ਲੱਗ ਰਹੀਆਂ ਹਨ ਅਤੇ ਸਟਾਫ਼ ਨੂੰ ਦਿਨ-ਰਾਤ ਮਿਹਨਤ ਕਰਨੀ ਪੈ ਰਹੀ ਹੈ। ਡਾਕਟਰਾਂ ਅਤੇ ਨਰਸਾਂ ਦੀ ਘਾਟ ਪਹਿਲਾਂ ਹੀ ਸਿਹਤ ਸੇਵਾਵਾਂ ਲਈ ਚੁਣੌਤੀ ਬਣੀ ਹੋਈ ਸੀ, ਜਿਸ &rsquoਚ ਨੋਰੋਵਾਇਰਸ ਦੇ ਵਧਦੇ ਮਾਮਲਿਆਂ ਨੇ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਮਾਰੀ ਦੇ ਲੱਛਣ ਦਿੱਖਣ &rsquoਤੇ ਤੁਰੰਤ ਘਰ ਵਿੱਚ ਰਹਿਣ, ਘੱਟੋ-ਘੱਟ 48 ਘੰਟੇ ਤੱਕ ਸਕੂਲ ਜਾਂ ਕੰਮਕਾਜ &rsquoਤੇ ਨਾ ਜਾਣ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਆਦਤ ਅਪਣਾਈ ਜਾਵੇ। ਖਾਣ-ਪੀਣ ਦੀਆਂ ਵਸਤਾਂ ਦੀ ਸਫ਼ਾਈ ਅਤੇ ਸਾਂਝੀਆਂ ਥਾਵਾਂ ਦੀ ਨਿਯਮਿਤ ਸੈਨੇਟਾਈਜ਼ੇਸ਼ਨ &rsquoਤੇ ਵੀ ਜ਼ੋਰ ਦਿੱਤਾ ਗਿਆ ਹੈ।
ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਾਲਾਤਾਂ &rsquoਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ &rsquoਤੇ ਵਾਧੂ ਕਦਮ ਚੁੱਕਣ ਦੇ ਸੰਕੇਤ ਵੀ ਦਿੱਤੇ ਗਏ ਹਨ।