ਸੁਖਬੀਰ ਨਾਲ ਸਮਝੌਤਾ ਨਹੀਂ: ਗਿਆਨੀ ਹਰਪ੍ਰੀਤ ਸਿੰਘ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ 2024 ਦੇ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਬਿਨਾਂ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਦੇ ਵੀ ਸਮਝੌਤਾ ਨਹੀਂ ਹੋਵੇਗਾ। ਅੱਜ ਇਥੇ ਪਾਰਟੀ ਦਫਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲਾਂ ਦਾ ਸਮਝੌਤਾ ਫਲਸਫੇ ਅਤੇ ਸਿਧਾਂਤਾਂ ਦੇ ਅਧਾਰਤ ਹੁੰਦਾ ਹੈ ਨਾ ਕਿ ਕਿਸੇ ਵਿਅਕਤੀ ਦੇ ਨਿੱਜੀ ਖਿਆਲਾਂ ਦਾ ਸਮਝੌਤਾ ਹੋਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਨੇ ਪਿੰਡ ਸੈਣੀਮਾਜਰਾ ਦੀ 44 ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਕੋਡੀਆਂ ਦੇ ਭਾਅ ਵੇਚ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਨੇ ਚਿੱਠੀ ਜਾਰੀ ਕਰਕੇ ਮੈਨੇਜਰ ਨੂੰ ਅਧਿਕਾਰ ਦਿੱਤੇ ਸਨ, ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੋਟਾ ਮੁਲਾਜ਼ਮ ਬਿਨਾਂ ਸ਼ਹਿ ਤੋਂ ਬੇਸ਼ਕੀਮਤੀ ਜ਼ਮੀਨ ਕੋਡੀਆਂ ਦੇ ਭਾਅ ਨਹੀਂ ਵੇਚ ਸਕਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਾਰੀ ਜ਼ਿੰਮੇਵਾਰੀ ਮੈਨੇਜਰ &rsquoਤੇ ਸੁੱਟ ਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵਿੱਚ ਕੁਝ ਭ੍ਰਿਸ਼ਟ ਅਧਿਕਾਰੀ ਗੁਰੂ ਘਰਾਂ ਨੂੰ ਦਾਨ ਕੀਤੀਆਂ ਜ਼ਮੀਨ ਵੇਚ ਕੇ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬਿਨਾਂ ਸਿਆਸੀ ਦਬਾਅ ਦੇ ਨਿਰਪੱਖ ਜਾਂਚ ਕਰ ਕੇ ਇਸ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਤੁਰੰਤ ਫੌਜਦਾਰੀ ਪਰਚਾ ਦਰਜ ਕਰਵਾ ਦੇ ਜੇਲ੍ਹ ਭੇਜਣਾ ਚਾਹੀਦਾ ਹੈ।