ਸਭਾ ਦੀ ਦਸਵੀਂ ਵਰ੍ਹੇ ਗੰਢ ਤੇ ਲੋਕ ਕੀ ਕਹਿਣਗੇ ਸਮਾਗਮ ਯਾਦਗਾਰੀ ਹੋ ਨਿਬੜਿਆ

ਕੈਲਗਰੀ- ਫੈਮਿਲੀ ਡੇ ਵਾਲੇ ਦਿਨ, ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਆਪਣੀ ਦਸਵੀਂ ਵਰ੍ਹੇ ਗੰਢ ਲੋਕ ਕੀ ਕਹਿਣਗੇ ਦੇ ਬੈਨਰ ਹੇਠ, ਫਾਲਕਿਨਰਿੱਜ ਕਮਿਉਨਿਟੀ ਹਾਲ ਵਿੱਚ, ਭਰਪੂਰ ਹਾਜ਼ਰੀ ਵਿੱਚ ਮਨਾਈ। ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ ਇੱਕ ਵੱਡੇ ਹਾਲ ਵਿੱਚ ਕੈਲਗਰੀ ਦੇ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ, ਲਗਾਈ ਗਈ, ਜਿਸ ਵਿੱਚ ਪਾਠਕਾਂ ਨੇ ਲੇਖਕਾਂ ਅਤੇ ਕਿਤਾਬਾਂ ਨਾਲ ਸਿੱਧਾ ਸੰਪਰਕ ਕੀਤਾ। ਪ੍ਰਦਰਸ਼ਨੀ ਵਿੱਚ, ਕੈਲੀਗਰਾਫੀ ਮਾਹਿਰ ਮਨਿੰਦਰ ਦੀਆਂ ਸੁੰਦਰ ਲਿਖਤਾਂ ਵੀ, ਸਰੋਤਿਆਂ ਦੀ ਖਿੱਚ ਦਾ ਕਾਰਨ ਬਣੀਆਂ। ਦੂਜੇ ਭਾਗ ਵਿੱਚ ਵੋਮੈਨ ਇੰਮਪਾਵਰਮੈਟ ਦੀ ਗੱਲ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਸਭਾ ਦੇ ਕੋਆਰਡੀਨੇਟਰ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਨੇ ਮਹਿਮਾਨਾਂ ਅਤੇ ਸਰੋਤਿਆਂ ਦੇ ਸਵਾਗਤ ਨਾਲ ਕੀਤਾ। ਉਹਨਾਂ ਲੈਂਡ ਅਕਨੌਲੇਜਮੈਂਟ ਦੀ ਗੱਲ ਕਰਦਿਆਂ, ਕੈਨੇਡਾ ਦੇ ਮੂਲ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਸਭਾ ਦੀਆਂ ਮਹੀਨਾਵਾਰ ਗਤੀਵਿਧੀਆਂ ਤੇ ਲਿਖੀ ਹੋਈ, ਸੰਖੇਪ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਸਭਾ ਦੀ ਸਕੱਤਰ ਗੁਰਨਾਮ ਕੌਰ ਨੇ ਕਾਰਵਾਈ ਨੂੰ ਅੱਗੇ ਤੋਰਿਆ। ਜੋਗਿੰਦਰ ਪੁਰਬਾ, ਅਮਰਜੀਤ ਸੱਗੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੰਮੀ ਹੇਕ ਦੇ ਗੀਤ ਸੁਣਾ ਕੇ, ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਯਾਦ ਕੀਤਾ। ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ, ਸਭਾ ਦੇ 10 ਸਾਲਾਂ ਦੇ ਸ਼ਾਨਾ ਮੱਤੇ ਸਫ਼ਰ ਬਾਰੇ ਲਿਖੀ ਵਿਸ਼ੇਸ਼ ਕਵਿਤਾ ਨੂੰ, ਗੁਰਨਾਮ ਕੌਰ ਨਾਲ ਰਲ਼ ਕੇ ਗਾਇਆ ਅਤੇ ਸਰੋਤਿਆਂ ਦੀ ਪ੍ਰਸ਼ੰਸਾ ਖੱਟੀ। ਬਜ਼ੁਰਗਾਂ ਨੂੰ ਜਾਗਰੂਕ ਕਰਨ ਅਤੇ ਸ਼ਕਤੀਸ਼ਾਲੀ ਬਣਾਉਣ ਅਤੇ ਮੋਟੀਵੇਟ ਕਰਨ ਲਈ ਦੋ ਸਪੀਕਰ- ਸਰਬਜੀਤ ਕੌਰ ਸੋਢੀ, ਅਤੇ ਨਵੀਂ ਪੀੜ੍ਹੀ ਵੱਲੋਂ ਅਮਰੀਤ ਗਿੱਲ ਨੇ ਲੈਕਚਰ ਦਿੱਤੇ, ਅਤੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਦੋਵਾਂ ਬੁਲਾਰਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। ਰਾਜਨੀਤਿਕ ਨੇਤਾਵਾਂ ਵਿੱਚ- ਐਮ ਐਲ ਏ ਗੁਰਿੰਦਰ ਸਿੰਘ ਬਰਾੜ, ਕੌਂਸਲਰ ਰਾਜ ਧਾਲੀਵਾਲ ਅਤੇ ਚੈਸਟਮੇਅਰ ਤੋਂ ਕੌਂਸਲਰ ਕਿਰਨ ਰੰਧਾਵਾ ਨੇ ਵੀ ਹਾਜ਼ਰੀ ਭਰੀ। ਸਭਾ ਦੀਆਂ ਮੈਂਬਰ ਭੈਣਾਂ ਕਿਰਨ ਕਲਸੀ , ਚਰਨਜੀਤ ਕੌਰ ਅਤੇ ਸਾਊਥ ਵਿੰਗ ਦੀ ਇੰਚਾਰਜ ਤਮੰਨਾ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਮਹਿਮਾਨ, ਕੈਨੇਡਾ ਦੀ ਮੂਲ ਨਿਵਾਸੀ ਲੇਡੀ ਆਉਟਮ ਈਗਲ, ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਸਭਾ ਵਲੋਂ ਉਸ ਨੂੰ ਇੱਕ ਫੁਲਕਾਰੀ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੀ ਸੀਨੀਅਰ ਮੈਂਬਰ ਡਾਕਟਰ ਰਾਜਵੰਤ ਕੌਰ ਮਾਨ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਫੁਲਕਾਰੀ ਅਤੇ ਸ਼ੀਲਡ ਦੇ ਕੇ ਨਿਵਾਜਿਆ। ਪੰਜਾਬੀ ਵਿਰਸੇ ਨਾਲ ਜੁੜੀ ਨਰਿੰਦਰ ਕੌਰ ਗਿੱਲ ਨੂੰ ਵੀ ਸ਼ਾਲ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ। ਸਭਾ ਵਲੋਂ- ਵਲੰਟੀਅਰ ਸੇਵਾਵਾਂ ਪ੍ਰਦਾਨ ਕਰਨ ਲਈ- ਗੁਰਨਾਮ ਕੌਰ, ਕਿਰਨ ਕਲਸੀ ਸਮੇਤ ਨੌਜਵਾਨ ਮੈਂਬਰ ਤਮੰਨਾ ਅਤੇ ਮਨਿੰਦਰ ਚਾਨੇ ਨੂੰ ਵੀ ਸਨਮਾਨ ਪੱਤਰ ਦੇ ਕੇ, ਹੌਸਲਾ ਅਫਜ਼ਾਈ ਕੀਤੀ ਗਈ। ਬਲਵਿੰਦਰ ਕੌਰ ਬਰਾੜ ਦੀ ਲਿਖੀ ਸਕਿੱਟ ਨੂੰ ਬਲਬੀਰ ਕੌਰ ਹਜ਼ੂਰੀਆਂ, ਅਮਰਜੀਤ ਸੱਗੂ, ਕਿਰਨ ਕਲਸੀ ਅਤੇ ਦੋ ਬੱਚੀਆਂ ਪਰਵਾਨ ਅਤੇ ਬਾਣੀ ਕਲਸੀ ਨੇ ਖੇਡ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਤੀਜੇ ਭਾਗ ਵਿੱਚ ਸੁਖਵੀਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਯੰਗਸਤਾਨ ਫ਼ੋਰਮ ਵਲੋਂ ਬੋਲਦੇ ਅੱਖਰਦੇ ਨਾਂ ਹੇਠ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ। ਪਹਿਲਾਂ ਸੀਨੀਅਰ ਲੇਡੀਜ਼ ਦਾ ਮੁਕਾਬਲਾ ਤੇ ਫਿਰ ਬੱਚਿਆਂ ਦੀਆਂ ਟੀਮਾਂ ਬਣਾ ਕੇ ਸੁਆਲ ਜਵਾਬ ਦਾ ਦਿਲਚਸਪ ਮੁਕਾਬਲਾ ਕਰਵਾਇਆ ਗਿਆ। ਜੇਤੂਆਂ ਨੂੰ ਤਗਮੇ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਸੀਨੀਅਰ ਟੀਮਾਂ ਨੂੰ ਕਿਤਾਬਾਂ ਦੇ ਤੋਹਫੇ ਵੀ ਦਿੱਤੇ ਗਏ। ਅਖੀਰ ਵਿੱਚ ਸਭਾ ਦੀਆਂ ਮੈਂਬਰ ਭੈਣਾਂ ਨੇ ਗਿੱਧਾ ਪਾਕੇ ਪੂਰਾ ਰੰਗ ਬੰਨ੍ਹਿਆ। ਬਜ਼ੁਰਗਾਂ ਲਈ ਸੇਵਾਵਾਂ ਪ੍ਰਦਾਨ ਕਰਨ ਲਈ ਵਾਈ ਵਾਈ ਸੀ ਹੋਮ ਕੇਅਰ, ਪਰਾਈਮ ਹਿਅਰਿੰਗ ਕਲੀਨਿਕ ਅਤੇ ਐਨਕਾਂ ਦੀਆਂ ਸੇਵਾਵਾਂ ਘਰੋ ਘਰੀ ਪਹੁੰਚਾਉਣ ਲਈ ਆਪੋ ਆਪਣੇ ਟੇਬਲ ਲਾਏ ਹੋਏ ਸਨ।
ਮੀਡੀਆ ਵੱਲੋਂ ਉਚੇਚੇ ਤੌਰ ਤੇ ਪਹੁੰਚੇ, ਬੀ ਟੀ ਵੀ ਚੈਨਲ, ਸ਼ਿਵਾਲਿਕ ਟੀ ਵੀ ਚੈਨਲ, ਪ੍ਰਾਈਮ ਏਸ਼ੀਆ, ਬਾਤ ਪੰਜਾਬ ਦੀ ਅਤੇ ਪੰਜਾਬੀ ਅਖਬਾਰ ਵੱਲੋਂ ਸਾਰੇ ਪ੍ਰੋਗਰਾਮ ਦੀ ਵਧੀਆ ਕਵਰੇਜ ਕੀਤੀ ਗਈ। ਫੂਡ ਕਮੇਟੀ ਵਲੋਂ ਆਰੰਭ ਵਿੱਚ ਚਾਹ ਪਕੌੜੇ ਅਤੇ ਬ੍ਰੇਕ ਸਮੇਂ ਲੰਚ ਦੀ ਸੇਵਾ ਬਾਖੂਬੀ ਨਿਭਾਈ ਗਈ। ਸੋ ਇਸ ਤਰ੍ਹਾਂ, ਖਚਾ ਖੱਚ ਭਰੇ ਹਾਲ ਵਿੱਚ, 5 ਇਕ ਘੰਟੇ ਚੱਲਿਆ ਇਹ ਪ੍ਰੋਗਰਾਮ, ਯਾਦਗਾਰੀ ਹੋ ਨਿੱਬੜਿਆ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਚਰਨ ਕੌਰ ਥਿੰਦ ਨਾਲ 403 402 9635 ਤੇ ਸੰਪਰਕ ਕੀਤਾ ਜਾ ਸਕਦਾ ਹੈ। *ਰਿਪੋਰਟ ਕਰਤਾ* *ਗੁਰਨਾਮ ਕੌਰ ਸਕੱਤਰ* *ਸੰਪਰਕ: 825 735 4550*