ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਜੰਗ ਦਾ ਸੱਦਾ

ਇੱਥੋਂ ਦੇ ਪਿੰਡ ਕਿੱਲੀ ਚਾਹਲ ਵਿਖੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਵਿੱਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਕਈ ਘੰਟਿਆਂ ਦੇ ਸਸਪੈਂਸ ਨੂੰ ਖ਼ਤਮ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੈਲੀ ਵਿੱਚ ਪਹੁੰਚੇ ਅਤੇ ਨਸ਼ਿਆਂ ਵਿਰੁੱਧ ਜੰਗ ਨੂੰ ਤੇਜ਼ ਕਰਨ ਦਾ ਸਪੱਸ਼ਟ ਸੱਦਾ ਦਿੱਤਾ। ਇਕੱਠ ਨਾਲ ਭਾਵੁਕ ਸਾਂਝ ਪਾਉਂਦਿਆਂ ਉਨ੍ਹਾਂ ਨੇ "ਜ਼ਿੰਦਗੀ ਜ਼ਿੰਦਾਬਾਦ, ਨੋ ਮੁਰਦਾਬਾਦ" ਦਾ ਨਾਅਰਾ ਬੁਲੰਦ ਕੀਤਾ ਅਤੇ ਆਪਣੇ ਸੰਬੋਧਨ ਦੀ ਸਮਾਪਤੀ "ਲਵ ਯੂ ਆਲ" (Love you all) ਨਾਲ ਕੀਤੀ।

ਸੂਬੇ ਵਿੱਚ ਨਸ਼ਿਆਂ ਵਿਰੁੱਧ ਲੜਾਈ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ &rsquoਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਿਛਲੀਆਂ ਹਕੂਮਤਾਂ ਨੇ ਸਿਆਸੀ ਅਤੇ ਵਿੱਤੀ ਲਾਭਾਂ ਲਈ ਪੰਜਾਬ ਨੂੰ "ਨਸ਼ਿਆਂ ਦੇ ਦਲਦਲ" ਵਿੱਚ ਧੱਕ ਦਿੱਤਾ ਸੀ। ਉਨ੍ਹਾਂ ਕਿਹਾ, "ਅਸੀਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ ਰਹੇ ਹਾਂ, ਨਸ਼ੇੜੀਆਂ ਦਾ ਮੁੜ ਵਸੇਬਾ ਕਰ ਰਹੇ ਹਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ। ਹੁਣ ਨਸ਼ਿਆਂ ਵਿਰੁੱਧ ਇੱਕ 'ਲੋਕ ਲਹਿਰ' ਖੜ੍ਹੀ ਹੋ ਗਈ ਹੈ, ਅਤੇ ਇਹ ਸਮੂਹਿਕ ਸੰਕਲਪ ਹੀ ਇਸ ਲਾਹਣਤ ਨੂੰ ਖ਼ਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ।"