ਦਿੱਲੀ ਕਮੇਟੀ ਦੀਆਂ ਚੋਣਾਂ ਅਤੇ ਹੋਰ ਗੰਭੀਰ ਮੁੱਦੇਆਂ ਨੂੰ ਸੰਸਦ ਵਿਚ ਚੁੱਕਣ ਲਈ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ: ਹਰਵਿੰਦਰ ਸਿੰਘ ਸਰਨਾ

ਕਮੇਟੀ ਤੇ ਕਰਜਾ ਹੋਣ ਕਰਕੇ ਗੁਰੂ ਸਾਹਿਬ ਦੀਆਂ ਸ਼ਤਾਬਦੀਆਂ ਵੀ ਸਰਕਾਰਾਂ ਮਨਾ ਰਹੀਆਂ ਹਨ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀਂ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਇਕ ਭਰਵੀਂ ਪ੍ਰੈਸ ਮਿਲਣੀ ਵਿਚ ਹਰਵਿੰਦਰ ਸਿੰਘ ਸਰਨਾ ਰਾਹੀਂ ਸੁਖਬੀਰ ਸਿੰਘ ਬਾਦਲ ਉਪਰ ਕਾਂਗਰਸ ਨਾਲ ਗੱਠਜੋੜ ਕਰਣ ਦੇ ਦੋਸ਼ ਲਗਾਏ ਗਏ ਹਨ । ਇਸ ਬਾਰੇ ਹਰਵਿੰਦਰ ਸਿੰਘ ਸਰਨਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਰਾਹੁਲ ਗਾਂਧੀ ਨਾਲ ਮੇਰੀ ਮੁਲਾਕਾਤ ਦਿੱਲੀ ਕਮੇਟੀ ਦੀਆਂ ਚੋਣਾਂ ਅਤੇ ਓਥੇ ਕਾਬਿਜ ਪ੍ਰਬੰਧਕਾਂ ਦੀ ਸਰਪ੍ਰਸਤੀ ਹੇਠ ਕਮੇਟੀ ਉਪਰ ਭਾਰੀ ਕਰਜਾ ਚੜਨ ਕਰਕੇ ਓਥੋਂ ਦੇ ਹਾਲਾਤ ਮਾੜੇ ਹੋ ਰਹੇ ਹਨ ਇਸ ਮੁੱਦੇ ਨੂੰ ਸੰਸਦ ਵਿਚ ਚੁੱਕਣ ਲਈ ਸੀ । ਉਨ੍ਹਾਂ ਕਿਹਾ ਮੌਜੂਦਾ ਪ੍ਰਬੰਧਕਾਂ ਦੀ ਨਾਕਾਬਲੀਅਤ ਕਰਕੇ ਅਦਾਲਤਾਂ ਅੰਦਰ ਉਨ੍ਹਾਂ ਉਪਰ ਅਣਗਿਣਤ ਕੇਸ ਚਲ ਰਹੇ ਹਨ ਤੇ ਇਕ ਵਿਚ ਓਹ ਦੋਸ਼ੀ ਵੀ ਕਰਾਰ ਦਿੱਤੇ ਜਾ ਚੁੱਕੇ ਹਨ ਇਥੇ ਹੀ ਬਸ ਨਹੀਂ ਉਲਟਾ ਬੀਤੇ ਦਿਨੀਂ ਅਦਾਲਤ ਵਲੋਂ ਉਨ੍ਹਾਂ ਉਪਰ ਜੁਰਮਾਨਾ ਵੀ ਲਗਾਇਆ ਗਿਆ ਹੈ । ਉਨ੍ਹਾਂ ਕਿਹਾ ਇੰਨ੍ਹਾ ਦੀ ਅਧੀਨਗੀ ਹੇਠ ਅਦਾਲਤ ਵਲੋਂ ਪੰਥਕ ਸਰਮਾਏ ਦੀ ਕੀਮਤਾਂ ਲਗਾਣ ਦੇ ਆਦੇਸ਼ ਜਾਰੀ ਹੋ ਚੁੱਕੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਕਮੇਟੀ ਜਿਸਦੀ ਹੋਂਦ ਜਨਵਰੀ ਵਿਚ ਖ਼ਤਮ ਹੋ ਗਈ ਸੀ ਸਰਕਾਰੀ ਸਰਪ੍ਰਸਤੀ ਹੇਠ ਕਾਨੂੰਨ ਦੀ ਉਲੰਘਣਾ ਕਰਦਿਆਂ ਕਮੇਟੀ ਦੀਆਂ ਚੋਣਾਂ ਨੂੰ ਟਾਲਣ ਲਈ ਹਰ ਹੀਲਾ ਵਰਤਦਿਆਂ ਆਪਣਾ ਕਾਰਜਕਾਲ 9 ਮਹੀਨੇ ਹੋਰ ਵਧਵਾ ਲਿਆ ਹੈ ਜਦਕਿ ਦਿੱਲੀ ਗਵਰਨਰ ਕੋਲ ਇਹ ਅਧਿਕਾਰ ਹੈ ਹੀ ਨਹੀਂ । ਉਨ੍ਹਾਂ ਕਿਹਾ ਅੱਜ ਕਮੇਟੀ ਦੇ ਹਾਲਾਤ ਅੱਜ ਇਤਨੇ ਮਾੜੇ ਹੋ ਚੁਕੇ ਹਨ ਕਿ ਉਨ੍ਹਾਂ ਕੋਲ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਮਨਾਉਣ ਲਈ ਖਜਾਨਾ ਤਕ ਨਹੀਂ ਹੈ ਤੇ ਇਹ ਸ਼ਤਾਬਦੀਆਂ ਵੀ ਸਰਕਾਰਾਂ ਮਨਾ ਰਹੀਆਂ ਹਨ ਤੇ ਜ਼ੇਕਰ ਇਹੋ ਹਾਲਾਤ ਰਹੇ ਤਾਂ ਆਣ ਵਾਲੇ ਸਮੇਂ ਅੰਦਰ ਗੁਰਪੁਰਬ ਤਕ ਸਰਕਾਰ ਮਨਾਂਦੀ ਨਜ਼ਰ ਪੈ ਸਕਦੀ ਹੈ । ਉਨ੍ਹਾਂ ਦਸਿਆ ਇੰਨ੍ਹਾ ਵਰਗੇ ਅਤਿ ਗੰਭੀਰ ਮੁਦਿਆਂ ਉਪਰ ਚਰਚਾ ਕਰਣ ਲਈ ਅਤੇ ਉਨ੍ਹਾਂ ਨੂੰ ਸੰਸਦ ਦੇ ਇਜਲਾਸ ਦੌਰਾਨ ਚੁੱਕਣ ਲਈ ਅਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਜੋ ਕਿ ਇੰਨ੍ਹਾ ਨੂੰ ਹਜਮ ਨਹੀਂ ਹੋ ਰਹੀ ਹੈ ਤੇ ਬੇਵਜਹ ਇਲਜਾਮ ਬਾਜ਼ੀ ਕਰ ਰਹੇ ਹਨ ।