ਭਾਰਤੀ ਸੰਸਦ ਅਖਾੜਾ, ਦੰਗਲ ਜਾਂ ਲੋਕਤੰਤਰ

-ਗੁਰਮੀਤ ਸਿੰਘ ਪਲਾਹੀ

ਦੇਸ਼ ਦੀ ਸੰਸਦ ਦੇ ਬਜਟ ਇਜਲਾਸ ਵਿੱਚ ਇਹਨਾਂ ਦਿਨਾਂ ਵਿੱਚ ਵੱਡੇ ਹੰਗਾਮੇ ਹੋਏ| ਸੱਤਾਧਾਰੀ ਅਤੇ ਵਿਰੋਧੀ ਪੱਖ ਵਿੱਚ ਵੱਡਾ ਦੰਗਲ ਵੇਖਣ ਨੂੰ ਮਿਲਿਆ| ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਉੱਤੇ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ| ਲੋਕ ਸਭਾ ਵਿੱਚ ਇੰਨਾ ਹੰਗਾਮਾ ਹੋਇਆ ਕਿ ਕਾਂਗਰਸ ਦੇ ਅੱਠ ਲੋਕ ਸਭਾ ਮੈਂਬਰ ਮੁਅੱਤਲ ਕਰ ਦਿੱਤੇ ਗਏ| ਸਪੀਕਰ ਬਿਰਲਾ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਕਰਦੇ ਮਤੇ ਤੇ ਬਹਿਸ ਦਾ ਜਵਾਬ ਦੇਣ ਲਈ ਸਦਨ ਵਿੱਚ ਨਾ ਆਉਣ ਦੀ ਬੇਨਤੀ ਕੀਤੀ| ਲੋਕਤੰਤਰ ਦਾ ਇਹ ਵਿਸ਼ੇਸ਼ ਨਮੂਨਾ ਅੱਜ-ਕੱਲ ਦੇਸ਼ ਦੇ ਹਿੱਸੇ ਆ ਰਿਹਾ ਹੈ|
ਲੋਕ ਸਭਾ ਵਿੱਚ ਵਿਰੋਧੀ ਸੰਸਦ ਮੈਂਬਰਾਂ ਨੇ ਭਾਰਤ-ਅਮਰੀਕਾ ਵਪਾਰਕ ਢਾਂਚੇ &lsquoਤੇ ਚਰਚਾ ਦੀ ਮੰਗ ਕੀਤੀ| ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੂੰ ਵੀ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ| ਲੋਕ ਸਭਾ ਅਤੇ ਰਾਜ ਸਭਾ ਵਿੱਚ ਸੱਤਾ ਤੇ ਵਿਰੋਧੀ ਧਿਰ ਆਪਸ ਵਿੱਚ ਬੁਰੀ ਤਰ੍ਹਾਂ ਉਲਝੀ ਰਹੀ| ਲੋਕ ਸਭਾ ਵਿੱਚ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਸਪੀਕਰ ਬਿਰਲਾ ਤੇ ਦੋਸ਼ ਲਗਾਇਆ ਕਿ ਉਹ ਪ੍ਰਧਾਨ ਮੰਤਰੀ ਦੇ ਸਦਨ ਵਿੱਚੋਂ ਗ਼ਾਇਬ ਰਹਿਣ ਨੂੰ ਦਰੁਸਤ ਠਹਿਰਾਅ ਰਹੇ ਹਨ, ਜੋ ਸੰਵਿਧਾਨਕ ਕਦਰਾਂ-ਕੀਮਤਾਂ ਦੇ ਉਲਟ ਹੈ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਦਨ ਵਿੱਚੋਂ ਮੈਂਬਰਾਂ ਵੱਲੋਂ ਕਿਸੇ ਖ਼ਤਰੇ ਕਰਕੇ ਗ਼ੈਰਹਾਜ਼ਰ ਨਹੀਂ ਹੋਏ, ਸਗੋਂ ਡਰ ਕਰਕੇ ਗ਼ੈਰਹਾਜ਼ਰ ਹੋਏ ਹਨ| ਕੀ ਇਹ ਰਾਜਾਸ਼ਾਹੀ ਦਾ ਸੰਕੇਤ ਤਾਂ ਨਹੀਂ?
ਅਮਰੀਕੀ ਯੌਨ ਸ਼ੋਸ਼ਣ ਅਪਰਾਧੀ ਜੈਫ਼ਰੀ ਐਪਸਟਿਨ ਨਾਲ਼ ਜੁੜੀਆਂ ਫਾਈਲਾਂ &lsquoਚ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦਾ ਨਾਮ ਸਾਹਮਣੇ ਆਉਣ ਕਾਰਨ ਵੱਡਾ ਹੰਗਾਮਾ ਅਤੇ ਨਾਅਰੇਬਾਜ਼ੀ ਵੇਖਣ ਨੂੰ ਮਿਲੀ| ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਗੀਤ &lsquoਬੰਦੇ ਮਾਤਰਮ&rsquo ਦੇ ਛੇ ਬੰਦ ਅਤੇ ਉਸ ਦੇ ਆਦਰ ਲਈ ਤਿੰਨ ਮਿੰਟ ਕੁਝ ਸਕਿੰਟ ਖੜੇ ਰਹਿਣ, ਉਸਦੇ ਬਾਅਦ ਰਾਸ਼ਟਰ ਗਾਣ ਨੂੰ ਜ਼ਰੂਰੀ ਕਰਾਰ ਦਿੱਤੇ ਜਾਣ ਸੰਬੰਧੀ ਸਦਨ ਵਿੱਚ ਵੱਡੀ ਬਹਿਸ ਛਿੜੀ| ਇੱਕ ਪੱਖ ਦਾ ਕਹਿਣਾ ਸੀ ਕਿ ਅਸੀਂ ਤਾਂ ਅੱਲਾਹ ਨੂੰ ਮੰਨਦੇ ਹਾਂ, ਕਿਸੇ ਹੋਰ ਨੂੰ ਨਹੀਂ| ਇੱਕ ਨੇ ਕਿਹਾ ਕਿ ਮੁਸਲਿਮ ਲੀਗ ਨੇ ਇਸ ਤੇ ਇਤਰਾਜ਼ ਕੀਤਾ ਸੀ ਤੇ ਇਤਰਾਜ਼ ਮੰਨਿਆ ਗਿਆ ਸੀ| ਇੱਕ ਹੋਰ ਨੇ ਕਿਹਾ ਕਿ ਇਹ ਸੰਪਰਦਾਇਕਤਾ ਫੈਲਾਉਣ ਦੀ ਕੋਸ਼ਿਸ਼ ਹੈ, ਜਦਕਿ ਦੂਜੇ ਨੇ ਕਿਹਾ ਕਿ ਇਹ ਦੇਸ਼ ਭਗਤੀ ਦਾ ਗੀਤ ਹੈ|
ਲੋਕਤੰਤਰ ਦੇ ਅਖਾੜੇ ਸੰਸਦ ਚ ਬਜਟ ਉੱਤੇ ਬਹਿਸ ਦਰਕਾਰ ਸੀ| ਸੰਸਦ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਬਣਾਉਟੀ ਬੁੱਧੀਮਤਾ (ਏ.ਆਈ.) ਕਾਰਨ ਆ ਰਹੀਆਂ ਚੁਣੌਤੀਆਂ, ਅਮਰੀਕਾ-ਭਾਰਤ ਸਮਝੌਤੇ ਬਾਰੇ ਵਿਸ਼ੇਸ਼ ਚਰਚਾ ਲੋੜੀਂਦੀ ਸੀ|  ਚਰਚਾ ਤਾਂ ਦਿੱਲੀ ਦੇ ਪ੍ਰਦਰਸ਼ਨ ਉੱਤੇ, ਮਨੀਪੁਰ ਦੇ ਬਲਾਤਕਾਰਾਂ ਅਤੇ ਕਈ ਥਾਵਾਂ &rsquoਤੇ ਗੰਦੇ ਪਾਣੀ ਪੀਣ ਕਾਰਨ ਹੋਈਆਂ ਮੌਤਾਂ ਬਾਰੇ ਵੀ ਲੋੜੀਂਦੀ ਸੀ, ਪਰ ਇਹਨਾਂ ਚਰਚਾਵਾਂ ਲਈ ਸਦਨ ਦੇ ਮਾਣਯੋਗ ਮੈਂਬਰ ਸਮਾਂ ਹੀ ਨਹੀਂ ਕੱਢ ਸਕੇ| ਸਮਾਂ ਨਹੀਂ ਕੱਢ ਸਕੇ, ਦੇਸ਼ ਦੇ ਕਾਨੂੰਨਦਾਨ, ਇਸ ਗੱਲ ਲਈ ਚਰਚਾ ਕਰਨ ਵਾਸਤੇ ਕਿ ਪਿਛਲੇ 10 ਸਾਲਾਂ ਵਿੱਚ ਜੱਜਾਂ ਦੇ ਖ਼ਿਲਾਫ ਭ੍ਰਿਸ਼ਟਾਚਾਰ, ਯੌਨ ਦੁਰਾਚਾਰ ਅਤੇ ਹੋਰ ਗੰਭੀਰ 8639 ਸ਼ਿਕਾਇਤਾਂ ਕਿਉਂ ਆ ਗਈਆਂ? ਕੀ ਕਾਰਨ ਹਨ ਇਸਦੇ? ਖ਼ਾਸ ਤੌਰ ਤੇ 2024 ਵਿੱਚ ਹੀ 1170 ਸ਼ਿਕਾਇਤਾਂ ਕਿਉਂ ਦਰਜ ਹੋਈਆਂ? ਕਿਵੇਂ ਨੌਜਵਾਨਾਂ ਵਿੱਚ ਬੇਰੁਜ਼ਗਾਰੀ &lsquoਤੇ ਨਿਰਾਸ਼ਾ ਵੱਧ ਰਹੀ ਹੈ?
ਕਿਉਂ ਨਹੀਂ ਦੇਸ਼ ਦੀ ਸੰਸਦ ਇਸ ਗੱਲ ਤੇ ਵਿਚਾਰ ਕਰ ਸਕੀ ਕਿ 28 ਰਾਜਾਂ ਦੇ ਕਿਸਾਨਾਂ ਉੱਤੇ ਔਸਤ ਕਰਜ਼ਾ ਰਕਮ ਵੱਧ ਰਹੀ ਹੈ? ਰਾਸ਼ਟਰੀ ਸੰਖਿਆ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਖੇਤੀ-ਪ੍ਰਧਾਨ ਸੂਬਿਆਂ ਆਂਧਰਾ ਪ੍ਰਦੇਸ਼, ਕੇਰਲ, ਪੰਜਾਬ, ਹਰਿਆਣਾ, ਤੇਲੰਗਾਨਾ ਦੇ ਕਿਸਾਨਾਂ ਉੱਤੇ ਪ੍ਰਤੀ ਸਾਲ ਪ੍ਰਤੀ ਕਿਸਾਨ ਕਰਜ਼ਾ ਵੱਧ ਰਿਹਾ ਹੈ| ਆਂਧਰਾ ਪ੍ਰਦੇਸ਼ ਵਿੱਚ ਪ੍ਰਤੀ ਕਿਸਾਨ ਪ੍ਰਤੀ ਪਰਿਵਾਰ ਔਸਤ ਕਰਜ਼ਾ 2,45,554 ਰੁਪਏ, ਕੇਰਲ ਵਿੱਚ 2,42,482 ਰੁਪਏ, ਪੰਜਾਬ ਵਿੱਚ 2,03,249 ਰੁਪਏ, ਜਦਕਿ ਹਰਿਆਣਾ ਵਿੱਚ ਇਹ ਕਰਜ਼ਾ 1,82,922 ਰੁਪਏ ਹੈ|
ਇਹ ਜਾਣਦਿਆਂ ਵੀ ਕਿ ਕਿਸਾਨ ਦੀ ਆਮਦਨ ਘੱਟ ਰਹੀ ਹੈ, ਉਸ ਨੂੰ ਆਧੁਨਿਕ ਮਸ਼ੀਨਰੀ ਅਤੇ ਟਰੈਕਟਰ ਆਦਿ ਖਰੀਦਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ| ਉਸ ਲਈ ਸਰਕਾਰ ਵੱਲੋਂ ਉਸ ਅਹਿਮ ਖੇਤਰ ਲਈ ਸਬਸਿਡੀਆਂ ਮੁਹੱਈਆ ਕਰਨ ਦੀ ਲੋੜ ਹੈ, ਤਾਂ ਕਿ ਦੇਸ਼ ਦਾ ਅੰਨ ਭੰਡਾਰ ਸੁਰੱਖਿਅਤ ਰਹੇ| ਚਰਚਾ ਤਾਂ ਇਸ ਗੱਲ &rsquoਤੇ ਵੀ ਕਰਨੀ ਬਣਦੀ ਸੀ ਕਿ ਦੇਸ਼ ਕਣਕ-ਚਾਵਲ ਦੀ ਸੀਮਿਤ ਫ਼ਸਲ ਪ੍ਰਣਾਲੀ ਤੇ ਨਿਰਭਰ ਕਿਉਂ ਹੈ? ਦੇਸ਼ ਵਿੱਚ ਜ਼ਮੀਨ ਹੇਠਲਾ ਪਾਣੀ ਘੱਟ ਰਿਹਾ ਹੈ, ਤਾਂ ਕਿਉਂ ਘੱਟ ਰਿਹਾ ਹੈ? ਪਰ ਦੇਸ਼ ਦੇ ਨੇਤਾ ਤਾਂ ਸਿਰਫ਼ ਕੁਰਸੀ-ਯੁੱਧ ਵਿੱਚ ਗਲਤਾਨ ਰਹੇ| ਬਿਨਾਂ ਸ਼ੱਕ ਦੇਸ਼ ਦੀਆਂ ਸੀਮਾਵਾਂ ਨੂੰ ਸੁਰੱਖਿਆ ਚਾਹੀਦੀ ਹੈ| ਦੇਸ਼ ਵਿੱਚ ਸੜਕਾਂ ਦੇ ਜਾਲ ਵਿਛਾਏ ਜਾਣੇ ਚਾਹੀਦੇ ਹਨ| ਦੇਸ਼ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਜ਼ਰੂਰੀ ਹੈ| ਡਿਜ਼ੀਟਲ ਇੰਡੀਆ ਵੀ ਲੋੜੀਂਦਾ ਹੈ| ਪਰ ਬਹਿਸ ਤਾਂ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਸਰਕਾਰ ਨਿੱਜੀਕਰਨ ਦੇ ਰਾਹ ਪੈ ਕੇ ਦੇਸ਼ ਦਾ ਸਰਮਾਇਆ ਕੁਝ ਧੁਰੰਤਰਾਂ ਨੂੰ ਕਿਉਂ ਲੁਟਾ ਰਹੀ ਹੈ? ਦੇਸ਼ ਦੇ ਹਿੱਤ ਵੱਡੇ ਸਰਮਾਏਦਾਰਾਂ, ਕਾਰਪੋਰੇਟਾਂ ਦੇ ਹੱਥ ਕਿਉਂ ਫੜਾ ਰਹੀ ਹੈ?
ਕਿਉਂ ਚਰਚਾ ਨਹੀਂ ਹੋਈ ਕਿ ਸਰਕਾਰ ਕਿਉਂ ਦਬਾਅ ਵਿੱਚ ਆ ਕੇ ਅਮਰੀਕਾ ਵਰਗੇ ਦੇਸ਼ ਨਾਲ਼ ਟੈਰਿਫ਼ ਸਮਝੌਤਾ ਕਰ ਰਹੀ ਹੈ? ਅਮਰੀਕਾ 18 ਫ਼ੀਸਦੀ ਟੈਰਿਫ਼ ਲਏਗਾ ਅਤੇ ਭਾਰਤ 0 ਫ਼ੀਸਦੀ ਟੈਰਿਫ਼ ਲਵੇਗਾ-ਸਮਾਨਤਾ ਕਿੱਥੇ ਹੈ?
ਅਮਰੀਕੀ ਸਮਝੌਤੇ ਵਿੱਚ ਪਹੇਲੀ ਇਹ ਹੈ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ 500 ਅਰਬ ਡਾਲਰ ਦਾ ਕੀ ਖਰੀਦੇਗਾ? ਕੀ ਭਾਰਤ ਕੋਲ ਅਮਰੀਕਾ ਤੋਂ ਮਹਿੰਗੇ ਜਹਾਜ਼, ਸੈਨਿਕ ਸਮਾਨ ਅਤੇ ਉੱਚੀ ਕੀਮਤ &rsquoਤੇ ਤੇਲ ਖਰੀਦਣ ਤੋਂ ਬਿਨਾਂ ਹੋਰ ਕੋਈ ਬਦਲ ਹੈ? ਅਮਰੀਕਾ ਕੋਲ ਇਹੋ-ਜਿਹੀਆਂ ਹੋਰ ਕੋਈ ਚੀਜ਼ਾਂ ਨਹੀਂ ਜੋ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਣ|
ਦੇਸ਼ ਦੀ ਸੰਸਦ ਦੇ ਸਿਆਣੇ ਇਸ ਗੱਲ ਤੇ ਚਰਚਾ ਤੋਂ ਕਿਉਂ ਕੰਨੀ ਕਤਰਾ ਰਹੇ ਹਨ ਕਿ ਵੋਟਾਂ ਤੋਂ ਪਹਿਲਾਂ ਨਕਦੀ ਟਰਾਂਸਫ਼ਰ ਕਰਕੇ ਸੂਬਿਆਂ ਚ ਹਾਕਮ ਧਿਰਾਂ ਵੋਟਾਂ ਪੱਕੀਆਂ ਕਰ ਰਹੀਆਂ ਹਨ| ਮੱਧ ਪ੍ਰਦੇਸ਼ ਵਿੱਚ ਲਾਡਲੀ ਬਹਿਨਾ, ਮਹਾਰਾਸ਼ਟਰ ਵਿੱਚ ਲਾਡਕੀ ਬਹਿਨ, ਕਰਨਾਟਕ ਵਿੱਚ ਗ੍ਰਹਿ ਲਕਸ਼ਮੀ, ਤਮਿਲਨਾਡੂ ਵਿੱਚ ਉਮਰਈ ਥੋਗਈ, ਹਰਿਆਣਾ ਵਿੱਚ ਲਾਡੋ, ਓਡੀਸ਼ਾ ਵਿੱਚ ਸੁਭੱਦਰਾ, ਝਾਰਖੰਡ ਵਿੱਚ ਮਈਆ ਸਨਮਾਨ, ਛੱਤੀਸਗੜ੍ਹ ਵਿੱਚ ਮਹਤਾਰੀ ਬੰਦਨ, ਬੰਗਾਲ ਵਿੱਚ ਲਕਸ਼ਮੀ ਭੰਡਾਰ, ਤੇਲੰਗਾਨਾ ਵਿੱਚ ਮਹਾ ਲਕਸ਼ਮੀ, ਅਸਾਮ ਵਿੱਚ ਔਰਨੋਦੋਈ, ਹਿਮਾਚਲ ਵਿੱਚ ਇੰਦਰਾ ਸਨਮਾਨ ਯੋਜਨਾਵਾਂ ਵਿੱਚ 1500 ਤੋਂ 2500 ਰੁਪਏ ਤੱਕ ਮਹੀਨਾਵਾਰ ਰਕਮ ਔਰਤਾਂ ਲਈ ਦੇ ਕੇ ਖਜ਼ਾਨੇ ਉੱਤੇ ਗੰਭੀਰ ਬੋਝ ਕਿਉਂ ਪਾਇਆ ਜਾ ਰਿਹਾ ਹੈ? ਕਿਉਂ ਨਹੀਂ ਇਸ ਮੁੱਦੇ ਉੱਤੇ ਚਰਚਾ ਹੁੰਦੀ ਕਿ 12 ਰਾਜਾਂ ਦੀਆਂ 12.8 ਕਰੋੜ ਔਰਤਾਂ ਨੂੰ ਹਰ ਸਾਲ 1.9 ਲੱਖ ਕਰੋੜ ਰੁਪਏ ਚੋਣਾਂ ਤੋਂ ਪਹਿਲਾਂ ਹੀ ਕਿਉਂ ਦਿੱਤੇ ਜਾਂਦੇ ਹਨ? ਔਰਤਾਂ ਦੀਆਂ ਵੋਟਾਂ ਖਰੀਦਣ ਲਈ ਲਾਲਚ ਦੇਣ ਦਾ ਰੁਝਾਨ ਕਿਉਂ ਵੱਧ ਰਿਹਾ ਹੈ?
ਮਸਲੇ ਤਾਂ ਦੇਸ਼ ਨੂੰ ਦਰਪੇਸ਼ ਹੋਰ ਵੀ ਬਥੇਰੇ ਹਨ, ਪਰ ਦੇਸ਼ ਦੇ ਨੇਤਾ ਸੰਜੀਦਗੀ ਨਾਲ਼ ਵਿਚਾਰ ਕਰਨ ਦੇ ਰਾਹ ਨਹੀਂ ਪੈ ਰਹੇ| ਵੋਟਾਂ ਖਰੀਦੀਆਂ ਜਾਂਦੀਆਂ ਹਨ| ਆਗੂ ਕਾਨੂੰਨ-ਘੜਨੀ ਸਭਾ ਦੇ ਮੈਂਬਰ ਬਣਦੇ ਹਨ, ਉਹ ਲੋਕ ਵੀ ਇਹਨਾਂ ਸਦਨਾਂ ਦੇ ਮੈਂਬਰ ਬਣ ਜਾਂਦੇ ਹਨ ਜਿਨ੍ਹਾਂ ਉੱਤੇ ਅਪਰਾਧਿਕ ਕੇਸ ਦਰਜ ਹਨ| ਫਿਰ ਸਦਨਾਂ ਵਿੱਚ ਜਾ ਕੇ ਦੇਸ਼-ਹਿੱਤ, ਲੋਕ-ਹਿੱਤ ਦੀ ਗੱਲ ਕਰਨੀ ਸ਼ਾਇਦ ਇਹਨਾਂ ਨੂੰ ਸੁਖਾਵੀਂ ਤੇ ਸਾਰਥਕ ਹੀ ਨਹੀਂ ਜਾਪਦੀ|
ਸੰਸਦ ਵਿੱਚ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਸਾਬਕਾ ਸੈਨਾ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਪੁਸਤਕ ਵਿੱਚ ਜ਼ਿਕਰ ਕੀਤੀਆਂ ਕੁਝ ਘਟਨਾਵਾਂ ਅਤੇ ਫ਼ੈਸਲਿਆਂ ਸੰਬੰਧੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੀ ਭੂਮਿਕਾ &rsquoਤੇ ਸਪਸ਼ਟੀਕਰਨ ਹੋਣਾ ਚਾਹੀਦਾ ਹੈ ਤਾਂ ਸੰਸਦ ਵਿੱਚ ਇੱਕ ਯੁੱਧ ਛਿੜ ਗਿਆ| ਇਸ ਚਰਚਾ ਨੂੰ ਨਿਯਮਾਂ ਵਿਰੁੱਧ ਦੱਸਿਆ ਗਿਆ| ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ ਕਰਨ ਦੀਆਂ ਤਰਕੀਬਾਂ ਸੋਚੀਆਂ ਗਈਆਂ| ਸਪੀਕਰ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਹੋਇਆ| ਹਾਏ-ਹਾਏ ਦੇ ਨਾਅਰੇ ਲੱਗੇ|
ਪਰ ਸਦਨ ਦਾ ਇਹ ਸੈਸ਼ਨ ਸੁਸਤ ਬਜਟ ਬਾਰੇ ਚੁੱਪੀ ਤੇ ਚੁੱਪ ਰਿਹਾ| ਕੋਈ ਬਹਿਸ ਨਹੀਂ ਕਰ ਸਕਿਆ| ਵੈਸੇ ਇਸ ਸਦਨ ਵਿੱਚ ਬਹਿਸ ਦੀ ਗੁੰਜਾਇਸ਼ ਹੀ ਕਿੱਥੇ ਹੈ? ਵਿਰੋਧੀ ਬੋਲਣ ਲੱਗਦੇ ਹਨ ਤਾਂ ਸੱਤਾਧਾਰੀ ਰੌਲਾ ਪਾਉਂਦੇ ਹਨ| ਅਵਾਜ਼ ਦਬਾ ਦਿੱਤੀ ਜਾਂਦੀ ਹੈ| ਮਸਲੇ ਸਦਨ ਦੇ ਮੈਂਬਰਾਂ ਦੇ ਝੋਲਿਆਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤੇ ਜਾਂਦੇ|
ਹਾਂ, ਇੱਕ ਕੰਮ ਜ਼ਰੂਰ ਕਰ ਦਿੱਤਾ ਜਾਂਦਾ ਹੈ ਬਹੁਗਿਣਤੀ ਸਰਕਾਰ ਵੱਲੋਂ ਕਿ ਕਿਸਾਨਾਂ-ਮਜ਼ਦੂਰਾਂ ਵਿਰੋਧੀ ਕਾਨੂੰਨ ਇੱਕੋ ਝਟਕੇ ਵਿੱਚ ਪਾਸ ਕਰ ਦਿੱਤੇ ਜਾਂਦੇ ਹਨ| ਮਗਨਰੇਗਾ ਅਤੇ ਮਜ਼ਦੂਰਾਂ ਵਿਰੋਧੀ ਕਾਨੂੰਨਾਂ ਉੱਤੇ ਚਰਚਾ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ|
ਭਾਰਤ ਦੀ ਸੰਸਦ ਲੋਕਤੰਤਰ ਦਾ ਘਰ ਹੈ| ਇਹ ਸਦਨ ਲੋਕਾਂ ਦੀ ਅਵਾਜ਼ ਸੁਣਨ-ਬਣਨ ਲਈ ਬਣਾਏ ਗਏ ਸਨ, ਪਰ ਅੱਜ ਇਹ ਲੋਕਾਂ ਦੀ ਅਵਾਜ਼ ਬੰਦ ਕਰਨ ਲਈ ਵਰਤੇ ਜਾ ਰਹੇ ਹਨ| ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਸ ਸਦਨ ਵਿੱਚ ਲੋਕ-ਹਿੱਤਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ| ਸੰਸਦ ਵਿੱਚ ਆਪੋ-ਆਪਣੇ ਮਸਲੇ ਪੇਸ਼ ਕਰਨ ਦੀ ਗੱਲ ਗ਼ੈਰਹਾਜ਼ਰ ਹੈ| ਕੇਂਦਰੀਕਰਨ ਦੀ ਰਾਜਨੀਤੀ ਹਾਵੀ ਹੋਣ ਕਾਰਨ ਲੋਕਾਂ ਦੀ ਅਵਾਜ਼ ਜਿਵੇਂ ਪਾਰਟੀ ਪੱਧਰ &lsquoਤੇ ਦਬਾਈ ਜਾ ਰਹੀ ਹੈ, ਉਵੇਂ ਹੀ ਇਹਨਾਂ ਸਦਨਾਂ ਚ ਦੱਬੀ ਜਾ ਰਹੀ ਹੈ| ਸਿੱਟਾ ਆਪਸੀ ਗੁੱਟਬਾਜ਼ੀ ਤੇ ਲੜਾਈ ਵਿੱਚ ਨਿਕਲ ਰਿਹਾ ਹੈ|
ਦੇਸ਼ ਭੁੱਖਮਰੀ ਦਾ ਸ਼ਿਕਾਰ ਹੈ-ਕੀ ਸਦਨ ਚਿੰਤਤ ਹੈ? ਦੇਸ਼ ਬੇਰੁਜ਼ਗਾਰੀ ਦਾ ਮਾਰਿਆ ਪਿਆ ਹੈ-ਕੀ ਸਦਨ ਮੈਂਬਰਾਂ ਨੂੰ ਫ਼ਿਕਰ ਹੈ? ਦੇਸ਼ ਵਿੱਚ ਕਾਲੇ ਕਾਨੂੰਨ ਬਣ ਰਹੇ ਹਨ, ਕਿਸਾਨ-ਮਜ਼ਦੂਰ ਵਿਰੋਧੀ-ਕੀ ਵਿਰੋਧੀ-ਸੱਤਾਧਾਰੀ ਮੈਂਬਰਾਂ ਨੂੰ ਇਸ ਸੰਬੰਧੀ ਜਾਣਕਾਰੀ ਹੈ? ਦੇਸ਼ ਅੱਜ ਧਰਮ ਦੇ ਨਾਮ ਤੇ ਵੰਡਿਆ ਜਾ ਰਿਹਾ ਹੈ| ਫ਼ਿਰਕਾਪ੍ਰਸਤੀ ਵੱਧ ਰਹੀ ਹੈ| ਕੀ ਦੇਸ਼ ਦੀ ਸੰਸਦ ਵਿੱਚ ਇਸ ਸੰਬੰਧੀ ਕਿਸੇ ਚਰਚਾ ਕੀਤੀ ਹੈ? ਬੁਲਡੋਜ਼ਰ ਦੀ ਨੀਤੀ ਭਾਰੂ ਹੋ ਰਹੀ ਹੈ| ਨੇਤਾ-ਸ਼ਾਸਕ ਆਪੇ ਜੱਜ ਬਣ ਰਹੇ ਹਨ| ਕੀ ਸਦਨ ਦੇ ਮੈਂਬਰ ਇਸ ਸੰਬੰਧੀ ਸੁਚੇਤ ਹਨ? ਕੀ ਦੇਸ਼ ਦੇ ਕੁਦਰਤੀ ਸਾਧਨ ਕਾਰਪੋਰੇਟਾਂ ਹੱਥ ਗਿਰਵੀ ਕੀਤੇ ਜਾ ਰਹੇ ਹਨ-ਇਸ ਸੰਬੰਧੀ ਕਦੇ ਸੰਸਦ ਵਿੱਚ ਕੁਝ ਤੱਥ &lsquoਤੇ ਵਿਚਾਰ ਕਿਸੇ ਮੈਂਬਰ ਨੇ ਰੱਖੇ ਹਨ?
ਲੋਕਤੰਤਰ ਦਾ ਦਰਵਾਜ਼ਾ ਭਾਰਤੀ ਸਦਨ ਰੂਹ ਦੇ ਪੱਖੋਂ ਖਾਮੋਸ਼ ਹੈ, ਇਹ ਬੜਬੋਲੀ ਤੇ ਹਮਲਾਵਰ ਹੋਈ ਜ਼ਰੂਰ ਦਿਖਦੀ ਹੈ| ਵਿਸ਼ੇਸ਼ ਅਧਿਕਾਰ ਹਨ ਲਿਆਉਣ ਦੇ ਮਾਮਲੇ &lsquoਤੇ ਦੇਸ਼ ਦਾ ਵਿਰੋਧੀ ਧਿਰ ਨੇਤਾ ਇਹ ਤਾਂ ਕਹਿੰਦਾ ਹੈ, ਮੈਨੂੰ ਪਾਰਲੀਮੈਂਟ ਵਿੱਚੋਂ ਕੱਢ ਦਿਓ, ਮੈਂ ਡਰਨ ਵਾਲਾ ਨਹੀਂ ਹਾਂ| ਮੈਂ ਸੱਚ ਦੇ ਨਾਲ਼ ਖੜਾ ਹਾਂ| ਮੈਂ ਕਿਸਾਨ ਦੇ ਨਾਲ਼ ਖੜਾ ਹਾਂ| ਮੈਂ ਮਜ਼ਦੂਰ ਦੇ ਨਾਲ਼ ਖੜਾ ਹਾਂ| ਪਰ ਕੀ ਇਹ ਸ਼ਹੀਦ ਦਾ ਦਰਜਾ ਪ੍ਰਾਪਤ ਕਰਨ ਦਾ ਯਤਨ ਤਾਂ ਨਹੀਂ?
ਸੰਸਦ ਦੇ ਸਮਾਗਮਾਂ ਤੇ ਕਰੋੜਾਂ ਰੁਪਏ ਪ੍ਰਤੀ ਦਿਨ ਦਾ ਖ਼ਰਚ ਹੈ| ਪਾਰਲੀਮੈਂਟ ਸਦਨ ਲੋਕਾਂ ਦੇ ਦਿੱਤੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਦਾ ਸਥਾਨ ਬਣ ਚੁੱਕੇ ਹਨ, ਜਿਹੜੇ ਆਮ ਲੋਕਾਂ ਨੂੰ ਕੋਈ ਰਾਹਤ ਜਾਂ ਚੈਨ ਨਹੀਂ ਦੇ ਰਹੇ| ਲੋਕਤੰਤਰ ਦਾ ਪਵਿੱਤਰ ਥਾਂ ਬਣਨ ਦੀ ਥਾਂ ਦੰਗਲ ਦਾ ਅਖਾੜਾ ਬਣ ਰਹੇ ਹਨ| ਇਹ ਸੱਚਮੁੱਚ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ|
ਗੁਰਮੀਤ ਸਿੰਘ ਪਲਾਹੀ