ਇਮੀਗ੍ਰੇਸ਼ਨ ਤੋਂ ਬਚਣ ਲਈ ਭਜਾਈ ਕਾਰ ਹੋਰ ਕਾਰ ਨਾਲ ਟਕਰਾਈ, ਅਧਿਆਪਕਾ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਮੀਗ੍ਰੇਸ਼ਨ ਅਫਸਰਾਂ ਤੋਂ ਬਚਣ ਲਈ ਇਕ ਵਿਅਕਤੀ ਵੱਲੋਂ ਭਜਾਈ ਕਾਰ ਇਕ ਹੋਰ ਕਾਰ ਨਾਲ ਟਕਰਾਅ ਗਈ ਜਿਸ ਕਾਰ ਵਿਚ ਸਵਾਰ ਜਾਰਜੀਆ ਦੀ ਇੱਕ ਅਧਿਆਪਕਾ ਦੀ ਮੌਤ ਹੋ ਗਈ। ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਸਵਾਨਾਹ ਵਿੱਚ 38 ਸਾਲਾ ਗੁਆਟੇਮਾਲਾ ਨਾਗਰਿਕ ਓਸਕਾਰ ਵਾਸਕੁਏਜ਼ ਲੋਪੇਜ਼ ਨੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਏਜੰਟਾਂ ਤੋਂ ਬਚਣ ਦੀ ਕੋਸ਼ਿਸ਼ ਦੌਰਾਨ 52 ਸਾਲਾ ਲਿੰਡਾ ਡੇਵਿਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਲਿੰਡਾ ਦੀ ਮੌਕੇ ਉਪਰ ਹੀ ਮੌਤ ਹੋ ਗਏ ਜਦ ਕਿ ਲੋਪੇਜ਼ ਮਾਮੂਲੀ ਜਖਮੀ ਹੋਇਆ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਚਠਮ ਕਾਊਂਟੀ ਪੁਲਿਸ ਵਿਭਾਗ ਹਾਦਸੇ ਦੀ ਜਾਂਚ ਕਰ ਰਿਹਾ ਹੈ। ਲੋਪੇਜ਼ ਵਿਰੁੱਧ ਪਹਿਲਾ ਦਰਜਾ ਹੱਤਿਆ ਸਮੇਤ ਲਾਪਰਵਾਹੀ ਨਾਲ ਡਰਾਈਵਿੰਗ ਕਰਨ, ਬਿਨਾਂ ਯੋਗ ਲਾਇਸੰਸ ਡਰਾਈਵਿੰਗ ਕਰਨ ਤੇ ਟਰੈਫਿਕ ਕੰਟਰੋਲ ਉਪਕਰਨ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਗਏ ਹਨ।