ਜਾਹਨਵੀ ਕੰਦੂਲਾ ਮਾਮਲੇ ‘ਚ ਆਇਆ ਫ਼ੈਸਲਾ, ਪਰਿਵਾਰ ਨੂੰ ਮਿਲਣਗੇ 29 ਮਿਲੀਅਨ ਡਾਲਰ

ਸਿਆਟਲ, : ਅਮਰੀਕਾ ਦੇ ਸਿਆਟਲ ਵਿੱਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਸਮਝੌਤਾ ਹੋਇਆ ਹੈ। ਸਿਆਟਲ ਪ੍ਰਸ਼ਾਸਨ ਨੇ ਜਾਹਨਵੀ ਦੇ ਪਰਿਵਾਰ ਨੂੰ 29 ਮਿਲੀਅਨ ਡਾਲਰ (ਲਗਭਗ 262 ਕਰੋੜ ਰੁਪਏ) ਦੇਣ &lsquoਤੇ ਸਹਿਮਤੀ ਜਤਾਈ ਹੈ। ਇਹ ਰਕਮ ਗਲਤ ਤਰੀਕੇ ਨਾਲ ਹੋਈ ਮੌਤ ਦੇ ਕੇਸ ਵਿੱਚ ਸਮਝੌਤੇ ਵਜੋਂ ਦਿੱਤੀ ਜਾ ਰਹੀ ਹੈ। ਪਰਿਵਾਰ ਵੱਲੋਂ 2024 ਵਿੱਚ ਸ਼ਹਿਰ ਪ੍ਰਸ਼ਾਸਨ ਅਤੇ ਸਾਬਕਾ ਪੁਲਿਸ ਅਧਿਕਾਰੀ ਕੇਵਿਨ ਡੇਵ ਖ਼ਿਲਾਫ਼ 110 ਮਿਲੀਅਨ ਡਾਲਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕੇਵਿਨ ਡੇਵ ਨੂੰ ਪਿਛਲੇ ਸਾਲ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ 29 ਮਿਲੀਅਨ ਵਿੱਚੋਂ ਕਰੀਬ 20 ਮਿਲੀਅਨ ਡਾਲਰ ਸ਼ਹਿਰ ਦੀ ਬੀਮਾ ਕੰਪਨੀ ਵੱਲੋਂ ਦਿੱਤੇ ਜਾਣਗੇ।
23 ਸਾਲਾ ਜਾਹਨਵੀ ਕੰਦੂਲਾ ਭਾਰਤ ਦੀ ਰਹਿਣ ਵਾਲੀ ਸੀ ਅਤੇ ਨਾਰਥਈਸਟਰਨ ਯੂਨੀਵਰਸਿਟੀ ਦੇ ਸਿਆਟਲ ਕੈਂਪਸ ਵਿੱਚ ਇਨਫ਼ਾਰਮੇਸ਼ਨ ਸਿਸਟਮਜ਼ ਵਿੱਚ ਮਾਸਟਰ ਕਰ ਰਹੀ ਸੀ। 23 ਜਨਵਰੀ 2023 ਨੂੰ ਸੜਕ ਪਾਰ ਕਰਦਿਆਂ ਉਨ੍ਹਾਂ ਨੂੰ ਤੇਜ਼ ਰਫ਼ਤਾਰ ਪੁਲਿਸ ਵਾਹਨ ਨੇ ਟੱਕਰ ਮਾਰੀ ਸੀ।