28 ਫ਼ਰਵਰੀ ਜਨਮ ਦਿਨ ‘ਤੇ ਵਿਸ਼ੇਸ਼, ਕ੍ਰਾਂਤੀਕਾਰੀ ਸਿੱਖ ਆਗੂ - ਮਾਸਟਰ ਮੋਤਾ ਸਿੰਘ ਨੂੰ ਯਾਦ ਕਰਦਿਆਂ

ਕੌਮੀ ਸੇਵਾ ਤੇ ਦੇਸ਼ ਭਗਤੀ ਨੂੰ ਜੀਵਨ ਮਨੋਰਥ ਜਾਨਣ ਵਾਲੇ ਵਿਰਲੇ ਇਨਸਾਨ ਮਿਲਦੇ ਹਨ । ਮਾਸਟਰ ਮੋਤਾ ਸਿੰਘ ਦਾ ਸਮੁੁੱਚਾ ਜੀਵਨ ਦੇਸ਼ ਸੇਵਾ ਨੂੰ ਸਮਰਪਿਤ ਸੀ, ਇਸੇ ਕਰਕੇ ਉਸ ਸਮੇਂ ਦੀ ਅੰਗ੍ਰੇਜ਼ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ । ਉਨ੍ਹਾਂ ਦੀ ਖਾਹਿਸ਼ ਸੀ ਕਿ ਦੇਸ਼ ਦੀ ਆਜ਼ਾਦੀ ਅਤੇ ਸਿੱਖਾਂ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਨੌਜਵਾਨ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ । ਸ਼ਾਇਦ ਇਸੇ ਕਰਕੇ ਉਹ ਅਜਿਹੇ ਸਿੱਖ ਆਗੂ ਸਨ, ਜਿਨ੍ਹਾਂ ਤਾਅ ਉਮਰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ । ਉਸ ਸਮੇਂ ਪੰਜਾਬ ਦੇ ਬਹੁਤੇ ਪਰਿਵਾਰ ਅਨਪੜ੍ਹਤਾ ਤੇ ਗਰੀਬੀ ਕਾਰਨ ਬੜੀ ਤੰਗੀ ਤੁਰਸ਼ੀ ਵਾਲਾ ਜੀਵਨ ਪ੍ਰਾਪਤ ਕਰ ਰਹੇ ਸਨ । ਮਾਸਟਰ ਮੋਤਾ ਸਿੰਘ ਦੇ ਮਾਤਾ-ਪਿਤਾ ਜੀ ਨੇ ਸਿੱਖਿਆ ਪ੍ਰਾਪਤੀ ਲਈ ਹਰ ਸੰਭਵ ਯਤਨ ਕੀਤਾ । ਇਸ ਦੇਸ਼ ਭਗਤ ਤੇ ਕ੍ਰਾਂਤੀਕਾਰੀ ਸਿੱਖ ਆਗੂ ਦਾ ਜਨਮ ਜ਼ਿਲ੍ਹਾ ਤੇ ਤਹਿਸੀਲ ਜਲੰਧਰ ਦੇ ਵੱਡੇ ਪਿੰਡ ਪਤਾਰਾ ਵਿਖੇ 28 ਫ਼ਰਵਰੀ, 1888 ਈ: ਨੂੰ ਸ। ਗੋਪਾਲ ਸਿੰਘ ਦੇ ਗ੍ਰਹਿ ਵਿਖੇ ਹੋਇਆ । ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਆਪ ਜੂਨੀਅਰ ਵਰਨੈਕੂਲਰ ਟੀਚਰ ਟ੍ਰੇਨਿੰਗ ਪ੍ਰਾਪਤ ਕਰਕੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ ਰਹੇ । ਇਸ ਤੋਂ ਪਿੱਛੋਂ ਗਿਆਨੀ, ਮੁਨਸ਼ੀ ਫਾਜ਼ਿਲ ਅਤੇ ਬੀ।ਏ। ਪਾਸ ਕਰਕੇ ਅੰਮ੍ਰਿਤਸਰ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਵਿਖੇ ਅਤੇ ਉਸ ਤੋਂ ਬਾਅਦ ਤਲਵੰਡੀ ਸਾਬੋ (ਸ੍ਰੀ ਦਮਦਮਾ ਸਾਹਿਬ) ਦੇ ਖ਼ਾਲਸਾ ਸਕੂਲ, ਅਕਾਲ ਕਾਲਜ ਮਸਤੂਆਣਾ ਵਿਖੇ ਵੀ ਅਧਿਆਪਕ ਦਾ ਕਾਰਜ ਕੀਤਾ ।
ਕੌਮੀ ਦਰਦ ਦੇ ਜਜ਼ਬੇ ਅਧੀਨ ਉਹ ਚਾਹੁੰਦੇ ਸਨ, ਹਰ ਪੰਜਾਬੀ ਸਿੱਖਿਆ ਦੇ ਖੇਤਰ ਵਿੱਚ ਨਿਪੁੰਨ ਹੋਵੇ, ਇਸੇ ਕਰਕੇ ਮਾਸਟਰ ਮੋਤਾ ਸਿੰਘ ਨੇ ਮਾਝਾ ਖ਼ਾਲਸਾ ਦੀਵਾਨ ਨਾਲ ਮਿਲ ਕੇ ਕਈ ਥਾਵਾਂ &lsquoਤੇ ਲੜਕਿਆਂ ਲਈ ਖ਼ਾਲਸਾ ਸਕੂਲ ਸਥਾਪਤ ਕੀਤੇ । ਇਸ ਤੋਂ ਪਿੱਛੋਂ ਆਪਣੇ ਪਿੰਡ ਪਤਾਰਾ (ਜਲੰਧਰ) ਵਿਖੇ ਵੀ ਪਬਲਿਕ ਸਕੂਲ ਦੀ ਸਥਾਪਨਾ ਕੀਤੀ । ਜੋ ਹੁਣ ਸਰਕਾਰੀ ਸਕੂਲ ਵਜੋਂ ਸੇਵਾ ਨਿਭਾ ਰਿਹਾ ਹੈ । ਛੇਤੀ ਹੀ ਸਿੱਖਿਆ ਦੇ ਖੇਤਰ ਤੋਂ ਵਿਹਲੇ ਹੋ ਕੇ ਅੰਗ੍ਰੇਜ਼ ਹਕੂਮਤ ਨੂੰ ਦੇਸ਼ ਵਿੱਚੋਂ ਕੱਢਣ ਲਈ ਸੰਘਰਸ਼ ਵਿੱਚ ਕੁੱਦ ਪਏ । ਰਾਜਨੀਤਿਕ ਖੇਤਰ ਵਿੱਚ ਆ ਕੇ ਰਾਤ-ਦਿਨ ਇਕ ਕਰ ਦਿੱਤਾ । ਆਪ ਜੀ ਦੇ ਸਫ਼ਲ ਬੁਲਾਰੇ ਵਜੋਂ ਤੇ ਇਤਿਹਾਸਕ ਜਾਣਕਾਰੀ ਦੀ ਹਰ ਸਰੋਤਾ ਪ੍ਰਸ਼ੰਸਾ ਕਰਦਾ ਸੀ ।
11 ਅਪ੍ਰੈਲ 1919 ਨੂੰ ਸ਼ਾਹੀ ਮਸਜਿਦ ਲਾਹੌਰ ਵਿੱਚ ਅੰਗ੍ਰੇਜ਼ ਸਰਕਾਰ ਵਿਰੋਧੀ ਤਕਰੀਰ ਕਰਨ ਤੋਂ ਬਾਅਦ ਮਾਰਸ਼ਲ ਲਾਅ ਅਧੀਨ ਗ੍ਰਿਫਤਾਰ ਕਰ ਲਿਆ ਗਿਆ । ਜੇਲ੍ਹ ਵਿੱਚ ਹਰ ਕੈਦੀ ਨੂੰ ਦਸਤਾਰ ਸਜਾਉਣ ਦੀ ਆਗਿਆ ਨਹੀਂ ਸੀ । ਇਸ ਪਾਬੰਦੀ ਦੇ ਵਿਰੋਧ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ । ਸਰਕਾਰ ਨੂੰ ਮਜ਼ਬੂਰ ਹੋ ਕੇ ਦਸਤਾਰ &lsquoਤੇ ਲਾਈ ਪਾਬੰਦੀ ਵਾਪਸ ਲੈਣੀ ਪਈ । ਦਸੰਬਰ, 1919 ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ।
ਇਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਹੁੰਦਾ ਹੈ । ਆਪ ਇਸ ਲਹਿਰ ਵਿੱਚ ਸਰਗਰਮ ਹੋ ਗਏ । ਪਰ ਸਿੱਖਾਂ ਦੀ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਂਤ ਮਈ ਅੰਦੋਲਨ ਨਾਲ ਆਪ ਸਹਿਮਤ ਨਹੀਂ ਸੀ । ਉਨ੍ਹਾਂ ਦੀ ਰਾਏ ਸੀ ਸਿੱਧੀ ਉਂਗਲ ਨਾਲ ਘਿਉ ਨਹੀਂ ਨਿਕਲਣਾ, ਅੰਗ੍ਰੇਜ਼ ਹਕੂਮਤ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦੋ ਹੱਥ ਕਰਨੇ ਹੀ ਪੈਣਗੇ । ਇਸੇ ਸਮੇਂ ਦੌਰਾਨ ਸ੍ਰੀ ਤਰਨਤਾਰਨ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕਿਆਂ ਨੇ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ । ਨਨਕਾਣਾ ਸਾਹਿਬ ਦੇ ਇਸ ਖੂਨੀ ਸਾਕੇ ਤੋਂ ਥੋੜ੍ਹੇ ਦਿਨਾਂ ਬਾਅਦ 19 ਤੋਂ 21 ਮਾਰਚ, 1921 ਨੂੰ ਹੁਸ਼ਿਆਰਪੁਰ ਵਿਖੇ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਸਮੇਂ ਇਨ੍ਹਾਂ ਬੱਬਰ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਜਥੇਦਾਰ ਕਿਸ਼ਨ ਸਿੰਘ ਗੜਗੱਜ ਨਾਲ ਮਿਲ ਕੇ ਇਕ ਖੁਫ਼ੀਆ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨਾਲ ਉਨ੍ਹਾਂ ਸਾਰੇ ਗੁਰੂ ਦੋਖੀਆਂ ਨੂੰ ਮਾਰ ਮੁਕਾਉਣ ਦਾ ਫੈਸਲਾ ਕੀਤਾ ਗਿਆ । ਇਸ ਸਬੰਧੀ ਬੱਬਰ ਅਕਾਲੀ ਲਹਿਰ ਲਈ ਨਿੱਠ ਕੇ ਪ੍ਰਚਾਰ ਵਿੱਚ ਰੁੱਝ ਗਏ । ਰਾਤ ਦਿਨ ਜੁਝਾਰੂ ਨੌਜਵਾਨ ਸਿੱਖ ਆਗੂਆਂ ਨੂੰ ਪ੍ਰਚਾਰ ਤੇ ਪ੍ਰਸਾਰ ਲਈ ਇਕੱਠੇ ਕਰਕੇ ਬੱਬਰ ਅਕਾਲੀ ਲਹਿਰ ਨੂੰ ਹੁਲਾਰਾ ਦਿੱਤਾ । ਇਸ ਲਹਿਰ ਨਾਲ ਸੰਬੰਧਿਤ ਕਾਰਜ ਲਈ ਅਫ਼ਗਾਨਿਸਤਾਨ ਦੇ ਸ਼ਹਿਰ ਕਾਬਲ ਦਾ ਦੌਰਾ ਵੀ ਕੀਤਾ । ਬੱਬਰ ਅਕਾਲੀ ਲਹਿਰ ਦੇ ਸਰਗਰਮ ਆਗੂ ਹੋਣ ਕਰਕੇ, ਖਾਸ ਕਰਕੇ ਹਕੂਮਤ ਦੇ ਬਾਗੀ ਖਾੜਕੂ ਆਗੂ ਵਜੋਂ 15 ਜੂਨ, 1922 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਲਗਾਤਾਰ ਸੱਤ ਸਾਲ ਸਾਂਝੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਖ਼ਤ ਕੈਦ ਭੁਗਤੀ ।
ਹੁਣ ਫਿਰ ਜੇਲ੍ਹ ਤੋਂ ਬਾਹਰ ਆਉਣ ਤੋਂ ਪਿੱਛੋਂ ਵਾਰ-ਵਾਰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਜੁਰਮਾਂ ਅਧੀਨ ਸਰਕਾਰ ਦੇ ਖ਼ਤਰਨਾਕ ਬਾਗੀ ਵਜੋਂ ਜੇਲ੍ਹਾਂ ਵਿੱਚ ਰੱਖਿਆ ਗਿਆ । ਦੇਸ਼ ਦੀ ਅਜ਼ਾਦੀ ਲਈ ਕਾਲ ਕੋਠੜੀਆਂ ਮਾਸਟਰ ਮੋਤਾ ਸਿੰਘ ਨੂੰ ਆਪਣੇ ਅਕੀਦੇ ਤੇ ਉਦੇਸ਼ ਤੋਂ ਡੁਲਾ ਨਾ ਸਕੀਆਂ । ਦੇਸ਼ ਦੀ ਅਜ਼ਾਦੀ ਤੋਂ ਬਾਅਦ ਵਿੱਚ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਵਿਧਾਇਕ ਚੁਣ ਲਏ ਗਏ । ਪਰ ਅੰਦਰਲਾ ਦੇਸ਼ ਭਗਤ ਤੇ ਲੋਕ-ਸੇਵਕ ਵਾਰ-ਵਾਰ ਦੁੱਖੀ ਲੋਕਾਂ ਦੀ ਸੇਵਾ ਲਈ ਵੰਗਾਰਦਾ ਰਿਹਾ । ਛੇਤੀ ਹੀ ਵਿਧਾਇਕ ਵਜੋਂ ਅਸਤੀਫਾ ਦੇ ਕੇ ਵਿਧਾਇਕ ਦੀ ਪਦਵੀ ਤੋਂ ਵਿਹਲੇ ਹੋ ਕੇ ਕਿਸਾਨ ਲਹਿਰ ਵਿੱਚ ਸ਼ਾਮਿਲ ਹੋ ਗਏ ।
ਮਾਸਟਰ ਮੋਤਾ ਸਿੰਘ ਬੇਦਾਗ਼ ਤੇ ਨਿਧੜਕ ਸਿੱਖ ਆਗੂ ਸਨ, ਉਨ੍ਹਾਂ ਤਾਅ ਜ਼ਿੰਦਗੀ ਕੋਈ ਜਾਇਦਾਦ ਨਹੀਂ ਬਣਾਈ । ਨਾ ਹੀ ਰਿਸ਼ਤੇਦਾਰੀਆਂ ਦੇ ਮੋਹ ਵਿੱਚ ਫ਼ਸੇ, ਜੇ ਪਿਆਰ ਕੀਤਾ ਤਾਂ ਕੇਵਲ ਸਿੱਖ ਕੌਮ ਤੇ ਦੇਸ਼ ਨਾਲ ਹੀ ਕੀਤਾ । ਜਲੰਧਰ ਸ਼ਹਿਰ ਦੇ ਮੌਜੂਦਾ ਬੱਸ-ਅੱਡੇ ਦੇ ਨਾਲ ਹੀ ਇਨ੍ਹਾਂ ਦੇ ਨਾਂਅ &lsquoਤੇ ਬਣਿਆ ਮਾਸਟਰ ਮੋਤਾ ਸਿੰਘ ਨਗਰ ਇਨ੍ਹਾਂ ਦੀ ਦੇਸ਼-ਭਗਤੀ ਨੂੰ ਸਮਰਪਿਤ ਕੀਤਾ ਗਿਆ ਹੈ । 9 ਫ਼ਰਵਰੀ, 1960 ਈ: ਨੂੰ ਆਪ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾ ਲਈ ਵਿਦਾ ਹੋ ਗਏ । ਅੱਜ ਕੇਵਲ ਉਨ੍ਹਾਂ ਦੀ ਯਾਦ ਹੀ ਬਾਕੀ ਹੈ ।
-ਭਗਵਾਨ ਸਿੰਘ ਜੌਹਲ