ਹਰੇਕ ਸਮਾਗਮ ਮੌਕੇ ਗੁਰ ਮਰਿਆਦਾ ਬਰਕਰਾਰ ਰੱਖੋ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼

" ਗੋਵਿੰਦ ਸਿੰਘ ਵਲੋਂ ਗਲਤੀ ਦੀ ਮਾਫੀ ਮੰਗਣਾ ਹੋਰਨਾਂ ਵਾਸਤੇ ਸਬਕ ਦੀ ਨਿਆਈ "
ਲੰਡਨ - ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦੇ ਅੰਮ੍ਰਿਤਸਰ ਦੇ ਆਗੂ ਗੋਵਿੰਦ ਸਿੰਘ ਵਲੋਂ ਆਪਣੇ ਵਿਆਹ ਮੌਕੇ ਆਪਣੇ ਸਿਰ ਤੇ ਚੌਰ ਕਰਵਾਉਣ ਅਤੇ ਛਤਰ ਝੁਲਾਉਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਸੀ । ਗੋਵਿੰਦ ਸਿੰਘ ਵਲੋਂ ਕੀਤਾ ਗਿਆ ਇਹ ਭਾਰੀ ਗੁਨਾਹ ਸੀ । ਇਸ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ, ਜਿਸ ਕਰਕੇ ਜਾਗਰੁਕ ਸਿੱਖਾਂ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਵੀ ਭਾਰੀ ਇਤਰਾਜ ਜਤਾਇਆ ਗਿਆ ਜੋ ਕਿ ਜਾਇਜ ਵੀ ਸੀ । ਪਰ ਬਹੁਤ ਜਲਦੀ ਹੀ ਇਸ ਗਲਤੀ ਦਾ ਅਹਿਸਾਸ ਕਰਦਿਆਂ ਗੋਵਿੰਦ ਸਿੰਘ ਵਲੋਂ ਸਿੱਖ ਕੌਮ ਤੋਂ ਮਾਫੀ ਮੰਗਣੀ ਅਤੇ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਜਾਚਨਾ ਕਰਨ ਲਈ ਗਈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਨੇ ਗੋਵਿੰਦ ਸਿੰਘ ਵਲੋਂ ਮੰਗੀ ਮਾਫੀ ਨੂੰ ਹੋਰਾਂ ਵਾਸਤੇ ਇੱਕ ਸਬਕ ਕਰਾਰ ਦਿੱਤਾ ਹੈ । ਯੂ,ਕੇ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਗੁਰ ਮਰਿਆਦਾ ਦਾ ਪਾਲਣ ਕਰਦਿਆਂ ਅਨੰਦ ਕਾਰਜ ਗੁਰਦਵਾਰਾ ਸਾਹਿਬ ਵਿਖੇ ਹੀ ਕਰਵਾਉਣੇ ਚਾਹੀਦੇ ਹਨ । ਹਰੇਕ ਸਮਾਗਮ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੇ ਸਤਿਕਾਰ ਨੂੰ ਪਹਿਲ ਦੇ ਅਧਾਰ ਤੇ ਬਰਕਰਾਰ ਰੱਖਣਾ ਹਰੇਕ ਸਿੱਖ ਦਾ ਫਰਜਾਂ ਸਿਰ ਫਰਜ ਹੈ । ਹਰੇਕ ਸਿੱਖ ਦਾ ਫਰਜ ਹੈ ਕਿ ਗੁਰਮਤਿ ਦੇ ਅਸੂਲਾਂ ਤੇ ਡੱਟ ਕੇ ਪਹਿਰਾ ਦੇਵੇ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਗੁਰੇਜ ਕਰੇ ਜਿਹਨਾਂ ਬਾਰੇ ਮਗਰੋਂ ਪਛੁਤਾਉਣਾ ਪਵੇ ਮਾਫੀ ਮੰਗਣੀ ਪਵੇ ।