ਮੈਸਾਚੂਸੈਟਸ ਕੋਲ ਅਮਰੀਕਾ ਦੀ ਇਤਿਹਾਸਕ ਕਿਸ਼ਤੀ 'ਲਿੱਲੀ ਜ਼ੀਨ' 7 ਲੋਕਾਂ ਸਮੇਤ ਲਾਪਤਾ, ਐਟਲਾਂਟਿਕ ਮਹਾਂਸਾਗਰ ਵਿੱਚ ਖੋਜ ਜਾਰੀ

ਬੋਸਟਨ : ਮੈਸਾਚੂਸੈਟਸ ਰਾਜ ਦੇ ਤਟ ਤੋਂ ਲਗਭਗ 25 ਮੀਲ ਦੂਰ ਐਟਲਾਂਟਿਕ ਮਹਾਂਸਾਗਰ ਵਿੱਚ ਮੱਛੀ ਫੜਨ ਵਾਲੀ ਪ੍ਰਸਿੱਧ ਕਿਸ਼ਤੀ 'ਲਿੱਲੀ ਜ਼ੀਨ' ਲਾਪਤਾ ਹੋ ਗਈ ਹੈ। ਇਸ 72 ਫੁੱਟ ਲੰਬੀ ਕਿਸ਼ਤੀ 'ਤੇ ਸੱਤ ਲੋਕ ਸਵਾਰ ਸਨ। ਅਮਰੀਕੀ ਕੋਸਟ ਗਾਰਡ ਨੇ ਸ਼ੁੱਕਰਵਾਰ ਸਵੇਰੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ, ਜੋ ਸ਼ਾਮ ਤੱਕ ਜਾਰੀ ਰਹੀ। ਤਟ ਰੱਖਿਆ ਫੌਜ ਅਨੁਸਾਰ, ਸ਼ੁੱਕਰਵਾਰ ਸਵੇਰੇ ਕਰੀਬ 6:50 ਵਜੇ ਕੇਪ ਐਨ ਕੋਲੋਂ ਕਿਸ਼ਤੀ ਵਲੋਂ EPIRB ਐਲਰਟ ਮਿਲਿਆ।
ਕਿਸ਼ਤੀ ਗਲੌਸਟਰ ਬੰਦਰਗਾਹ ਵੱਲ ਵਾਪਸ ਜਾ ਰਹੀ ਸੀ, ਜੋ ਅਮਰੀਕਾ ਦੇ ਸਭ ਤੋਂ ਪੁਰਾਣੇ ਮੱਛੀ ਫੜਨ ਵਾਲ਼ੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ। ਐਲਰਟ ਮਿਲਣ ਤੋਂ ਬਾਅਦ ਤਟ ਰੱਖਿਆ ਨੇ ਕਿਸ਼ਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ।
ਖੋਜ ਮੁਹਿੰਮ ਵਿੱਚ ਹਾਕ ਹੈਲੀਕਾਪਟਰ, ਗਲੌਸਟਰ ਸਟੇਸ਼ਨ ਤੋਂ ਛੋਟੀਆਂ ਕਿਸ਼ਤੀਆਂ ਅਤੇ ਕਟਰ ਥੰਡਰ ਬੇ ਸ਼ਾਮਲ ਹਨ। ਜਾਂਚਕਰਤਿਆਂ ਨੇ ਐਲਰਟ ਵਾਲੀ ਥਾਂ ਕੋਲ ਮਲਬਾ ਲੱਭਿਆ, ਜਿਸ ਵਿੱਚ ਇੱਕ ਲਾਸ਼ ਮਿਲੀ। ਇੱਕ ਖਾਲੀ ਲਾਈਫ ਰਾਫਟ ਵੀ ਮਿਲੀ, ਪਰ ਉਸ 'ਤੇ ਕੋਈ ਨਹੀਂ ਸੀ। ਖੋਜ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੁੰਦਰ ਦੇ ਹਾਲਾਤ ਮੁਸ਼ਕਲ ਹਨ, ਪਰ ਬਚਾਅ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ।