13 ਸਾਲ ਦੇ ਬੱਚੇ ਨੇ ਬਚਾਈ ਮਾਂ,ਭੈਣ ਅਤੇ ਭਰਾ ਦੀ ਜਾਨ

ਮੈਲਬੌਰਨ : ਆਸਟ੍ਰੇਲੀਆ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 13 ਸਾਲਾ ਲੜਕੇ, ਆਸਟਿਨ ਐਪਲਬੀ ਨੇ ਆਪਣੀ ਬਹਾਦਰੀ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਵਹਿ ਗਏ ਆਪਣੇ ਪਰਿਵਾਰ ਨੂੰ ਬਚਾਉਣ ਲਈ ਇਹ ਬੱਚਾ ਲਗਾਤਾਰ 4 ਘੰਟੇ ਤੈਰ ਕੇ ਕੰਢੇ ਪਹੁੰਚਿਆ ਅਤੇ ਮਦਦ ਲਈ ਗੁਹਾਰ ਲਗਾਈ।

ਪਰਥ ਦਾ ਰਹਿਣ ਵਾਲਾ ਐਪਲਬੀ ਪਰਿਵਾਰ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਵਿਖੇ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਨੂੰ 47 ਸਾਲਾ ਜੋਆਨ ਐਪਲਬੀ ਆਪਣੇ ਤਿੰਨ ਬੱਚਿਆਂ&mdashਆਸਟਿਨ (13), ਬਿਊ (12) ਅਤੇ ਗ੍ਰੇਸ (8)&mdashਨਾਲ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰ ਰਹੀ ਸੀ। ਅਚਾਨਕ ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਪੂਰਾ ਪਰਿਵਾਰ ਸਮੁੰਦਰ ਦੇ ਵਿਚਕਾਰ ਡੂੰਘੇ ਪਾਣੀ ਵੱਲ ਵਹਿ ਗਿਆ।

ਜਦੋਂ ਸਥਿਤੀ ਬੇਕਾਬੂ ਹੋ ਗਈ, ਤਾਂ ਮਾਂ ਜੋਆਨ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਕੰਢੇ ਵੱਲ ਜਾਣ ਲਈ ਕਿਹਾ। ਆਸਟਿਨ ਨੇ ਪਹਿਲਾਂ ਇੱਕ ਇਨਫਲੇਟੇਬਲ ਕਾਇਆਕ (ਹਵਾ ਵਾਲੀ ਕਿਸ਼ਤੀ) ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਪਾਣੀ ਭਰਨ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੀ ਲਾਈਫ ਜੈਕਟ ਉਤਾਰ ਦਿੱਤੀ ਤਾਂ ਜੋ ਉਹ ਤੇਜ਼ੀ ਨਾਲ ਤੈਰ ਸਕੇ ਅਤੇ ਲਗਭਗ 4 ਕਿਲੋਮੀਟਰ ਦਾ ਸਫਰ ਤੈਰ ਕੇ ਤੈਅ ਕੀਤਾ। ਆਸਟਿਨ ਨੇ ਦੱਸਿਆ, "ਲਹਿਰਾਂ ਬਹੁਤ ਉੱਚੀਆਂ ਸਨ ਅਤੇ ਮੇਰੇ ਕੋਲ ਲਾਈਫ ਜੈਕਟ ਵੀ ਨਹੀਂ ਸੀ। ਮੈਂ ਸਿਰਫ਼ ਇਹੀ ਸੋਚ ਰਿਹਾ ਸੀ ਕਿ ਬੱਸ ਤੈਰਦੇ ਰਹਿਣਾ ਹੈ। ਜਦੋਂ ਮੈਂ ਕੰਢੇ ਪਹੁੰਚਿਆ, ਤਾਂ ਮੈਂ ਡਿੱਗ ਗਿਆ।"