ਇਮੀਗ੍ਰੇਸ਼ਨ ਅਦਾਲਤ ਵੱਲੋਂ ਤੁਰਕੀ ਦੇ ਵਿਦਿਆਰਥੀ ਨੂੰ ਦੇਸ਼ ਨਿਕਾਲਾ ਦੇਣ ਉਪਰ ਰੋਕ, ਮਾਮਲਾ ਫਲਸਤੀਨ ਪੱਖੀ ਲੇਖ ਲਿਖਣ ਦਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇੱਕ ਇਮੀਗ੍ਰੇਸ਼ਨ ਅਦਾਲਤ ਨੇ ਟਰੰਪ ਪ੍ਰਸਾਸ਼ਨ ਦੁਆਰਾ ਤੁਰਕੀ ਦੀ ਇੱਕ ਵਿਦਿਆਰਥਣ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਉਪਰ ਰੋਕ ਲਾ ਦਿੱਤੀ ਹੈ। ਰੂਮੇਸਾ ਓਜ਼ਟਰਕ ਨਾਮੀ ਵਿਦਿਆਰਥਣ ਨੂੰ ਟਫਟਸ ਯੁਨੀਵਰਸਿਟੀ ਦੇ ਵਿਦਿਆਰਥੀਆਂ ਦੇ ਅਖਬਾਰ ਲਈ ਫਸਲਤੀਨ ਪਖੀ ਲੇਖ ਲਿਖਣ ਕਾਰਨ ਮਾਰਚ 2025 ਵਿੱਚ ਬੋਸਟਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਲੇਖ ਵਿੱਚ ਉਸ ਨੇ ਇਜਰਾਈਲ- ਗਾਜ਼ਾ ਜੰਗ ਬਾਰੇ ਸਕੂਲ ਦੇ ਪ੍ਰਤੀਕਰਮ ਦੀ ਨਿੰਦਾ ਕੀਤੀ ਸੀ। ਮਈ 2025 ਵਿੱਚ ਇਕ ਸੰਘੀ ਅਦਾਲਤ ਨੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਫਰੀਡਮ ਆਫ ਦਾ ਪ੍ਰੈਸ ਫਾਊਂਡੇਸ਼ਨ ਚੀਫ ਆਫ ਐਡਵੋਕੇਸੀ ਸੇਠ ਸਟਰਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਮਾਮਲਾ ਪ੍ਰੈਸ ਦੀ ਆਜ਼ਾਦੀ ਦੀ ਉਲੰਘਣਾ ਨਾਲ ਜੁੜਿਆ ਹੋਇਆ ਹੈ। ਉਨਾਂ ਕਿਹਾ ਟਰੰਪ ਪ੍ਰਸਾਸ਼ਨ ਆਪਣੀ ਕਾਰਵਾਈ ਦਾ ਕਾਰਨ ਦੱਸਣ ਲਈ ਵੀ ਤਿਆਰ ਨਹੀਂ ਹੈ, ਓਜ਼ਰਟਕ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਬਹੁਤ ਹੀ ਬੁਰੇ ਹਾਲਾਤ ਵਿੱਚ ਰਖਿਆ ਗਿਆ ਤੇ ਉਸ ਨੂੰ ਇਸ ਆਧਾਰ 'ਤੇ ਦੇਸ਼ ਨਿਕਾਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਉਸ ਮੁੱਦੇ 'ਤੇ ਲੱਖਾਂ ਅਮਰੀਕੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸਨ ਜੋ ਮੁੱਦਾ ਇਸ ਵੇਲੇ ਬਹੁਤ ਅਹਿਮ ਬਣਿਆ ਹੋਇਆ ਹੈ। ਟਰੰਪ ਪ੍ਰਸਾਸ਼ਨ ਨੇ ਕਿਹਾ ਹੈ ਕਿ ਉਹ ਸੰਘੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਵੇਗਾ।