ਸਾਊਥੈਂਪਟਨ ਦੇ ਜਨਰਲ ਹਸਪਤਾਲ ’ਚ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਘੋਸ਼ਿਤ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸਾਊਥਹੈਂਪਟਨ ਸ਼ਹਿਰ ਦੇ ਜਨਰਲ ਹਸਪਤਾਲ ਵਿੱਚ ਅੱਗ ਲੱਗਣ ਤੋਂ ਬਾਅਦ ਹਾਲਾਤ ਗੰਭੀਰ ਬਣ ਗਏ, ਜਿਸ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਵੱਡਾ ਹਾਦਸਾ ਘੋਸ਼ਿਤ ਕਰ ਦਿੱਤਾ ਗਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ, ਅੱਗ ਬੁਝਾਉ ਦਲ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ &rsquoਤੇ ਪਹੁੰਚ ਗਈਆਂ।
ਹਸਪਤਾਲ ਪ੍ਰਸ਼ਾਸਨ ਅਨੁਸਾਰ ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਤੌਰ &rsquoਤੇ ਹਸਪਤਾਲ ਦੇ ਹੋਰ ਹਿੱਸਿਆਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ਾਂ ਅਤੇ ਸਟਾਫ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਅਤੇ ਸਾਰੀ ਕਾਰਵਾਈ ਤੈਅ ਕੀਤੀਆਂ ਐਮਰਜੈਂਸੀ ਯੋਜਨਾਵਾਂ ਅਧੀਨ ਕੀਤੀ ਗਈ।
ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ ਆਲੇ-ਦੁਆਲੇ ਦਾ ਇਲਾਕਾ ਪੁਲਿਸ ਵੱਲੋਂ ਘੇਰਾਬੰਦੀ ਕਰਕੇ ਬੰਦ ਕਰ ਦਿੱਤਾ ਗਿਆ। ਕਈ ਸੜਕਾਂ ਨੂੰ ਆਵਾਜਾਈ ਲਈ ਅਸਥਾਈ ਤੌਰ &rsquoਤੇ ਬੰਦ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ &rsquoਤੇ ਤਾਇਨਾਤ ਕੀਤੀਆਂ ਗਈਆਂ।
ਫਾਇਰ ਅਧਿਕਾਰੀਆਂ ਅਨੁਸਾਰ ਅੱਗ &rsquoਤੇ ਕਾਬੂ ਪਾਉਣ ਲਈ ਕਾਫ਼ੀ ਸਮਾਂ ਲੱਗਿਆ, ਪਰ ਹਾਲਾਤਾਂ ਨੂੰ ਕਾਬੂ ਵਿੱਚ ਲਿਆਂਦਾ ਜਾ ਚੁੱਕਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਦੇ ਪ੍ਰਭਾਵਿਤ ਹਿੱਸਿਆਂ ਦੀ ਤਕਨੀਕੀ ਜਾਂਚ ਤੋਂ ਬਾਅਦ ਹੀ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕੀਤੀਆਂ ਜਾਣਗੀਆਂ।
ਹਸਪਤਾਲ ਪ੍ਰਬੰਧਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਲੋੜ ਦੇ ਹਸਪਤਾਲ ਵੱਲ ਨਾ ਆਉਣ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਹਿਯੋਗ ਕਰਨ। ਨਾਲ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਾਰੇ ਮਰੀਜ਼ ਸੁਰੱਖਿਅਤ ਹਨ ਅਤੇ ਹਾਲਾਤਾਂ &rsquoਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਹੀ ਸਥਿਤੀ ਪੂਰੀ ਤਰ੍ਹਾਂ ਸਧਾਰਨ ਹੋਵੇਗੀ, ਇਸ ਬਾਰੇ ਜਨਤਾ ਨੂੰ ਅਧਿਕਾਰਿਕ ਜਾਣਕਾਰੀ ਦਿੱਤੀ ਜਾਵੇਗੀ।