ਇਟਲੀ ਦੇ ਪੂਲੀਆ ਸੂਬੇ ਵਿੱਚ ਫਿਲਮੀ ਸਟਾਈਲ ਵਿੱਚ ਨਕਲੀ ਪੁਲਸ ਦੇ ਇੱਕ ਗਿਰੋਹ ਨੇ ਲੁੱਟ ਦੇ ਇਰਾਦੇ ਨਾਲ ਮੋਟਰਵੇਅ ਉਪੱਰ 2 ਵਾਹਨਾਂ ਨੂੰ ਬਣਾਇਆ ਨਿਸ਼ਾਨਾ,ਇੱਕ ਨੂੰ ਲਗਾਈ ਅੱਗ ਤੇ ਦੂਜੇ ਦੀ ਛੱਤ ਨੂੰ ਧਮਾਕੇ ਨਾਲ ਦਿੱਤਾ ਉਡਾਅ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਦੱਖਣੀ ਇਟਲੀ ਦੇ ਸੂਬੇ ਪੂਲੀਆਂ ਅਧੀਨ ਪੈਂਦੇ ਇੱਕ ਮੋਟਰਵੇਅ ਤੇ ਉਸ ਵੇਲੇ ਹਾਲਾਤ ਨਾਜੁਕ ਬਣ ਗਏ ਜਦੋਂ ਇੱਕ ਹਥਿਆਰਬੰਦ ਪੁਲਸ ਦੀ ਵਰਦੀ ਵਾਲੇ ਗਿਰੋਹ ਨੇ ਫਿਲਮੀ ਸਟਾਈਲ ਵਿੱਚ ਬਖਤਰਬੰਦ ਵੈਨ ਦੀ ਛੱਤ ਨੂੰ ਸ਼ਰੇਆਮ ਲੋਕਾਂ ਦੀ ਮੌਜੂਦਗੀ ਵਿੱਚ ਹੀ ਇੱਕ ਧਮਾਕੇ ਨਾਲ ਉਡਾ ਦਿੱਤੀ।ਇਟਲੀ ਦੇ ਕੌਮੀ ਮੀਡੀਏ ਦੀ ਮੁੱਖ ਸੁਰਖੀ ਬਣੀ ਇਹ ਘਟਨਾ ਜਿਹੜੀ ਕਿ ਲੁੱਟ ਦੀ ਨੀਅਤ ਨਾਲ ਕੀਤੀ ਗਈ ਦੱਸੀ ਜਾ ਰਹੀ ਹੈ ਕਿਸੇ ਹਾਲੀਵੁਡ ਦੀ ਫਿਲਮ ਦਾ ਭੁਲੇਖਾ ਪਾਉਂਦੀ ਸੀ।ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਪੂਲੀਆ ਸੂਬੇ ਦੇ ਮੋਟਰਵੇਅ ਨੰਬਰ 613 ਜਿਹੜਾ ਕਿ ਲੇਚੇ ਤੇ ਬਰਿੰਦੀਸੀ ਨੂੰ ਆਪਸ ਵਿੱਚ ਜੋੜਦਾ ਹੈ ਇਸ ਰੋਡ ਉਪੱਰ ਬੀਤੇ ਦਿਨ ਤੜਕੇ ਕਾਲੀ ਵਰਦੀ ਵਿੱਚ ਹਥਿਆਰਬੰਦ ਗਿਰੋਹ ਜਿਹਨਾਂ ਦੀਆਂ ਗੱਡੀਆਂ ਉਪੱਰ ਨਕਲੀ ਐਮਰਜੈਂਸੀ ਲਾਈਟ(ਹੂਟਰ) ਵੀ ਲੱਗੀਆਂ ਹੋਈਆਂ ਸਨ 3 ਗੱਡੀਆਂ ਵਿੱਚ ਆਕੇ 1 ਵਾਹਨ ਨੂੰ ਘੇਰ ਕੇ ਅੱਗ ਲਗਾ ਦਿੰਦੇ ਹਨ ਫਿਰ ਬਾਅਦ ਵਿੱਚ ਇੱਕ ਬਖਤਰਬੰਦ ਵੈਨ ਨੂੰ ਘੇਰ ਲੈਂਦੇ ਹਨ ।ਕੁਝ ਰਿਪੋਰਟਾਂ ਦੇ ਅਨੁਸਾਰ ਰੋਕੀ ਗਈ ਵੈਨ ਵਿੱਚ ਲੱਖਾਂ ਯੂਰੋ ਲੈਕੇ ਜਾ ਰਹੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋਈ।ਗਵਾਹਾਂ ਦੁਆਰਾ ਲਈ ਗਈ ਵੀਡਿਓ ਵਿੱਚ ਘੱਟੋ-ਘੱਟ 6 ਨਕਾਬਪੋਸ਼ ਲੋਕ ਦਿਖਾਈ ਦੇ ਰਹੇ ਸਨ ਜਿਹਨਾਂ ਵਿੱਚੋਂ ਕੁਝ ਚਿੱਟੇ ਸੂਟ ਵਿੱਚ ਵੀ ਦਿਖਾਈ ਦਿੱਤੇ।ਰੋਡ ਨੂੰ ਇਸ ਘਟਨਾ ਨੇ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ ਸੀ ਜਿਸ ਕਾਰਨ ਲੋਕ ਵਾਹਨ ਰੋਕ ਇਸ ਘਟਨਾ ਨੂੰ ਹੈਰਾਨ ਹੋ ਦੇਖ ਰਹੇ ਹਨ।ਲੋਕਾਂ ਦੇ ਦੇਖਦੇ ਹੀ ਦੇਖਦੇ ਗਿਰੋਹ ਦੇ ਬੰਦਿਆਂ ਨੇ ਵੈਨ ਦੀ ਛੱਤ ਨੂੰ ਇੱਕ ਧਮਾਕੇ ਨਾਲ ਇੰਝ ਉਡਾ ਦਿੱਤਾ ਜਿਵੇਂ ਕਿ ਉਹ ਕਿਸੇ ਹਾਲੀਵੁਡ ਫਿਲਮ ਦਾ ਸੀਨ ਹੋਵੇ।ਘਟਨਾ ਨਾਲ ਰੋਡ ਉਪੱਰ ਚਾਹੇ ਹਪੜਾ-ਦਫ਼ੜੀ ਵਰਗਾ ਮਾਹੌਲ ਬਣ ਗਿਆ ਪਰ ਗਿਰੋਹ ਦੇ ਲੋਕ ਬੇਖੌਫ਼ ਘਟਨਾ ਨੂੰ ਅੰਜਾਮ ਦੇ ਰਹੇ ਸਨ।ਬੇਸ਼ੱਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਲੀ ਪੁਲਸ ਨੇ ਮੋਰਚਾ ਸਾਂਭ ਲਿਆ ਪਰ ਘਟਨਾ ਨੂੰ ਅੰਜਾਮ ਦੇ ਵਾਲੇ ਗਿਰੋਹ ਦੇ ਸਿਰਫ਼ 2 ਲੋਕਾਂ ਨੂੰ ਪੁਲਸ ਕਾਬੂ ਕਰ ਸਕੀ ਜਦੋਂ ਕਿ ਬਾਕੀ ਭੱਜਣ ਵਿੱਚ ਕਾਮਯਾਬ ਰਹੇ।ਇਸ ਘਟਨਾ ਦੀ ਚਰਚਾ ਜਿੱਥੇ ਪੂਰੇ ਇਟਲੀ ਵਿੱਚ ਜੋਰਾਂ ਨਾਲ ਚੱਲ ਰਹੀ ਹੈ ਉੱਥੇ ਲੋਕ ਪੁਲਸ ਨੂੰ ਹੋਰ ਤੇਜ ਹੋਣ ਲਈ ਤੰਜ ਵੀ ਕੱਸ ਰਹੇ ਹਨ।ਗ੍ਰਿਫ਼ਤਾਰ ਕੀਤੇ 2 ਲੋਕਾਂ ਦੀ ਪਹਿਚਾਣ ਜਿਓਸੇਪੇ ਇਆਨੇਲੀ 38 ਤੇ ਜਿਓਸੇਪੇ ਰੂਸੋ 62 ਵਜੋਂ ਹੋਈ ਹੈ ਜਿਹਨਾਂ ਨੂੰ ਪੁਲਸ ਨੇ ਕਾਫ਼ੀ ਜੱਦੋ-ਜਹਿਦ ਦੇ ਕਾਬੂ ਕਰ ਜੇਲ ਭੇਜ ਦਿੱਤਾ ਹੈ।