ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਕੀ ਗੁਨਾਹ ਕਬੂਲ ਕੀਤਾ?
_14Feb26031323AM.jpg)
*ਗੁਪਤਾ ਨੂੰ ਕਿੰਨੀ ਸਜ਼ਾ ਮਿਲਣ ਦੀ ਸੰਭਾਵਨਾ
*ਭਾਰਤ ਸਰਕਾਰ ਲਈ ਇਹ ਕੇਸ ਕਿੰਨਾ ਕੁ ਚੁਣੌਤੀਪੂਰਨ ?
*ਸਿੱਖ ਭਾਈਚਾਰਾ ਕੀ ਸੋਚਦਾ ਹੈ ਅਤੇ ਕੈਨੇਡਾ ਵਿੱਚ ਨਿਝਰ ਕੇਸ ਕਿਉਂ ਅਟਕਿਆ ਲੱਗ ਰਿਹਾ ਹੈ?
ਬੀਤੇ ਦਿਨੀ ਨਿਊਯਾਰਕ ਦੀ ਮੈਨਹਟਨ ਫੈਡਰਲ ਅਦਾਲਤ ਵਿੱਚ 54 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਆਪਣੇ ਤਿੰਨ ਵੱਡੇ ਦੋਸ਼ ਪੂਰੀ ਤਰ੍ਹਾਂ ਮੰਨ ਲਏ ਸਨ। ਉਸ ਨੇ ਅਦਾਲਤ ਵਿੱਚ ਜੱਜ ਸਾਰਾ ਨੈੱਟਬਰਨ ਅੱਗੇ ਕਿਹਾ ਸੀ ਕਿ ਉਸ ਨੇ 2023 ਵਿੱਚ ਇੱਕ ਵਿਅਕਤੀ ਨੂੰ 15,000 ਅਮਰੀਕੀ ਡਾਲਰ ਦਿੱਤੇ ਸਨ ਜਿਸ ਨੂੰ ਉਹ ਕਤਲ ਕਰਨ ਵਾਲਾ (ਹਿੱਟਮੈਨ) ਸਮਝਦਾ ਸੀ। ਇਹ ਪੈਸੇ ਗੁਰਪਤਵੰਤ ਸਿੰਘ ਪੰਨੂ (ਨਿਊਯਾਰਕ ਵਿੱਚ ਰਹਿਣ ਵਾਲੇ ਸਿੱਖ ਐਕਟਿਵਿਸਟ ਅਤੇ ਸਿੱਖਸ ਫਾਰ ਜਸਟਿਸ ਦੇ ਲੀਡਰ) ਨੂੰ ਮਾਰਨ ਲਈ ਦਿੱਤੇ ਸਨ। ਪਰ ਇਹ "ਹਿੱਟਮੈਨ" ਅਸਲ ਵਿੱਚ ਅਮਰੀਕੀ ਡਰੱਗ ਐਨਫੋਰਸਮੈਂਟ ਏਜੰਸੀ ਦਾ ਅੰਡਰਕਵਰ ਅਫਸਰ ਸੀ।
ਅਮਰੀਕੀ ਪ੍ਰੋਸੀਕਿਊਟਰਾਂ ਅਨੁਸਾਰ ਗੁਪਤਾ ਨੂੰ ਭਾਰਤ ਸਰਕਾਰ ਦੇ ਇੱਕ ਅਫਸਰ ਵਿਕਾਸ ਯਾਦਵ (ਕੈਬਨਿਟ ਸੈਕਰਟੇਰੀਅਟ ਅਤੇ ਰਾਅ ਨਾਲ ਜੁੜਿਆ) ਨੇ ਭਰਤੀ ਕੀਤਾ ਸੀ। ਗੁਪਤਾ ਨੇ ਪੰਨੂ ਦਾ ਘਰ ਦਾ ਪਤਾ, ਫੋਨ ਨੰਬਰ ਅਤੇ ਹੋਰ ਜਾਣਕਾਰੀ ਹਿੱਟਮੈਨ ਨੂੰ ਦਿੱਤੀ ਸੀ। ਉਸ ਨੇ ਭਾਈ ਹਰਦੀਪ ਸਿੰਘ ਨਿਝਰ (ਕੈਨੇਡਾ ਵਿੱਚ ਜੂਨ 2023 ਵਿੱਚ ਕਤਲ ਕੀਤੇ ਗਏ ਸਿੱਖ ਲੀਡਰ) ਦੀ ਹੱਤਿਆ ਨੂੰ ਵੀ ਇਸੇ ਗਰੁੱਪ ਨਾਲ ਜੋੜਦਿਆਂ ਕਿਹਾ ਸੀ ਕਿ "ਸਾਡੇ ਬਹੁਤ ਸਾਰੇ ਟਾਰਗੇਟ ਹਨ" ਅਤੇ "ਤੁਸੀਂ ਪੰਨੂ ਨੂੰ ਜਲਦੀ ਮਾਰੋ"। ਗੁਪਤਾ 2023 ਵਿੱਚ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਹੋਇਆ ਸੀ ਅਤੇ ਜੂਨ 2024 ਵਿੱਚ ਅਮਰੀਕਾ ਹਵਾਲੇ ਕੀਤਾ ਗਿਆ ਸੀ। ਅਦਾਲਤ ਵਿੱਚ ਸਿੱਖ ਭਾਈਚਾਰੇ ਦੇ ਲੋਕ ਮੌਜੂਦ ਸਨ ਜਿਨ੍ਹਾਂ ਨੇ ਬਾਹਰ ਖਾਲਿਸਤਾਨ ਝੰਡੇ ਲਹਿਰਾਏ ਸਨ।
ਗੁਪਤਾ ਨੇ ਮਰਡਰ-ਫਾਰ-ਹਾਇਰ, ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਵਿੱਚ ਗੁਨਾਹ ਕਬੂਲ ਕੀਤਾ ਹੈ। ਇਨ੍ਹਾਂ ਤਿੰਨਾਂ ਤਹਿਤ ਵੱਧ ਤੋਂ ਵੱਧ 40 ਸਾਲ ਦੀ ਕੈਦ ਹੋ ਸਕਦੀ ਹੈ (ਹਰ ਇੱਕ ਲਈ 10-20 ਸਾਲ)। ਪਲੀਅ ਐਗਰੀਮੈਂਟ ਅਨੁਸਾਰ ਘੱਟੋ-ਘੱਟ 20 ਸਾਲ ਜੇਲ੍ਹ ਵਿੱਚ ਬਿਤਾਉਣੇ ਪੈ ਸਕਦੇ ਹਨ। 29 ਮਈ 2026 ਨੂੰ ਸਜ਼ਾ ਸੁਣਾਈ ਜਾ ਸਕਦੀ ਹੈ । ਗੁਪਤਾ 2023 ਤੋਂ ਜੇਲ੍ਹ ਵਿੱਚ ਹੈ। ਅਮਰੀਕੀ ਅਟਾਰਨੀ ਜੇ ਕਲੇਟਨ ਨੇ ਕਿਹਾ ਕਿ ਇਹ ਵਿਦੇਸ਼ੀ ਤਾਕਤਾਂ ਲਈ ਸਖ਼ਤ ਸੰਦੇਸ਼ ਹੈ ਕਿ ਅਮਰੀਕੀ ਧਰਤੀ ਤੇ ਅਜ਼ਾਦੀ ਨਾਲ ਬੋਲਣ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਭਾਰਤ ਸਰਕਾਰ ਨੇ ਹਮੇਸ਼ਾ ਇਸ ਸਾਜ਼ਿਸ਼ ਤੋਂ ਆਪਣੇ ਆਪ ਨੂੰ ਅਲੱਗ ਰੱਖਿਆ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਕਾਰਵਾਈਆਂ ਸਰਕਾਰੀ ਨੀਤੀ ਵਿਰੁੱਧ ਹਨ। ਪਰ ਅਦਾਲਤ ਵਿੱਚ ਗੁਪਤਾ ਦੇ ਕਬੂਲਨਾਮੇ ਨਾਲ ਭਾਰਤ ਲਈ ਸਥਿਤੀ ਬਹੁਤ ਅਸਹਿਜ ਹੋ ਗਈ ਹੈ। ਅਮਰੀਕਾ ਨੇ ਇਸ ਨੂੰ "ਵਿਦੇਸ਼ੀ ਸਰਕਾਰ ਵੱਲੋਂ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਕੋਸ਼ਿਸ਼" ਵਜੋਂ ਵੇਖਿਆ ਹੈ, ਜੋ ਭਾਰਤ ਦੀ ਅੰਤਰਰਾਸ਼ਟਰੀ ਇਮੇਜ ਨੂੰ ਨੁਕਸਾਨ ਪਹੁੰਚਾਉਂਦਾ ਹੈ। ਭਾਰਤ ਨੇ ਪਹਿਲਾਂ ਆਪਣੀ ਜਾਂਚ ਵਿੱਚ ਵਿਕਾਸ ਯਾਦਵ ਨੂੰ "ਗੈਰ-ਅਧਿਕਾਰਤ ਖੁਫੀਆ ਏਜੰਟ" ਦੱਸਿਆ ਸੀ ਪਰ ਹੁਣ ਅਦਾਲਤੀ ਸਬੂਤ ਇਸ ਨੂੰ ਮੁਸ਼ਕਲ ਬਣਾ ਰਹੇ ਹਨ।
ਇਸ ਦੇ ਰਾਜਨੀਤਿਕ ਅਰਥ ਬਹੁਤ ਗੰਭੀਰ ਹਨ। ਇਸ ਨਾਲ ਅਮਰੀਕਾ-ਭਾਰਤ ਸੰਬੰਧਾਂ ਤੇ ਅਸਰ ਪੈ ਸਕਦਾ ਹੈ, ਖਾਸ ਕਰਕੇ ਜਦੋਂ ਭਾਰਤ ਅਮਰੀਕਾ ਨਾਲ ਰਣਨੀਤਕ ਸਾਂਝੇਦਾਰੀ ਵਧਾ ਰਿਹਾ ਹੈ। ਕੈਨੇਡਾ ਵਿੱਚ ਵੀ ਇਹ ਨਿਝਰ ਕੇਸ ਨੂੰ ਹੋਰ ਮਜ਼ਬੂਤ ਕਰਦਾ ਹੈ।
ਸਿੱਖ ਭਾਈਚਾਰਾ ਯਾਦਵ ਦੇ ਕਬੂਲਨਾਮੇ ਨੂੰ ਵੱਡੀ ਜਿੱਤ ਮੰਨ ਰਿਹਾ ਹੈ। ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਦਿੱਤਾ ਕਿ ਇਹ ਭਾਰਤ ਸਰਕਾਰ ਵੱਲੋਂ ਅਮਰੀਕੀ ਧਰਤੀ ਤੇ "ਅੱਤਵਾਦ" ਦਾ ਸਬੂਤ ਹੈ ਅਤੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਬੱਸ ਖਾਲਿਸਤਾਨ ਲਈ ਲੜਦੇ ਰਹਿਣਗੇ। ਸਿੱਖ ਐਕਟਿਵਿਸਟ ਮੰਨਦੇ ਹਨ ਕਿ ਗੁਪਤਾ ਸਿਰਫ਼ "ਫੁੱਟ ਸੋਲਜਰ" ਹੈ ਅਤੇ ਅਸਲ ਕਮਾਂਡ ਉੱਪਰਲੇ ਪੱਧਰ ਤੋਂ ਆਈ ਹੈ। ਉਹ ਅਮਰੀਕਾ ਤੋਂ ਮੰਗ ਕਰ ਰਹੇ ਹਨ ਕਿ ਵਿਕਾਸ ਯਾਦਵ ਵਰਗੇ ਅਫਸਰਾਂ ਨੂੰ ਵੀ ਸਜ਼ਾ ਮਿਲੇ ਅਤੇ ਇਹ ਕੇਸ ਹੋਰ ਟਾਰਗੇਟਾਂ ਤੱਕ ਪਹੁੰਚੇ।
ਕੈਨੇਡਾ ਵਿੱਚ ਹਰਦੀਪ ਸਿੰਘ ਨਿਝਰ ਦੀ ਹੱਤਿਆ (ਜੂਨ 2023) ਬਾਰੇ ਭਾਰਤ ਤੇ ਇਲਜ਼ਾਮ ਲੱਗੇ ਸਨ ਪਰ 2026 ਤੱਕ ਵੀ ਕੇਸ ਅੱਗੇ ਨਹੀਂ ਵਧ ਰਿਹਾ &ndash ਟਰਾਇਲ ਸ਼ਾਇਦ 2026 ਦੇ ਅਖੀਰ ਤੱਕ ਸ਼ੁਰੂ ਨਹੀਂ ਹੋਵੇਗਾ ਕਿਉਂਕਿ ਪ੍ਰੀ-ਟਰਾਇਲ ਪ੍ਰਕਿਰਿਆ ਚੱਲ ਰਹੀ ਹੈ। ਚਾਰ ਭਾਰਤੀ ਨਾਗਰਿਕਾਂ ਤੇ ਚਾਰਜ ਹਨ ਪਰ ਭਾਰਤ ਵੱਲੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ। "ਸੂਤਰਾਂ ਦਾ ਮੰਨਣਾ ਹੈ ਕੀ ਰਾਜਨੀਤਿਕ ਦਬਾਅ (ਵਪਾਰ ਅਤੇ ਸੰਬੰਧ ਸੁਧਾਰਨ ਲਈ) ਕਾਰਨ ਕੇਸ ਵਿੱਚ ਦੇਰ ਹੋ ਰਹੀ ਹੈ। ਸਿੱਖ ਭਾਈਚਾਰਾ ਮੰਨਦਾ ਹੈ ਕਿ ਅਮਰੀਕਾ ਵਾਂਗ ਕੈਨੇਡਾ ਵੀ ਸਖ਼ਤ ਹੋਣਾ ਚਾਹੀਦਾ ਸੀ ਪਰ ਨਵੇਂ ਪ੍ਰਧਾਨ ਮੰਤਰੀ ਇਸ ਕੇਸ ਬਾਰੇ ਚੁੱਪ ਹੈ।
ਦਾ ਨਿਊਯਾਰਕ ਟਾਈਮਜ਼ ਇਸ ਨੂੰ ਅਮਰੀਕੀ ਸੰਪ੍ਰਭੂਤਾ ਦੀ ਉਲੰਘਣਾ ਦੱਸਦੇ ਹੋਏ ਲਿਖਿਆ ਕਿ ਇਹ ਬਾਇਡਨ/ਟ੍ਰੰਪ ਪ੍ਰਸ਼ਾਸਨ ਲਈ ਭਾਰਤ ਨਾਲ ਰਣਨੀਤਕ ਸਾਂਝ ਨੂੰ ਸੰਭਾਲਣ ਦੀ ਇੱਕ ਵੱਡੀ ਚੁਣੌਤੀ ਹੈ।ਇਹ ਵੀ ਜ਼ੋਰ ਦਿੱਤਾ ਕਿ ਅਮਰੀਕੀ ਧਰਤੀ &rsquoਤੇ ਫ੍ਰੀ ਸਪੀਚ ਦੀ ਰੱਖਿਆ ਰਾਜ ਦੀ ਪਹਿਲ ਹੈ।ਰਿਪੋਰਟਾਂ ਵਿੱਚ ਦੱਸਿਆ ਕਿ ਇਹ ਕੇਸ ਭਾਰਤ&ndashਅਮਰੀਕਾ ਰਿਸ਼ਤਿਆਂ ਲਈ ਸੰਵੇਦਨਸ਼ੀਲ ਪਲ ਹੈ।
ਦਾ ਗਾਰਡੀਅਨ ਯੂਕੇ ਅਖ਼ਬਾਰ ਨੇ ਇਸ ਨੂੰ ਵਿਦੇਸ਼ੀ ਧਰਤੀ 'ਤੇ "ਟਰਾਂਸਨੈਸ਼ਨਲ ਰਿਪ੍ਰੈਸ਼ਨ" (ਅੰਤਰਰਾਸ਼ਟਰੀ ਦਮਨ) ਦਾ ਇੱਕ ਖ਼ਤਰਨਾਕ ਉਦਾਹਰਣ ਦੱਸਿਆ।
ਦਾ ਗਲੋਬ ਐਂਡ ਮੇਲ (ਕੈਨੇਡਾ) ਨੇ ਲਿਖਿਆ ਹੈ ਕਿ ਨਿਊਯਾਰਕ ਦੇ ਕੇਸ ਵਿੱਚ ਗੁਪਤਾ ਦਾ ਕਬੂਲਨਾਮਾ ਕੈਨੇਡਾ ਵਿੱਚ ਨਿਝਰ ਕੇਸ ਲਈ ਮਜ਼ਬੂਤ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ, ਜੋ ਭਾਰਤ ਦੀਆਂ ਮੁਸ਼ਕਲਾਂ ਵਧਾਏਗਾ।
ਦਿ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਅਮਰੀਕਾ ਰਣਨੀਤਕ ਭਾਗੀਦਾਰੀ ਦੇ ਬਾਵਜੂਦ ਕਾਨੂੰਨੀ ਸਖ਼ਤੀ ਦਿਖਾ ਰਿਹਾ ਹੈ।
ਸੋ ਇਹ ਮਾਮਲਾ ਅਜ਼ਾਦੀ ਬੋਲਣ, ਅੰਤਰਰਾਸ਼ਟਰੀ ਕਾਨੂੰਨ ਅਤੇ ਸੰਪ੍ਰਭੂਤਾ ਦੇ ਮੁੱਦੇ ਖੜ੍ਹੇ ਕਰਦਾ ਹੈ। ਇੰਟਰਨੈਸ਼ਨਲ ਮੀਡੀਆ ਨੇ ਮਾਮਲਾ ਉਠਾਇਆ ਹੈ ਕਿ ਸੱਚਾਈ ਅਤੇ ਨਿਆਂ ਹੋਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਰੁਕ ਸਕਣ ਅਤੇ ਸੰਬੰਧ ਸੁਧਰ ਸਕਣ।