ਵੀਹ ਸਾਲ ਪੁਰਾਣੇ ਨਾਬਾਲਗਾਂ ਲੜਕੀ ਨਾਲ ਜਬਰ ਜ਼ਨਾਹ ਮਾਮਲੇ ਵਿੱਚ ਦੋਸ਼ੀ ਨੂੰ ਛੇ ਸਾਲ ਕੈਦ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਕਰੀਬ ਵੀਹ ਸਾਲ ਪਹਿਲਾਂ ਇਕ ਨਾਬਾਲਿਗ ਕੁੜੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਵੱਲੋਂ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਗਿਆਨਕ ਜਾਂਚ ਰਾਹੀਂ ਮਿਲੇ ਨਮੂਨਿਆਂ ਦੀ ਨਵੀਂ ਤਕਨੀਕੀ ਜਾਂਚ ਦੌਰਾਨ ਦੋਸ਼ੀ ਦੀ ਪਛਾਣ ਹੋਈ।
ਪੁਲਿਸ ਅਨੁਸਾਰ ਇਹ ਘਟਨਾ ਅਕਤੂਬਰ 2006 ਵਿੱਚ ਬੈਡਫੋਰਡਸ਼ਾਇਰ ਦੇ ਸ਼ੈਫੋਰਡ ਇਲਾਕੇ ਵਿੱਚ ਇਕ ਵਪਾਰਿਕ ਮਾਰਕੀਟ ਦੇ ਵਾਹਨ ਖੜ੍ਹੇ ਕਰਨ ਵਾਲੇ ਸਥਾਨ &lsquoਤੇ ਵਾਪਰੀ ਸੀ। ਉਸ ਵੇਲੇ ਦੋਸ਼ੀ, ਜਿਸ ਦੀ ਉਮਰ 25 ਸਾਲ ਸੀ, ਪੀੜਤਾ ਅਤੇ ਉਸ ਦੀ ਸਹੇਲੀ ਨਾਲ ਮਿਲਿਆ। ਜਦੋਂ ਪੀੜਤਾ ਦੀ ਸਹੇਲੀ ਖਰੀਦਦਾਰੀ ਲਈ ਦੁਕਾਨ ਅੰਦਰ ਗਈ ਤਾਂ ਦੋਸ਼ੀ ਨੇ ਕੁੜੀ ਨੂੰ ਜਬਰਦਸਤੀ ਇਕ ਕਾਰ ਦੇ ਪਿੱਛਲੇ ਹਿੱਸੇ ਵਿੱਚ ਖਿੱਚ ਕੇ ਉਸ ਨਾਲ ਦੁਰਵਿਵਹਾਰ ਕੀਤਾ।
ਉਸ ਸਮੇਂ ਵਿਸਥਾਰਪੂਰਵਕ ਜਾਂਚ ਕੀਤੀ ਗਈ ਪਰ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ। ਪੀੜਤਾ ਦੋਸ਼ੀ ਨੂੰ ਸਿਰਫ਼ ਇਕ ਛੋਟੇ ਨਾਮ ਨਾਲ ਜਾਣਦੀ ਸੀ, ਜਿਸ ਕਾਰਨ ਜਾਂਚ ਅੱਗੇ ਨਹੀਂ ਵੱਧ ਸਕੀ। ਬਾਅਦ ਵਿੱਚ ਗੰਭੀਰ ਅਪਰਾਧ ਇਕਾਈ ਵੱਲੋਂ ਪੁਰਾਣੇ ਮਾਮਲਿਆਂ ਦੀ ਵਿਸ਼ੇਸ਼ ਸਮੀਖਿਆ ਕੀਤੀ ਗਈ। ਇਸ ਦੌਰਾਨ ਸੰਭਾਲ ਕੇ ਰੱਖੇ ਗਏ ਸਬੂਤਾਂ ਦੀ ਨਵੀਂ ਤਕਨੀਕ ਨਾਲ ਕੀਤੀ ਜਾਂਚ ਵਿੱਚ ਮੇਲ ਮਿਲਾਪ ਸਾਹਮਣੇ ਆਇਆ, ਜਿਸ ਨਾਲ ਦੋਸ਼ੀ ਦੀ ਪਛਾਣ ਹੋ ਗਈ।
ਪੁਲਿਸ ਨੇ ਨਵੰਬਰ 2022 ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਉਹ ਸਟੋਕ-ਆਨ-ਟਰੈਂਟ ਦੇ ਇਕ ਪਤੇ &lsquoਤੇ ਰਹਿ ਰਿਹਾ ਸੀ। ਮਾਮਲਾ ਲੂਟਨ ਸਥਿਤ ਤਾਜ ਅਦਾਲਤ ਵਿੱਚ ਪੰਜ ਦਿਨੀ ਸੁਣਵਾਈ ਦੌਰਾਨ ਚੱਲਿਆ, ਜਿੱਥੇ ਅਦਾਲਤ ਨੇ ਉਸਨੂੰ ਦੋਸ਼ੀ ਕਰਾਰ ਦਿੰਦਿਆਂ ਛੇ ਸਾਲ ਕੈਦ ਦੀ ਸਜ਼ਾ ਸੁਣਾਈ। ਨਾਲ ਹੀ ਉਸ &lsquoਤੇ ਜੀਵਨ ਭਰ ਲਈ ਪੀੜਤਾ ਨਾਲ ਸੰਪਰਕ ਨਾ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਪੀੜਤਾ ਲਈ ਇਨਸਾਫ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਮਲਾ ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ, ਵਿਗਿਆਨਕ ਤਕਨੀਕਾਂ ਦੀ ਮਦਦ ਨਾਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਹੋਰ ਪੀੜਤਾਂ ਨੂੰ ਵੀ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ।