ਭਾਈ ਅਮਰੀਕ ਸਿੰਘ ਗਿੱਲ ਦੀ ਸਿਹਤਯਾਬੀ ਲਈ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਡਿਪਟੀ ਸਪੀਕਰ ਵੱਲੋਂ ਭਾਈ ਅਮਰੀਕ ਸਿੰਘ ਗਿੱਲ ਵੱਲੋਂ ਕੀਤੀਆਂ ਜਾ ਰਹੀਆ ਸੇਵਾਵਾਂ ਦੀ ਕੀਤੀ ਸ਼ਲਾਘਾ
ਲੈਸਟਰ (ਇੰਗਲੈਂਡ)  (ਸੁਖਜਿੰਦਰ ਸਿੰਘ ਢੱਡੇ)- ਸਿੱਖ ਫੈਡਰੇਸ਼ਨ (ਯੂ.ਕੇ.) ਦੇ ਚੇਅਰਮੈਨ ਅਤੇ ਸਾਊਥਹੈਂਪਟਨ ਵਸਨੀਕ ਭਾਈ ਅਮਰੀਕ ਸਿੰਘ ਗਿੱਲ ਦੀ ਸਿਹਤ ਵਿੱਚ ਸੁਧਾਰ ਹੋਣ &lsquoਤੇ ਗੁਰਦੁਆਰਾ ਖਾਲਸਾ ਦਰਬਾਰ ਸਾਊਥਹੈਂਪਟਨ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਾਊਸ ਆਫ ਕਾਮਨਜ਼ ਦੀ ਡਿਪਟੀ ਸਪੀਕਰ ਕੈਰੋਲਿਨ ਨੋਕਸ ਐੱਮ.ਪੀ. ਨੇ ਭਾਈ ਅਮਰੀਕ ਸਿੰਘ ਗਿੱਲ ਦੀ ਸੇਵਾਵਾਂ ਅਤੇ ਸ਼ਖਸੀਅਤ ਦੀ ਭਰਪੂਰ ਸ਼ਲਾਘਾ ਕੀਤੀ।
ਜਾਣਕਾਰੀ ਮੁਤਾਬਕ ਭਾਈ ਅਮਰੀਕ ਸਿੰਘ ਗਿੱਲ ਨੂੰ 18 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੀ ਚੰਗੀ ਸਿਹਤ ਲਈ ਸੰਗਤਾਂ ਵੱਲੋਂ ਸਹਿਜ ਪਾਠ ਅਰੰਭ ਕੀਤਾ ਗਿਆ ਸੀ। ਇਸ ਲੜੀ ਤਹਿਤ ਗੁਰਦੁਆਰਾ ਖਾਲਸਾ ਦਰਬਾਰ ਸਾਊਥਹੈਂਪਟਨ ਵਿਖੇ ਭੋਗ ਅਤੇ ਸ਼ੁਕਰਾਨਾ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਸੰਗਤਾਂ ਨੇ ਇਕੱਠੇ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਅਤੇ ਭਾਈ ਅਮਰੀਕ ਸਿੰਘ ਗਿੱਲ ਦੀ ਪੂਰੀ ਤਰ੍ਹਾਂ ਸਿਹਤਯਾਬੀ ਲਈ ਅਰਦਾਸ ਕੀਤੀ।
ਡਿਪਟੀ ਸਪੀਕਰ ਕੈਰੋਲਿਨ ਨੋਕਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਈ ਅਮਰੀਕ ਸਿੰਘ ਗਿੱਲ ਨੂੰ ਪਿਛਲੇ ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦੇ ਹਨ ,ਅਤੇ ਉਹ ਪਰਿਵਾਰ ਦੇ ਕਰੀਬੀ ਦੋਸਤ ਹਨ। ਉਨ੍ਹਾਂ ਭਾਈ ਗਿੱਲ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾ ਰਾਜਨੀਤਿਕ ਮਸਲਿਆਂ ਸਮੇਤ ਕਈ ਮੁੱਦਿਆਂ &lsquoਤੇ ਸਿਆਣੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਈ ਅਮਰੀਕ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ ਸਮਾਜਕ ਅਤੇ ਧਾਰਮਿਕ ਸੇਵਾਵਾਂ ਵਿੱਚ ਹਮੇਸ਼ਾ ਅੱਗੇ ਰਹੇ ਹਨ।ਉਨ੍ਹਾਂ ਨੇ ਭਾਈ ਅਮਰੀਕ ਸਿੰਘ ਦੀ ਧਾਰਮਿਕ ਨਿਸ਼ਠਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਊਥਹੈਂਪਟਨ ਵਿੱਚ ਸਿੱਖ ਭਾਈਚਾਰੇ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਵਿਕਾਸ ਲਈ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਈ ਅਮਰੀਕ ਸਿੰਘ ਨੇ ਯਕੀਨੀ ਬਣਾਇਆ ਕਿ ਇਲਾਕੇ ਦੇ ਸਿੱਖਾਂ ਨੂੰ ਆਪਣਾ ਧਰਮ ਅਪਣਾਉਣ ਅਤੇ ਅਰਦਾਸ ਕਰਨ ਲਈ ਵਧੀਆ ਸਹੂਲਤਾਂ ਮਿਲਣ।
ਉਨ੍ਹਾਂ ਭਾਈ ਅਮਰੀਕ ਸਿੰਘ ਦੀ ਹਿੰਮਤ ਅਤੇ ਅਡੋਲ ਇਰਾਦੇ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਗੰਭੀਰ ਬਿਮਾਰੀ ਤੋਂ ਉਭਰਨ ਲਈ ਅੰਦਰੂਨੀ ਤਾਕਤ ਦੀ ਲੋੜ ਹੁੰਦੀ ਹੈ ਅਤੇ ਭਾਈ ਅਮਰੀਕ ਸਿੰਘ ਨੇ ਹਮੇਸ਼ਾ ਆਪਣੀ ਦ੍ਰਿੜਤਾ ਅਤੇ ਸਮਰਪਣ ਦਾ ਪ੍ਰਮਾਣ ਦਿੱਤਾ ਹੈ।
ਇਸ ਮੌਕੇ ਭਾਈ ਅਮਰੀਕ ਸਿੰਘ ਗਿੱਲ ਨੇ ਸੰਗਤਾਂ, ਦੋਸਤਾਂ ਅਤੇ ਸਿਆਸੀ ਆਗੂਆਂ ਵੱਲੋਂ ਕੀਤੀਆਂ ਅਰਦਾਸਾਂ ਅਤੇ ਭੇਜੇ ਗਏ ਸੁਨੇਹਿਆਂ ਲਈ ਧੰਨਵਾਦ ਪ੍ਰਗਟ ਕੀਤਾ। ਸੰਗਤਾਂ ਨੇ ਵੀ ਖੁਸ਼ੀ ਜਤਾਈ ਕਿ ਭਾਈ ਅਮਰੀਕ ਸਿੰਘ ਗਿੱਲ ਹੁਣ ਤੇਜ਼ੀ ਨਾਲ ਸਿਹਤਯਾਬੀ ਵੱਲ ਵਧ ਰਹੇ ਹਨ।