ਰਵਨੀਤ ਤੇ ਰਾਹੁਲ ਦੋਨੋ ਵਾਰਸ ਹਨ ਉਹਨਾਂ ਸ਼ਾਸਕਾਂ ਦੇ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਲਿੱਬੜੇ ਹਨ - ਦਲ ਖ਼ਾਲਸਾ

ਦਲ ਖ਼ਾਲਸਾ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਪਾਰਲੀਮੈਂਟ ਦੇ ਬਾਹਰ ਹੋਈ ਸ਼ਬਦੀ ਜੰਗ &lsquoਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਨਜ਼ਰਾਂ ਵਿੱਚ ਦੋਨੋ ਇੱਕੋ ਹੀ ਡਾਲ ਦੇ ਪੰਛੀ ਹਨ, ਦੋਨਾਂ ਦੇ ਅੰਦਰ ਸਿੱਖਾਂ ਦੇ ਖ਼ੂਨ ਨਾਲ ਹੋਲੀ ਖੇਡਣ ਵਾਲੇ ਸ਼ਾਸਕਾਂ ਦਾ ਖੂਨ ਦੌੜ ਰਿਹਾ ਹੈ ਅਤੇ ਦੋਨਾਂ ਦੀਆਂ ਰਾਜਨੀਤਕ ਸਫ਼ਰ ਦੀਆਂ ਜੜ੍ਹਾਂ ਕਾਂਗਰਸ ਪਾਰਟੀ ਵਿੱਚ ਮੌਜੂਦ ਹਨ।
ਜਥੇਬੰਦੀ ਨੇ ਦੋਨਾਂ &lsquoਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਇੱਕ ਦੇ ਦਾਦੇ (ਮੁੱਖ ਮੰਤਰੀ ਬੇਅੰਤ ਸਿੰਘ) ਦੇ ਹੱਥ ਸਿੱਖਾਂ ਦੇ ਖੂਨ ਨਾਲ ਲਿੱਬੜੇ ਸਨ ਤੇ ਦੂਜੇ ਦੀ ਦਾਦੀ ( ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ) ਦੇ।
ਜਥੇਬੰਦੀ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਰਵਨੀਤ ਕਾਂਗਰਸ ਪਾਰਟੀ ਲਈ ਗ਼ੱਦਾਰ ਹੋ ਸਕਦਾ ਹੈ ਪਰ ਸਿੱਖਾਂ ਨਾਲ ਉਸ ਦੇ ਦਾਦੇ ਨੇ ਦੁਸ਼ਮਣਾਂ ਵਾਂਗ ਸਲੂਕ ਕੀਤਾ ਸੀ। ਦਾਦੇ ਦੇ ਗੁਨਾਹਾਂ ਲਈ ਪੋਤੇ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਕਿੰਨਾ ਕੁ ਵਾਜਬ ਹੈ ਦੇ ਸੁਆਲ ਦੇ ਜਵਾਬ ਵਿੱਚ ਦਲ ਖ਼ਾਲਸਾ ਆਗੂ ਨੇ ਦਲੀਲ ਦਿੰਦਿਆਂ ਕਿਹਾ ਕਿ ਰਵਨੀਤ ਨੇ ਹਮੇਸ਼ਾ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਦਾਦੇ ਦੀ ਵਿਰਾਸਤ ਉੱਤੇ ਮਾਣ ਕਰਨ ਦਾ ਦਾਅਵਾ ਕੀਤਾ ਹੈ ।
ਉਹਨਾਂ ਕਿਹਾ ਕਿ ਰਾਹੁਲ ਨੇ ਵੀ ਗਾਂਧੀ ਪਰਿਵਾਰ ਦੇ ਨਾਮ ਅਤੇ ਵਿਰਾਸਤ ਦਾ ਸਹਾਰਾ ਤੇ ਆਸਰਾ ਲਿਆ ਹੈ ਅਤੇ ਉਸਦੀ ਦਾਦੀ ਜਿੱਥੇ ਦਰਬਾਰ ਸਾਹਿਬ ਹਮਲੇ ਲਈ ਜ਼ਿੰਮੇਵਾਰ ਸੀ ਉਸ ਦਾ ਬਾਪ ਰਾਜੀਵ ਗਾਂਧੀ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸੀ ਤੇ ਦੋਸ਼ੀਆਂ ਦੀ ਕਤਾਰ ਵਿੱਚ ਉਸਦਾ ਨਾਮ ਪਹਿਲੇ ਨੰਬਰ ਤੇ ਹੈ ।
ਉਹਨਾਂ ਕਿਹਾ ਕਿ ਦੋਨਾਂ ਨੇ ਆਪਣੇ ਖ਼ਾਨਦਾਨ ਦੇ ਬੁਜੁਰਗਾਂ ਦੇ ਗੁਨਾਹਾਂ ਦੀ ਕਦੇ ਵੀ ਸਿੱਖ ਪੰਥ ਕੋਲੋਂ ਸਪੱਸ਼ਟ ਤੌਰ ਤੇ ਮੁਆਫ਼ੀ ਨਹੀਂ ਮੰਗੀ ਹੈ।
ਉਹਨਾਂ ਵਿਅੰਗਮਈ ਢੰਗ ਨਾਲ ਕਿਹਾ ਕਿ ਰਵਨੀਤ ਦਾ ਇਹ ਕਥਨ ਕਿ ਕਾਂਗਰਸ ਨੇ ਗੁਰਦੁਆਰਿਆਂ ਤੇ ਹਮਲੇ ਕੀਤੇ, ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਚਲਾਈਆਂ ਅਤੇ ਨਿਰਦੋਸ਼ ਸਿੱਖਾਂ ਦੇ ਕਤਲ ਕੀਤੇ, ਇਕ ਤਰ੍ਹਾਂ ਨਾਲ ਰਾਹੁਲ ਦੀ ਦਾਦੀ ਅਤੇ ਬਾਪ ਅਤੇ ਆਪਣੇ ਦਾਦੇ ਦੇ ਗੁਨਾਹਾਂ ਦਾ ਕਬੂਲਨਾਮਾ ਹੈ।