ਬ੍ਰਿਸਟਲ ਅਜਾਇਬਘਰ ’ਚ 600 ਤੋਂ ਵੱਧ ਬ੍ਰਿਟਿਸ਼ ਸਾਮਰਾਜੀ ਵਸਤੂਆਂ ਚੋਰੀ ਕਰਨ ਦੇ ਦੋਸ ਚ ਇੱਕ ਵਿਅਕਤੀ ਗ੍ਰਿਫ਼ਤਾਰ,ਚਾਰ ਦੀ ਭਾਲ ਜਾਰੀ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਵਿਚ ਸੱਭਿਆਚਾਰਕ ਵਿਰਾਸਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀ ਵੱਡੀ ਚੋਰੀ ਦੀ ਘਟਨਾ ਦੇ ਸਬੰਧ ਚ ਇੱਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ, ਜਦਕਿ ਚਾਰ ਲੋਕ ਅਜੇ ਫ਼ਰਾਰ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਈ ਇਸ ਵੱਡੀ ਚੋਰੀ ਵਿੱਚ 600 ਤੋਂ ਵੱਧ ਮਹੱਤਵਪੂਰਨ ਇਤਿਹਾਸਕ ਵਸਤੂਆਂ ਚੋਰੀ ਹੋਈਆਂ ਸਨ,
ਜਿਨ੍ਹਾਂ ਚ ਫੌਜੀ ਮੈਡਲ, ਬੈਜ ਅਤੇ ਪਿਨ, ਸੋਨੇ ਅਤੇ ਰਜਤ ਦੀਆਂ ਗਹਿਣੇ, ਕੱਟੇ ਹੋਏ ਹੱਥੀ ਦੇ ਸਿੰਗ ਦੀਆਂ ਚੀਜ਼ਾਂ,ਕਾਂਸੀ ਅਤੇ ਸਿਲਵਰ ਦੇ ਸੂਰਮੇ ਦੇ ਨਮੂਨੇ, ਕੁਦਰਤੀ ਇਤਿਹਾਸਕ ਸਮੱਗਰੀ, ਜਿਵੇਂ ਭੂਗੋਲਕ ਨਮੂਨੇ ਆਦਿ ਕਿਮਤੀ ਵਸਤੂਆਂ ਸ਼ਾਮਲ ਸਨ।
ਜਿਹੜੀਆਂ ਬ੍ਰਿਟਿਸ਼ ਸਾਮਰਾਜ ਅਤੇ ਕੋਮਨਵੈਲ्थ ਨਾਲ ਸਬੰਧਤ ਸਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਚੋਰੀ ਨਾਲ ਸਬੰਧਿਤ ਨਵੀਂ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਗਈ ਹੈ।
ਪੁਲਿਸ ਅਨੁਸਾਰ ਇਹ ਚੋਰੀ ਬੜੀ ਯੋਜਨਾ ਅਤੇ ਪੇਸ਼ਾਵਰ ਢੰਗ ਨਾਲ ਕੀਤੀ ਗਈ, ਜਿਸ ਕਾਰਨ ਅਜਾਇਬਘਰ ਦੀ ਸੁਰੱਖਿਆ ਪ੍ਰਣਾਲੀ &rsquoਤੇ ਵੀ ਉਂਗਲੀ ਉੱਠ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਸ਼ੱਕੀ ਵਿਅਕਤੀ ਨੂੰ ਅਜਾਇਬਘਰ ਦੇ ਅੰਦਰ ਆਵਾਜਾਈ ਕਰਦਿਆਂ ਵੇਖਿਆ ਜਾ ਸਕਦਾ ਹੈ, ਜੋ ਚੋਰੀ ਦੇ ਸਮੇਂ ਮੌਜੂਦ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੁਟੇਜ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਅਹੰਮ ਸਾਬਤ ਹੋ ਸਕਦੀ ਹੈ।
ਚੁਰਾਈਆਂ ਗਈਆਂ ਵਸਤੂਆਂ ਵਿੱਚ ਇਤਿਹਾਸਕ ਮਹੱਤਵ ਵਾਲੀਆਂ ਧਾਤੂ ਚੀਜ਼ਾਂ, ਸਿੱਕੇ, ਗਹਿਣੇ ਅਤੇ ਹੋਰ ਦੁਰਲੱਭ ਨਮੂਨੇ ਸ਼ਾਮਲ ਦੱਸੇ ਜਾ ਰਹੇ ਹਨ, ਜੋ ਬ੍ਰਿਟਿਸ਼ ਸਾਮਰਾਜ ਦੇ ਵੱਖ-ਵੱਖ ਦੌਰਾਂ ਨਾਲ ਸਬੰਧਤ ਹਨ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਵਸਤੂਆਂ ਦੀ ਕੁੱਲ ਕੀਮਤ ਲੱਖਾਂ ਪੌਂਡ ਹੋ ਸਕਦੀ ਹੈ।
ਅਜਾਇਬਘਰ ਪ੍ਰਬੰਧਨ ਵੱਲੋਂ ਕਿਹਾ ਗਿਆ ਹੈ ਕਿ ਚੋਰੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਅੰਦਰੂਨੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਹਰਾਈ ਨਾ ਜਾ ਸਕੇ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਕੀ ਇਸ ਚੋਰੀ ਪਿੱਛੇ ਕੋਈ ਅੰਤਰਰਾਸ਼ਟਰੀ ਗਿਰੋਹ ਸ਼ਾਮਲ ਹੈ। ਨਾਲ ਹੀ ਚੁਰਾਈ ਗਈਆਂ ਵਸਤੂਆਂ ਨੂੰ ਬਰਾਮਦ ਕਰਨ ਲਈ ਦੇਸ਼-ਵਿਦੇਸ਼ ਦੀਆਂ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।
ਸੱਭਿਆਚਾਰਕ ਅਤੇ ਇਤਿਹਾਸਕ ਮਾਹਿਰਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਚੋਰੀਆਂ ਨਾਲ ਸਿਰਫ਼ ਆਰਥਿਕ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਕੌਮੀ ਵਿਰਾਸਤ ਨੂੰ ਵੀ ਅਪੂਰਣਯੋਗ ਹਾਨੀ ਪਹੁੰਚਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਾਇਬਘਰਾਂ ਦੀ ਸੁਰੱਖਿਆ ਲਈ ਸਖ਼ਤ ਨੀਤੀਆਂ ਲਾਗੂ ਕੀਤੀਆਂ ਜਾਣ।