*ਭਾਰਤ ਨੂੰ ਗਣਤੰਤਰ ਬਣਾਉਣ ਲਈ 26 ਜਨਵਰੀ ਨੂੰ ਲਾਗੂ ਹੋਇਆ ਦੇਸ਼ ਦਾ ਸੰਵਿਧਾਨ ਸਿੱਖਾਂ ਦੇ ਗਲ਼ ਹਿੰਦੂਵਾਦੀ ਗ਼ੁਲਾਮੀ ਦਾ ਜੂਲ਼ਾ ਬਣਿਆ*

ਹਰ ਸਾਲ ਦੀ ਤਰ੍ਹਾਂ ਭਾਰਤ ਸਰਕਾਰ 26 ਜਨਵਰੀ 2015 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਦੀ ਖ਼ੁਸ਼ੀ ਵਿੱਚ ਵੱਡੀ ਪੱਧਰ &rsquoਤੇ ਜਸ਼ਨ ਮਨਾਉਣ ਦੀ ਤਿਆਰੀ ਕਰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਉਚੇਚਾ ਸੱਦਾ ਪੱਤਰ ਭੇਜ ਕੇ ਇਹਨਾਂ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਬੁਲਾਇਆ ਗਿਆ। ਦੂਜੇ ਪਾਸੇ ਪੰਥਕ ਜਥੇਬੰਦੀਆਂ ਵੱਲੋਂ ਇੱਕ ਲੱਖ ਤੋਂ ਉੱਪਰ ਸਿੱਖਾਂ ਦੇ ਦਸਤਖ਼ਤਾਂ ਵਾਲ਼ੀ ਪਟੀਸ਼ਨ ਮੰਗ-ਪੱਤਰ ਵਜੋਂ ਸੌਂਪੀ ਗਈ, ਜਿਸ ਵਿੱਚ ਮੰਗ ਕੀਤੀ ਗਈ ਕਿ ਬਰਾਕ ਓਬਾਮਾ ਭਾਰਤ ਸਰਕਾਰ ਨੂੰ ਆਖ ਕੇ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਵਿੱਚ ਸੋਧ ਕਰਵਾਉਣ, ਜਿਸ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ ਮੰਨਿਆ ਗਿਆ ਹੈ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਹੀ ਦਰਸਾਇਆ ਗਿਆ ਹੈ ਜਦ ਕਿ ਸਿੱਖ ਧਰਮ ਇੱਕ ਵਿਲੱਖਣ ਤੇ ਸੰਪੂਰਨ ਧਰਮ ਹੈ ਅਤੇ ਸਿੱਖ ਇੱਕ ਵੱਖਰੀ ਕੌਮ ਹਨ। ਭਾਜਪਾ ਸਰਕਾਰ ਦੀ ਭਾਈਵਾਲ ਆਰ. ਐੱਸ. ਐੱਸ. ਸ਼ਰੇਆਮ ਐਲਾਨ ਕਰ ਰਹੀ ਹੈ ਕਿ 'ਸਿੱਖ ਹਿੰਦੂ ਧਰਮ ਦਾ ਅੰਗ ਹਨ ਅਤੇ ਜੋ ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼-ਧ੍ਰੋਹੀ ਤੇ ਅੱਤਵਾਦੀ ਹਨ।
  26 ਜਨਵਰੀ ਦਾ ਦਿਨ ਸਿੱਖ ਕੌਮ ਲਈ ਨਿਰਸੰਦੇਹ ਧੋਖਾ ਦਿਵਸ ਹੈ ਕਿਉਂਕਿ ਇਸ ਦਿਨ ਲਾਗੂ ਹੋਏ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਰਾਹੀਂ ਸਿੱਖਾਂ ਨੂੰ ਉਹਨਾਂ ਦੀ ਰਾਜਸੀ ਪਛਾਣ ਅਤੇ ਸੱਭਿਆਚਾਰ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ ਗਿਆ ਅਤੇ ਸਿੱਖਾਂ ਨੂੰ ਰਾਜਸੀ ਤੌਰ &rsquoਤੇ ਖ਼ਤਮ ਕਰ ਕੇ ਗ਼ੁਲਾਮੀ ਦਾ ਜੀਵਨ ਜਿਊਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੁਨੀਆਂ ਚ ਮਾਰਸ਼ਲ ਮੰਨੀ ਜਾਂਦੀ ਸਿੱਖ ਕੌਮ ਦੀ ਮਾਨਸਿਕਤਾ ਭੁੱਖ ਹੜਤਾਲਾਂ ਤਕ ਸਿਮਟ ਕੇ ਰਹਿ ਗਈ ਹੈ। ਸਿੱਖਾਂ ਨੂੰ ਜਿਸ ਹਿੰਦੂ ਧਰਮ ਦਾ ਅੰਗ ਪ੍ਰਚਾਰਿਆ ਜਾ ਰਿਹਾ ਹੈ ਹੁਣ ਇਸ ਬੇ-ਸਿਰ-ਪੈਰ ਹਿੰਦੂ ਧਰਮ ਬਾਰੇ ਸਵਾਮੀ ਰਾਮ ਤੀਰਥ ਸੰਨਿਆਸੀ ਜੀ ਕੀ ਲਿਖਦੇ ਹਨ, ਉਸ ਦੇ ਵਿਚਾਰ ਪੜ੍ਹਦੇ ਹਾਂ।
  ਧਰਮ ਪ੍ਰਚਾਰ ਕਮੇਟੀ ਨੇ ਸਵਾਮੀ ਜੀ ਦੇ ਦੋ ਕਿਤਾਬਚੇ 1. ਸਰਵੋਤਮ ਧਰਮ ਗ੍ਰੰਥ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 2. ਸਰਵੋਤਮ ਧਰਮ ਖ਼ਾਲਸਾ ਪੰਥ ਭੇਟਾ ਰਹਿਤ ਛਾਪ ਕੇ ਵੰਡੇ ਸਨ। ਸਵਾਮੀ ਜੀ ਇਸ ਕਿਤਾਬਚੇ ਦੇ ਪੰਨਾ 84 ਉੱਤੇ ਲਿਖਦੇ ਹਨ ਕਿ ਜੇਕਰ ਗੁਰੂ ਜੀ ਹਿੰਦੂ ਰਹਿਣਾ ਪਸੰਦ ਕਰਦੇ ਤਾਂ ਉਹ ਹਿੰਦੂ ਤੁਰਕ ਤੇ ਰਹੇ ਨਿਆਰਾ&rsquo ਹਿੰਦੂ ਤੇ ਮੁਸਲਮਾਨ ਤੋਂ ਵੱਖਰਾ ਕਰਨ ਵਾਲ਼ਾ ਉਪਦੇਸ਼ ਆਪਣੇ ਸਿੱਖਾਂ ਨੂੰ ਨਾ ਦਿੰਦੇ ਅਤੇ ਜੇਕਰ ਗੁਰੂ ਘਰ ਹਿੰਦੂ ਧਰਮ ਅਰਥਾਤ ਬ੍ਰਾਹਮਣ ਗ੍ਰੰਥਾਂ ਦੇ ਧਰਮ ਨੂੰ ਅਸਲੀ ਧਰਮ ਮੰਨਦਾ ਹੁੰਦਾ ਤਾਂ ਗੁਰੂ ਸਾਹਿਬਾਨ ਇਸ ਦਾ ਤਿਆਗ ਨਾ ਕਰਦੇ ਅਤੇ ਜੇਕਰ ਹਿੰਦੂ ਰਹਿੰਦੇ ਹੋਏ ਵੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ ਹਿੰਦੂ ਅਤੇ ਮੁਸਲਮਾਨਾਂ ਤੋਂ ਵੱਖਰੇ ਤੀਸਰੇ ਸਿੱਖ ਪੰਥ ਨਾਂ ਵਾਲ਼ੇ ਪੰਥ ਦਾ ਨਿਰਮਾਣ ਨਾ ਕਰਦੇ। ਇਸ ਲਈ ਹਿੰਦੂ ਧਰਮ ਤੋਂ ਵੱਖਰੇ ਧਰਮ ਵਾਲ਼ੇ ਸਿੱਖਾਂ ਨੂੰ ਹਿੰਦੂ ਮੰਨਣਾ ਮਹਾਂ-ਮੂਰਖਤਾ ਹੈ।
  ਇਸ ਕਿਤਾਬਚੇ ਦੇ ਆਖ਼ਰੀ ਪੰਨੇ ਉੱਤੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਦੀ ਸਿੱਖੀ ਮੰਡਲ ਵਿੱਚ ਆਉਣ ਤੋਂ ਬਾਅਦ ਸਿੱਖੀ ਸਰੂਪ ਵਾਲ਼ੀ ਫੋਟੋ ਹੈ (ਕਿਤਾਬਚੇ ਦੇ ਪਹਿਲੇ ਪੰਨੇ ਉੱਤੇ ਸਿੱਖੀ ਮੰਡਲ ਵਿੱਚ ਆਉਣ ਤੋਂ ਪਹਿਲਾਂ ਮੁੰਡਤ ਚਿਹਰੇ ਵਾਲ਼ੀ ਫੋਟੋ ਹੈ)। ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖ਼ਾਲਸਾ ਪੰਥ ਦੇ ਆਖਰੀ ਪੰਨੇ ਉੱਤੇ ਸਵਾਮੀ ਜੀ ਲਿਖਦੇ ਹਨ ਕਿ 'ਵੇਦਾਂ ਦਾ ਸ਼ਾਸਤਰਾਂ ਦਾ, ਸਿਮ੍ਰਤੀਆਂ, ਸਮਾਰਤ ਸੂਤਰਾਂ ਨੂੰ ਤੰਤਰ ਤਥਾ ਪੁਰਾਣਾਂ ਦਾ ਪੂਰਵੋਵਾਦ ਅਨੇਕਾਂ ਦੇਸ਼ਾਂ ਤੋਂ ਭ੍ਰਿਸ਼ਟ ਹੋਏ ਜਾਣ ਕੇ ਮੈਨੇ ਬਹੁਤ ਸਾਰੇ ਅੰਸ਼ਾਂ ਵਿੱਚ ਇਹਨਾਂ ਗ੍ਰੰਥ ਨੂੰ ਛੋੜ ਦਿੱਤਾ ਹੈ। ਕੇਵਲ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਨੂੰ ਬਿਲਕੁਲ ਹੀ ਨਿਰਦੋਸ਼ ਜਾਣ ਕੇ ਅਤੇ ਮਨੁੱਖ ਮਾਤਰ ਦਾ ਹਿਤੈਸ਼ੀ ਮੰਨ ਕੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਮੰਨ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੰਨਦਾ ਹਾਂ, ਇਸ ਲਈ ਮੈਂ ਗੁਰੂ ਦਾ ਸਿੱਖ ਹਾਂ (ਅਕਤੂਬਰ 1974)।
  ਭਾਵੇਂ ਦਾਸ ਦੇ ਹਥਲੇ ਲੇਖ ਦਾ ਵਿਸ਼ਾ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਬਾਰੇ ਹੈ, ਫਿਰ ਵੀ ਇਹ ਕੁਝ ਸਤਰਾਂ ਲਿਖਣੀਆਂ ਕੁਥਾਂ ਨਹੀਂ ਹੋਣਗੀਆਂ ਕਿ ਇਤਿਹਾਸ ਗਵਾਹ ਹੈ ਕਿ ਤ੍ਰੈਕਾਲਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰ ਕੇ ਹਿੰਦੂਆਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਦੋ ਸਦੀਆਂ ਤੋਂ ਉੱਤੇ ਸੰਘਰਸ਼ ਕੀਤਾ ਅਤੇ ਦੋ ਜਾਮਿਆਂ ਵਿੱਚ ਸ਼ਾਂਤਮਈ ਸ਼ਹਾਦਤ ਦਿੱਤੀ (ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ) ਗੁਰੂ ਨਾਨਕ ਪਾਤਸ਼ਾਹ ਵੱਲੋਂ ਤੀਸਰੇ ਪੰਥ ਰਾਹੀਂ ਚਲਾਈ ਸਿੱਖ ਇਨਕਲਾਬੀ ਲਹਿਰ ਤੋਂ ਪਹਿਲਾਂ ਭਾਰਤੀ ਚਿੰਤਨ ਵਿੱਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ। ਹਿੰਦੂ ਧਰਮ ਦਾ ਦੂਜਾ ਨਾਂ ਵਰਣ ਆਸ਼ਰਮ ਸੀ। ਹਿੰਦੂਆਂ ਵਿੱਚ ਵੰਡੀਆਂ ਏਨੀਆਂ ਹਨ ਕਿ ਹਿੰਦੂ ਧਰਮ ਦੀ ਪ੍ਰੀਭਾਸ਼ਾ ਅਜੇ ਤਕ ਨਹੀਂ ਮਿਲ਼ਦੀ। ਸਿੱਖ ਗੁਰੂ ਸਾਹਿਬਾਨ ਤੋਂ ਬਿਨਾਂ ਕੌਣ ਸਿਰ-ਧੜ ਦੀ ਬਾਜ਼ੀ ਲਾਉਂਦਾ ਅਤੇ ਕਿਹੜੇ ਧਰਮ ਲਈ? ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਏ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਬਣਾ ਕੇ ਪ੍ਰਚਾਰਨਾ ਤੀਰਥ ਰਾਮ ਦੰਡੀ ਸੰਨਿਆਸੀ ਦੇ ਕਹਿਣ ਅਨੁਸਾਰ ਵਾਕਿਆ ਹੀ ਮਹਾਂ-ਮੂਰਖਤਾ ਹੈ।
  1947 ਤੋਂ ਬਾਅਦ ਅੱਜ ਤਕ ਪੰਜਾਬ ਵਿੱਚ ਕੇਵਲ ਕੇਂਦਰ ਦੀ ਕਠਪੁਤਲੀ ਸਰਕਾਰ ਨੂੰ ਬਰਦਾਸ਼ਤ ਕੀਤਾ ਗਿਆ ਹੈ। ਬਰਾਏਨਾਮ ਸਿੱਖ ਨੁਮਾਇੰਦਾ ਸਰਕਾਰ ਨੂੰ ਵਾਰ ਵਾਰ ਤੋੜ ਕੇ ਕੇਂਦਰੀ ਹਕੂਮਤ ਨੂੰ ਲਾਗੂ ਕੀਤਾ ਜਾ ਚੁੱਕਿਆ ਹੈ। ਸਿੱਖ ਵਿਰੋਧੀ ਸੋਚ ਵਾਲ਼ੀ ਕਾਂਗਰਸੀ ਸਰਕਾਰ ਨੇ ਆਮ ਤੌਰ &rsquoਤੇ ਆਪਣਾ ਪੰਜ ਸਾਲ ਦਾ ਸਮਾਂ ਰਾਜ ਕੀਤਾ ਹੈ। ਨਵੇਂ ਸੰਵਿਧਾਨ ਤਹਿਤ ਸਭ ਤੋਂ ਪਹਿਲਾਂ ਗਵਰਨਰੀ ਰਾਜ ਪੰਜਾਬ (ਪੈਪਸੂ) ਦੀ ਅਕਾਲੀ ਵਜ਼ਾਰਤ ਨੂੰ ਤੋੜਨ ਲਈ ਵਰਤਿਆ ਗਿਆ। ਜ਼ਾਹਿਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੇ ਉਹ ਗੈਰ-ਕਾਂਗਰਸੀ ਸਰਕਾਰ ਚੁਣ ਲੈਣ ਤਾਂ ਉਹਨਾਂ ਨੂੰ ਭਰੋਸੇਯੋਗ ਨਹੀਂ ਸਮਝਿਆ ਜਾਂਦਾ। ਇਸ ਕਰਕੇ ਹੀ ਪੰਜਾਬ ਵਿੱਚ ਸੱਤਾ ਹੰਢਾਉਣ ਦੇ ਲਾਲਚ ਤਹਿਤ ਅਕਾਲੀਆਂ ਨੇ ਅਕਾਲੀਅਤ ਦਾ ਤਿਆਗ ਕਰ ਦਿੱਤਾ ਅਤੇ ਪੰਥ ਦਾ ਝੰਡਾ ਛੱਡ ਕੇ ਪੰਜਾਬੀਅਤ ਦੇ ਝੰਡੇ ਹੇਠਾਂ ਸਿੱਖੀ ਅਤੇ ਸਿੱਖਾਂ ਦੀ ਕੱਟੜ ਵਿਰੋਧੀ ਰਾਜਨੀਤਿਕ ਪਾਰਟੀ ਭਾਜਪਾ ਨਾਲ ਰਾਜਨੀਤਿਕ ਗੱਠਜੋੜ ਕਰ ਕੇ ਨਹੁੰ-ਮਾਸ ਦਾ ਰਿਸ਼ਤਾ ਗੰਢ ਲਿਆ। (ਅੱਜ ਭਾਵੇਂ ਨਹੁੰ-ਮਾਸ ਵੱਖ ਵੱਖ ਹੋਏ ਵਿਖਾਈ ਦੇ ਰਹੇ ਹਨ)। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਬੇ-ਅਸੂਲਾ ਗੱਠਜੋੜ ਕਰ ਕੇ ਦਸਮ ਪਾਤਸ਼ਾਹ ਦੇ ਉਲੀਕੇ ਹੋਏ ਪੰਥਕ ਨਿਸ਼ਾਨੇ ਨੂੰ ਛੱਡ ਕੇ ਸੈਕੂਲਰ ਧਰਮ ਨਿਰਪੱਖਤਾ ਦਾ ਸਬਕ ਪੜ੍ਹਿਆ ਹੈ, ਓਦੋਂ ਤੋਂ ਹੀ ਸਿੱਖੀ ਦੀ ਗੱਲ ਕਰਨੀ ਮਾਨੋ ਜ਼ੁਰਮ ਅਤੇ ਗਾਲ੍ਹ ਬਣ ਗਈ ਹੈ। ਪੰਜਾਬੀ ਬੋਲੀ, ਪੰਜਾਬੀ ਸੂਬੀ ਦੇ ਕੁਝ ਹਿੱਸਿਆਂ ਵਿੱਚ ਹੀ ਸੀਮਤ ਹੋ ਕੇ, ਰਾਸ਼ਟਰੀ ਭਾਸ਼ਾ ਅਤੇ ਸ਼ਹਿਰੀ ਹਿੰਦੂਆਂ ਦੇ ਹਮਲਿਆਂ ਤੋਂ ਦੁਖੀ ਹੋ ਕੇ ਸਹਿਮੀ ਤੇ ਕਿਲ੍ਹਾਬੰਦ ਹੋਈ ਬੈਠੀ ਹੈ ਅਤੇ ਹੋ ਸਕਦਾ ਹੈ ਇਸ ਨੂੰ ਛੇਤੀ ਹੀ ਹਥਿਆਰ ਸੁੱਟਣੇ ਪੈ ਜਾਣ। ਅਖੌਤੀ ਅਕਾਲੀਆਂ ਨੇ ਹਿੰਦੂ-ਸਿੱਖ ਏਕਤਾ ਦਾ ਝੰਡਾ ਹਿੰਦੂ ਫ਼ਿਰਕਿਆਂ ਤੋਂ ਭੈ-ਭੀਤ ਹੋ ਕੇ ਕਾਇਰਾਂ ਵਾਂਗ ਪੰਥਕ ਏਜੰਡੇ ਨੂੰ ਤਿਆਗ ਕੇ ਫੜਿਆ ਸੀ ਅਤੇ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇੱਕ ਹਿੰਦੂ ਵੀ ਕਿਸੇ ਪੰਥਕ ਸਿੱਖ ਨੂੰ ਵੋਟ ਪਾਉਣ ਲਈ ਤਿਆਰ ਨਹੀਂ ਹੈ, ਕਾਲੇ ਚੋਰ ਨੂੰ ਭਾਵੇਂ ਵੋਟ ਪਾ ਦੇਵੇ।
  ਇੱਥੇ ਇੱਕ ਗੱਲ ਹੋਰ ਵਰਣਨਯੋਗ ਹੈ ਕਿ ਉਕਤ ਭਵਿੱਖਬਾਣੀ ਸਿਰਦਾਰ ਕਪੂਰ ਸਿੰਘ ਨੇ ਢੇਰ ਚਿਰ ਪਹਿਲਾਂ ਕਰ ਦਿੱਤੀ ਸੀ ਜਿਸ ਦਾ ਅੱਖਰ-ਅੱਖਰ ਅੱਜ ਸੱਚ ਸਾਬਿਤ ਹੋ ਰਿਹਾ ਹੈ। ਅਖੌਤੀ ਅਕਾਲੀਆਂ ਦੀ ਜ਼ਮੀਰ ਟੁੰਬਣ ਲਈ ਭਾਈ ਨਰਾਇਣ ਸਿੰਘ ਨੇ ਆਪਣੀ ਪੁਸਤਕ 'ਲਲਕਾਰ' ਵਿੱਚ ਹੇਠ ਲਿਖੀਆਂ ਕੁਝ ਸਤਰਾਂ ਅੰਕਿਤ ਕੀਤੀਆਂ ਹਨ:
 ਐ ਅਕਾਲੀਓ, ਪੰਥ ਦੀ ਨੁਮਾਇੰਦਾ ਤੇ ਸ਼ਹੀਦਾਂ ਦੀ ਜਥੇਬੰਦੀ ਅਖਵਾਉਣ ਵਾਲਿਓ! ਕੀ ਤੁਸੀਂ ਪੰਥ ਦੀ ਨੁਮਾਇੰਦਗੀ ਕਰ ਰਹੇ ਹੋ ਜਾਂ ਗੰਗੂਆਂ ਦਾ ਪਾਣੀ ਭਰ ਰਹੇ ਹੋ? ਜਿਸ ਸੰਵਿਧਾਨ ਦਾ ਤੁਸੀਂ ਖਹਿੜਾ ਹੈ ਕੀਤਾ, ਕੀ ਪੰਥ ਨੇ ਕਦੇ ਇਹ ਪ੍ਰਵਾਨ ਵੀ ਹੈ ਕੀਤਾ? ਕੀ ਪੰਥ ਦੀ ਅਖੰਡਤਾ ਤੋਂ ਹਿੰਦ ਦੀ ਅਖੰਡਤਾ ਹੈ ਉੱਚੀ, ਕੀ ਖ਼ਾਲਸੇ ਦੀ ਏਕਤਾ ਤੋਂ ਗੈਰਾਂ ਨਾਲ ਏਕਤਾ ਹੈ ਸੁੱਚੀ?
  ਸ਼ਹੀਦ ਬਿਲਾਸ - ਸੰਤ ਜਰਨੈਲ ਸਿੰਘ ਨਾਮੀ ਪੁਸਤਕ ਦੇ ਪੰਨਾ 61 ਉੱਤੇ ਦਰਜ ਹੈ ਕਿ ਪੱਤਰਕਾਰਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਸਵਾਲ ਕੀਤਾ ਕਿ ਧਰਮ ਯੁੱਧ ਮੋਰਚੇ ਕਾਰਨ ਹਿੰਦੂ-ਸਿੱਖ ਏਕਤਾ ਨੂੰ ਭਾਰੀ ਸੱਟ ਵੱਜੀ ਹੈ ਅਤੇ ਆਪ ਜੀ ਦੀ ਰਾਇ ਵਿੱਚ ਹਿੰਦੂ-ਸਿੱਖ ਏਕਤਾ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ?
ਤਾਂ ਜਵਾਬ ਵਿੱਚ ਸੰਤ ਜਰਨੈਲ ਸਿੰਘ ਜੀ ਨੇ ਆਖਿਆ ਕਿ ਜੇ ਤੁਸੀਂ ਸਮਝਦੇ ਹੋ ਕਿ ਧਰਮ ਯੁੱਧ ਮੋਰਚੇ ਨਾਲ ਹਿੰਦੂ-ਸਿੱਖ ਏਕਤਾ ਨੂੰ ਸੱਟ ਵੱਜੀ ਹੈ ਤਾਂ ਇਸ ਲਈ ਅਸੀਂ ਨਹੀਂ ਸਰਕਾਰ ਜ਼ਿੰਮੇਵਾਰ ਹੈ। ਜਿੰਨਾ ਚਿਰ ਸਰਕਾਰ ਹਿੰਦੂ-ਸਿੱਖਾਂ ਵਿਚਾਲੇ ਵਿਤਕਰਾ ਰੱਖੇਗੀ, ਏਕਤਾ ਨੂੰ ਸੱਟ ਵੱਜਦੀ ਰਹੇਗੀ, ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨ ਕੇ ਏਕਤਾ ਮਜ਼ਬੂਤ ਰੱਖੀ ਜਾ ਸਕਦੀ ਹੈ..। (ਭਾਵ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਤਸਲੀਮ ਕੀਤਾ ਜਾਵੇ)।
ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਜੀ ਦੀ ਦੂਸਰੀ ਮੰਗ ਸੀ 'ਅਨੰਦਪੁਰ ਦਾ ਮਤਾ'। ਸਿਰਦਾਰ ਕਪੂਰ ਸਿੰਘ ਨੇ ਅਨੰਦਪੁਰ ਦੇ ਖਰੜੇ ਵਿੱਚ ਇਹ ਸਪਸ਼ਟ ਕੀਤਾ ਸੀ ਕਿ ਇਸ ਖ਼ੁਦਮੁਖ਼ਤਿਆਰ ਸਿੱਖ ਖਿੱਤੇ ਨੂੰ ਵਿਦੇਸ਼ੀ ਮਾਮਲੇ, ਸੁਰੱਖਿਆ, ਕਰੰਸੀ ਅਤੇ ਆਮ ਸੰਚਾਰ ਦੇ ਮਹਿਕਮਿਆਂ ਨੂੰ ਫੈਡਰਲ ਭਾਰਤ ਸਰਕਾਰ ਦੇ ਅਧਿਕਾਰ ਵਿੱਚ ਛੱਡ ਕੇ ਸੰਪੂਰਨ ਸੱਤਾ ਨੂੰ ਆਪਣੇ ਹੱਥ ਵਿੱਚ ਰੱਖਣ ਖ਼ਾਤਿਰ ਆਪਣਾ ਅੰਦਰੂਨੀ ਸੰਵਿਧਾਨ ਆਪ ਘੜਨ ਦਾ ਅਧਿਕਾਰੀ ਐਲਾਨ ਕੀਤਾ ਜਾਵੇ ਕਿਉਂਕਿ ਸਿੱਖ ਜੇ ਭਾਰਤ ਦੇ ਉੱਤਰ-ਪੱਛਮ ਖੇਤਰ ਵਿੱਚ ਸਿੱਖ ਪੰਥ ਦੇ ਵਿਅਕਤੀਤਵ ਦੀ ਵਿਧਾਨਕ ਰੱਖਿਆ ਨੂੰ ਸੁਰੱਖਿਅਤ ਕਰਨਾ ਲੋਚਦੇ ਹਨ ਤਾਂ ਉਹਨਾਂ ਦੀ ਸ਼ੁੱਧ ਕਾਮਨਾ ਇਹੋ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰਹੇ।
  ਇਸ ਕਰਕੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਇਹ ਬਚਨ ਕੀਤੇ ਸਨ ਕਿ ਇਹ ਭਾਰਤ ਸਰਕਾਰ ਦੀ ਮਰਜ਼ੀ ਹੈ ਕਿ ਸਾਨੂੰ ਨਾਲ ਰੱਖਣਾ ਚਾਹੁੰਦੀ ਹੈ ਜਾਂ ਵੱਖ ਕਰਨਾ ਚਾਹੁੰਦੀ ਹੈ ਅਤੇ ਅੰਤ ਵਿੱਚ ਇਹ ਵੀ ਅਤਿਕਥਨੀ ਨਹੀਂ ਹੋਵੇਗੀ ਕਿ 26 ਜਨਵਰੀ ਨੂੰ ਜਿਸ ਸੰਵਿਧਾਨ ਨੂੰ ਲਾਗੂ ਕਰਨ ਦੀ ਖ਼ੁਸ਼ੀ ਵਿੱਚ ਭਾਰਤ ਸਰਕਾਰ ਜਸ਼ਨ ਮਨਾਉਂਦੀ ਹੈ, ਇਸੇ ਸੰਵਿਧਾਨ ਦੇ ਤਹਿਤ ਹੀ ਲੱਖਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। ਇਸੇ ਵਿਧਾਨ ਦੇ ਤਹਿਤ ਹੀ 1984 ਵਿੱਚ ਹੋਏ ਸਿੱਖ ਕਤਲੇਆਮ ਦਾ 30 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਿਮਿਲ਼ਆ। ਇਸੇ ਸੰਵਿਧਾਨ ਦੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਟੈਂਕਾਂ, ਤੋਪਾਂ ਨਾਲ ਢਹਿ-ਢੇਰੀ ਕੀਤਾ ਗਿਆ। ਸੰਤ ਜਰਨੈਲ ਸਿੰਘ ਨੇ ਜਦੋਂ ਸਿੱਖ ਇੱਕ ਵੱਖਰੀ ਕੌਮ ਦਾ ਨਾਹਰਾ ਬੁਲੰਦ ਕੀਤਾ ਤਾਂ ਭਾਰਤ ਸਰਕਾਰ ਵੱਲੋਂ ਸਾਰੇ ਦੇਸ਼ ਵਿੱਚ ਤੂਫਾਨ ਖੜ੍ਹਾ ਕਰ ਦਿੱਤਾ ਗਿਆ ਅਤੇ ਸੰਤ ਜਰਨੈਲ ਸਿੰਘ ਅਤੇ ਉਸ ਦੇ ਸਾਥੀਆਂ ਤੇ ਅੱਤਵਾਦੀ-ਵੱਖਵਾਦੀ ਲੇਬਲ ਲਾ ਕੇ ਉਹਨਾਂ ਨੂੰ ਦੇਸ਼-ਧ੍ਰੋਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਵੇਖਣਾ ਇਹ ਹੈ ਕਿ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲ਼ੀਆਂ ਸਿੱਖ ਸੰਸਥਾਵਾਂ, ਸੱਤਾਧਾਰੀ ਅਕਾਲੀ ਦਲ ਦੀ ਹਮਾਇਤ ਕਰਨ ਵਾਲ਼ੀਆਂ ਸੰਸਥਾਵਾਂ 26 ਜਨਵਰੀ ਨੂੰ ਮਨਾਏ ਜਾਣ ਵਾਲ਼ੇ ਜਸ਼ਨਾਂ ਦਾ ਵਿਰੋਧ ਕਰਦੀਆਂ ਹਨ ਜਾਂ ਸਿੱਖ ਕੌਮ ਨੂੰ ਹਰ ਪੱਖੋਂ ਜ਼ਲੀਲ ਕਰਨ ਵਾਲ਼ੀ ਮੌਜੂਦਾ ਭਾਜਪਾ ਸਰਕਾਰ ਨੂੰ ਖ਼ੁਸ਼ ਕਰਨ ਲਈ ਸਿੱਖ ਕੌਮ ਨੂੰ ਹਰ ਪੱਖੋਂ ਜ਼ਲੀਲ ਕਰਨ ਵਾਲ਼ੀ ਮੌਜੂਦਾ ਭਾਜਪਾ ਸਰਕਾਰ ਨੂੰ ਖ਼ੁਸ਼ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਦਿੰਦੀਆਂ ਹਨ। ਹਰ ਸਾਲ 26 ਜਨਵਰੀ ਸਿੱਖਾਂ ਕੋਲੋਂ ਕੁਝ ਖੋਹ ਕੇ ਲੰਘਦੀ ਹੈ। ਇਸ ਸਾਲ ਵੀ ਇਹੀ ਹੋਵੇਗਾ ਕਿਉਂਕਿ ਭਾਰਤੀ ਸੰਵਿਧਾਨ ਨੂੰ ਮੰਨਣ ਵਾਲ਼ੇ ਸਿੱਖ ਖ਼ਾਲਸਾ ਕੌਮ ਦਾ ਦਰਦ ਨਹੀਂ ਵੰਡਾਉਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਗ਼ੁਲਾਮੀ ਹੰਢਾਉਣ ਦੀ ਆਦਤ ਪੈ ਚੁੱਕੀ ਹੈ।
(ਨੋਟ: ਇਹ ਲੇਖ ਜਨਵਰੀ 2015 ਵਿੱਚ ਲਿਖਿਆ ਗਿਆ ਸੀ, ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੇ ਦੌਰੇ ਤੇ ਆਇਆ ਸੀ)
ਹਵਾਲੇ :
1) ਲਲਕਾਰ (ਕਾਵਿ ਸੰਗ੍ਰਹਿ), ਲੇਖਕ ਨਰਾਇਣ ਸਿੰਘ
2) ਸਿੰਘ ਨਾਦ : ਲੇਖਕ ਗੁਰਤੇਜ ਸਿੰਘ ਆਈ.ਏ.ਐਸ.
3) ਬਿਖੁ ਮਹਿ ਅੰਮ੍ਰਿਤੁ : ਲੇਖਕ ਸਿਰਦਾਰ ਕਪੂਰ ਸਿੰਘ
ਜਥੇਦਾਰ ਮਹਿੰਦਰ ਸਿੰਘ ਖਹਿਰਾ