20 ਫਰਵਰੀ ਜਨਮ ਦਿਨ ਤੇ ਵਿਸ਼ੇਸ਼, ਪੰਥ ਦਾ ਨਿਸ਼ਕਾਮ ਸੇਵਕ - ਸ। ਤੇਜਾ ਸਿੰਘ ਸਮੁੰਦਰੀ
ਕੌਮੀ ਫਰਜ਼ਾਂ ਨੂੰ ਤਾਅ ਜੀਵਨ ਸਿਦਕ ਦਿਲੀ ਨਾਲ ਨਿਭਾਉਣ ਵਾਲੇ ਸਿੱਖ ਆਗੂਆਂ ਵਿੱਚੋਂ ਪ੍ਰਮੁੱਖ ਆਗੂ ਸਨ, ਸ। ਤੇਜਾ ਸਿੰਘ ਸਮੁੰਦਰੀ । ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਸਿਦਕੀ ਸਿੱਖ ਆਗੂਆਂ ਦਾ ਜ਼ਿਕਰ ਚੱਲਦਾ ਹੈ, ਤਾਂ ਉਸ ਸਮੇਂ ਨਿਸ਼ਕਾਮ ਸੇਵਕ ਵਜੋਂ ਜਿਹੜਾ ਦਰਦ ਸਿੱਖ ਸਿਧਾਂਤਾਂ ਪ੍ਰਤੀ ਸ। ਸਮੁੰਦਰੀ ਦੇ ਹਿਰਦੇ ਵਿੱਚ ਸੀ, ਉਸ ਨੂੰ ਸਮੁੱਚੀ ਕੌਮ ਕਦੇ ਵੀ ਨਹੀਂ ਭੁੱਲ ਸਕਦੀ । ਉਨ੍ਹਾਂ ਦੇ ਸੁਭਾਅ ਦੀ ਦ੍ਰਿੜਤਾ, ਸਾਦਗੀ ਅਤੇ ਸਿਦਕ ਦਿਲੀ ਦੀ ਕਦਰ ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਾਮਿਲ ਹਰ ਉਹ ਗੁਰਸਿੱਖ ਕਰਦਾ ਸੀ, ਜਿਸ ਨੇ ਵੀ ਇਸ ਲਹਿਰ ਵਿੱਚ ਸ਼ਮੂਲੀਅਤ ਕੀਤੀ । ਸ। ਤੇਜਾ ਸਿੰਘ ਦਾ ਜਨਮ ਪਿਤਾ ਰਸਾਲਦਾਰ ਮੇਜਰ ਸ। ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਗ੍ਰਹਿ ਵਿਖੇ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਰਾਇ ਦਾ ਬੁਰਜ ਵਿਖੇ 20 ਫਰਵਰੀ, 1882 ਈ: ਨੂੰ ਹੋਇਆ । ਸ। ਤੇਜਾ ਸਿੰਘ ਦੀ ਬਚਪਨ ਵਿੱਚ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਪਿਆਰ ਦੀ ਚਰਚਾ ਪਰਿਵਾਰ ਵਿੱਚ ਹੁੰਦੀ ਰਹਿੰਦੀ ਸੀ । ਸਮਾਜਿਕ ਕਾਰਜਾਂ ਵਿੱਚ ਮੂਹਰੀ ਬਣ ਕੇ ਵਿਚਰਨਾ ਵੀ ਸੁਭਾਅ ਦਾ ਵੱਡਾ ਗੁਣ ਸੀ । ਜਵਾਨੀ ਦੇ ਦਿਨਾਂ ਵਿੱਚ ਹੀ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵਜੋਂ ਧਾਰਮਿਕ ਖੇਤਰ ਵਿੱਚ ਵਿਚਰਨਾ ਸ਼ੁਰੂ ਕੀਤਾ । ਦੀਵਾਨ ਦੇ ਆਗੂਆਂ ਨੂੰ ਕੌਮ ਵਿੱਚ ਅਨਪੜ੍ਹਤਾ ਅਤੇ ਗਰੀਬੀ ਤੋਂ ਛੁਟਕਾਰਾ ਦਿਵਾਉਣ ਦੀ ਵਿਚਾਰਧਾਰਾ ਨੇ ਉਨ੍ਹਾਂ ਨੂੰ ਧੁਰ ਹਿਰਦੇ ਤੋਂ ਪ੍ਰਭਾਵਿਤ ਕੀਤਾ । ਆਪਣੇ ਸ਼ਹਿਰ ਸਮੁੰਦਰੀ ਵਿਖੇ ਸਭ ਤੋਂ ਪਹਿਲਾਂ ਖ਼ਾਲਸਾ ਦੀਵਾਨ ਕਾਇਮ ਕੀਤਾ । ਕੌਮ ਨੂੰ ਜਹਾਲਤ ਵਿੱਚੋਂ ਕੱਢਣ ਲਈ ਵੱਡੀ ਸੋਚ ਦੇ ਧਾਰਨੀ ਹੋਣ ਕਰਕੇ ਹਰ ਕੋਈ ਇਨ੍ਹਾਂ ਦੇ ਵਿਚਾਰਾਂ ਪ੍ਰਤੀ ਹੁੰਗਾਰਾ ਭਰਦਾ ਸੀ । ਇਸੇ ਸਫ਼ਲ ਹੁੰਗਾਰੇ ਕਰਕੇ ਇਨ੍ਹਾਂ ਹੋਰ ਅਨੇਕਾਂ ਛੋਟੀਆਂ ਛੋਟੀਆਂ ਸਿੱਖ ਸੰਸਥਾਵਾਂ ਨੂੰ ਇਕੱਠਾ ਕਰਕੇ ਖ਼ਾਲਸਾ ਦੀਵਾਨ ਬਾਰ ਦੀ ਸਥਾਪਨਾ ਕੀਤੀ ।
ਸਿੱਖਿਆ ਦੇ ਖੇਤਰ ਵਿੱਚ ਅਗਵਾਈ ਕਰਦਿਆਂ ਆਪਣੇ ਪਿੰਡ ਵਿੱਚ ਖ਼ਾਲਸਾ ਹਾਈ ਸਕੂਲ ਖੁੱਲ੍ਹਵਾਇਆ । ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਦੀ ਸਥਾਪਨਾ ਕੀਤੀ । ਲੋਕਾਂ ਵਿੱਚ ਸਿੱਖਿਆ ਪ੍ਰਤੀ ਜਾਗ੍ਰਿਤੀ ਪੈਦਾ ਕਰਨੀ ਵੱਡਾ ਉੱਦਮ ਸੀ । ਇਨ੍ਹਾਂ ਦਿਨਾਂ ਵਿੱਚ ਹੀ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਗਮਨ ਅਸਥਾਨ ਲਈ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ । ਉਸ ਸਮੇਂ ਪ੍ਰਬੰਧਕੀ ਕੰਮਾਂ ਪ੍ਰਤੀ ਯੋਗਤਾ ਨੂੰ ਵੇਖਦਿਆਂ ਸ। ਸਮੁੰਦਰੀ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ । ਸਿੱਖਾਂ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਘਾਟ ਨੂੰ ਵੇਖਦਿਆਂ, ਜਦੋਂ ਅਖ਼ਬਾਰ ਸ਼ੁਰੂ ਕਰਨ ਦੀ ਵਿਚਾਰ ਚੱਲ ਰਹੀ ਸੀ, ਤਾਂ ਸ। ਤੇਜਾ ਸਿੰਘ ਸਮੁੰਦਰੀ ਨੂੰ ਨਵੀਂ ਬਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਅਕਾਲੀ ਪੱਤ੍ਰਕਾ ਦੀ ਪ੍ਰਕਾਸ਼ਨਾਂ ਸ਼ੁਰੂ ਕੀਤੀ ਗਈ । ਸ। ਸਮੁੰਦਰੀ ਨੇ ਇਸ ਅਖ਼ਬਾਰ ਲਈ ਮਾਇਕ ਸਹਾਇਤਾ ਵੀ ਖੁੱਲੇ੍ਹ ਦਿਲ ਨਾਲ ਕੀਤੀ ।
ਹੁਣ ਜਦੋਂ ਸ੍ਰੀ ਰਕਾਬਗੰਜ ਦਿੱਲੀ ਲਈ ਮੋਰਚਾ ਆਰੰਭ ਹੋਇਆ, ਤਾਂ ਸ। ਤੇਜਾ ਸਿੰਘ ਸਮੁੰਦਰੀ ਨੇ ਸੌ ਸਿੰਘਾਂ ਦੇ ਵੱਡੇ ਜਥੇ ਸਮੇਤ ਗ੍ਰਿਫ਼ਤਾਰੀ ਲਈ ਪੇਸ਼ ਕੀਤਾ । ਸਮੁੱਚੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਸਿੱਖ ਆਗੂ ਵਜੋਂ ਹਮੇਸ਼ਾਂ ਮੂਹਰੀ ਆਗੂ ਵਜੋਂ ਵਿਚਰੇ । 13 ਅਕਤੂਬਰ, 1923 ਈ: ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ । ਜਦੋਂ 1925 ਵਿੱਚ ਭਾਰਤ ਵਿੱਚ ਹਕੂਮਤ ਕਰ ਰਹੀ ਅੰਗ੍ਰੇਜ਼ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਗੁਰਦੁਆਰਾ ਐਕਟ ਪਾਸ ਕੀਤਾ । ਇਸ ਐਕਟ ਪ੍ਰਤੀ ਸਾਰੇ ਸੰਘਰਸ਼ਸ਼ੀਲ ਆਗੂ ਇਕ ਜੁੱਟ ਨਹੀਂ ਸਨ, ਇਸ ਦੇ ਵਿਰੋਧ ਵਿੱਚ ਜ਼ੋਰ-ਸ਼ੋਰ ਨਾਲ ਅਵਾਜ਼ ਉਠਾਉਣ ਵਾਲੇ ਸਿੱਖ ਆਗੂਆਂ ਦਾ ਵਿਚਾਰ ਸੀ ਕਿ ਇਸ ਐਕਟ ਦੇ ਬਣਨ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਹਮੇਸ਼ਾਂ ਹਕੂਮਤਾਂ ਦੀ ਦਖਲ-ਅੰਦਾਜ਼ੀ ਬਣੀ ਰਹੇਗੀ । ਸੰਸਾਰ ਦੇ ਦੂਜੇ ਧਰਮਾਂ ਵਿੱਚ ਹਕੂਮਤਾਂ ਕਦੇ ਦਖਲ ਨਹੀਂ ਦਿੰਦੀਆਂ । ਸਿੱਖ ਧਰਮ ਦਾ ਪ੍ਰਬੰਧ ਵੀ ਅਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਹੋਣਾ ਚਾਹੀਦਾ ਹੈ । ਸ। ਤੇਜਾ ਸਿੰਘ ਸਮੁੰਦਰੀ ਵੀ ਵਿਰੋਧੀ ਧੜੇ ਦੇ ਆਗੂਆਂ ਵਿੱਚ ਸ਼ਾਮਿਲ ਸਨ । ਉਸ ਸਮੇਂ ਸਾਰੇ ਸੰਘਰਸ਼ੀਲ ਆਗੂ ਜੇਲ੍ਹਾਂ ਵਿੱਚ ਬੰਦ ਸਨ, ਵਿਰੋਧ ਕਰਨ ਵਾਲੇ ਆਗੂਆਂ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਵਿੱਚ ਸ। ਸਮੁੰਦਰੀ ਵੀ ਸ਼ਾਮਿਲ ਸਨ ।
ਦ੍ਰਿੜ੍ਹ ਇਰਾਦੇ ਦੇ ਮਾਲਕ ਹੋਣ ਕਰਕੇ ਸਿਆਣਪ ਤੇ ਸਿਦਕਦਿਲੀ ਕਰਕੇ ਸ। ਤੇਜਾ ਸਿੰਘ ਦਾ ਸਤਿਕਾਰ ਸਾਰਾ ਸਿੱਖ ਜਗਤ ਕਰਦਾ ਸੀ । 
ਅੰਗ੍ਰੇਜ਼ ਹਕੂਮਤ ਵੱਲੋਂ ਜੇਲ੍ਹ ਵਿੱਚ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਦਿਆਂ 17 ਜੁਲਾਈ 1926 ਨੂੰ 44 ਕੁ ਸਾਲ ਦੀ ਆਯੂ ਵਿੱਚ ਦਿਲ ਦਾ ਦੌਰਾ ਪਿਆ । ਇਸ ਮਾਰੂ ਹੱਲੇ ਨਾਲ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾਂ ਲਈ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਸ। ਤੇਜਾ ਸਿੰਘ ਸਮੁੰਦਰੀ ਦੀ ਯਾਦ ਨੂੰ ਹਮੇਸ਼ਾਂ ਲਈ ਬਰਕਰਾਰ ਰੱਖਣ ਲਈ ਸਾਡੇ ਸੂਝਵਾਨ ਪੁਰਖਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਕੱਤਰੇਤ ਲਈ ਬਾਅਦ ਵਿੱਚ ਨਵੀਂ ਬਣੀ ਇਮਾਰਤ ਦਾ ਨਾਂਅ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ । 1969 ਈ: ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਆਗਮਨ ਪੁਰਬ ਸਮੇਂ ਨਵੀਂ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਹਿਲੇ ਬਣੇ ਵਾਈਸ ਚਾਂਸਲਰ ਵੀ ਸ। ਤੇਜਾ ਸਿੰਘ ਸਮੁੰਦਰੀ ਦੇ ਸਪੁੱਤਰ ਸ। ਬਿਸ਼ਨ ਸਿੰਘ ਸਮੁੰਦਰੀ ਨੂੰ ਬਣਾਇਆ ਗਿਆ । ਅੱਜ ਇਸ ਸਿਦਕੀ ਸਿੱਖ ਆਗੂ ਦੀ ਯਾਦ ਹੀ ਬਾਕੀ ਹੈ ।
-ਭਗਵਾਨ ਸਿੰਘ ਜੌਹਲ