ਲੱਖਾ ਰੁਪਏ ਖਰਚ ਕੇ ਕੇਅਰ ਵਰਕਰ ਵੀਜੇ ਤੇ ਪਰਿਵਾਰਾਂ ਸਮੇਤ ਇੰਗਲੈਂਡ ਆਇਆ ਨੂੰ ਕੰਮ ਨਾ ਮਿਲਣ ਕਾਰਨ ਇਥੇ ਰਹਿਣਾ ਅਤੇ ਵਾਪਸ ਜਾਣਾ ਹੋਇਆ ਔਖਾ

ਯੂਨੀਵਰਸਿਟੀਆ ਦੀਆਂ ਵੱਡੀਆਂ ਫੀਸਾਂ ਅਤੇ 20 ਘੰਟੇ ਤੋਂ ਵੱਧ ਕੰਮ ਕਰਨ ਦੀ ਇਯਾਜਤ ਨਾ ਮਿਲਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਥਿਤੀ ਵੀ ਹੋਈ ਡਾਵਾਂਡੋਲ

ਲੈਸਟਰ (ਇੰਗਲੈਂਡ),   (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਵਿੱਚ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਪੰਜਾਬ ਤੋਂ ਕੇਅਰ ਵਰਕਰ ਵੀਜ਼ੇ &rsquoਤੇ ਪਹੁੰਚੇ ਪਰਿਵਾਰਾਂ ਲਈ ਹਾਲਾਤ ਦਿਨੋਂਦਿਨ ਸਖ਼ਤ ਹੁੰਦੇ ਜਾ ਰਹੇ ਹਨ। ਲੱਖਾਂ ਰੁਪਏ ਖਰਚ ਕੇ, ਜ਼ਮੀਨ-ਜਾਇਦਾਦ ਵੇਚ ਕੇ ਜਾਂ ਗਹਿਣੇ ਰੱਖ ਕੇ ਇੱਥੇ ਆਏ ਕਈ ਪਰਿਵਾਰ ਅੱਜ ਕੰਮ ਦੀ ਘਾਟ, ਮਹਿੰਗਾਈ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਕਾਰਨ ਬੇਬਸੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।ਇੰਗਲੈਂਡ ਵਿੱਚ 2025 ਦੌਰਾਨ ਇਮੀਗ੍ਰੇਸ਼ਨ ਅਤੇ ਉੱਚ ਸਿੱਖਿਆ ਨਾਲ ਸੰਬੰਧਿਤ ਅੰਕੜਿਆਂ ਨੇ ਇਹ ਸਪਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ ਘਟਾਅ ਅਤੇ ਕੇਅਰ ਸੈਕਟਰ ਵਿੱਚ ਵਧ ਰਹੀਆਂ ਪਾਬੰਦੀਆਂ ਨੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ। ਸਰਕਾਰੀ ਡਾਟਾ ਅਨੁਸਾਰ 2025 ਵਿੱਚ ਯੂਕੇ ਵਿੱਚ ਕਰੀਬ 5.5 ਤੋਂ 6 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਦਰਜ ਹੋਏ, ਜੋ ਪਿਛਲੇ ਸਾਲ ਨਾਲੋਂ ਘੱਟ ਹਨ, ਜਦਕਿ ਭਾਰਤ ਤੋਂ ਆਏ ਵਿਦਿਆਰਥੀਆਂ ਦੀ ਗਿਣਤੀ ਲਗਭਗ 1.2 ਲੱਖ ਦੇ ਆਸ-ਪਾਸ ਰਹੀ। ਡਿਪੈਂਡੈਂਟਾਂ &rsquoਤੇ ਪਾਬੰਦੀਆਂ ਅਤੇ ਵਧੇਰੇ ਵਿੱਤੀ ਸਬੂਤਾਂ ਦੀ ਸ਼ਰਤ ਕਾਰਨ ਨਵੀਆਂ ਅਰਜ਼ੀਆਂ ਵਿੱਚ ਕਰੀਬ 20 ਫ਼ੀਸਦੀ ਕਮੀ ਦਰਜ ਕੀਤੀ ਗਈ, ਜਦਕਿ ਅੰਦਾਜ਼ਨ 1.5 ਤੋਂ 2 ਲੱਖ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਾਲ ਦੌਰਾਨ ਯੂਕੇ ਛੱਡ ਗਏ। ਉੱਚੀ ਫੀਸ (12 ਤੋਂ 20 ਹਜ਼ਾਰ ਪੌਂਡ ਸਾਲਾਨਾ), 800 ਤੋਂ 1200 ਪੌਂਡ ਮਹੀਨਾਵਾਰ ਕਿਰਾਇਆ ਅਤੇ ਸੀਮਿਤ ਪਾਰਟ-ਟਾਈਮ ਨੌਕਰੀਆਂ ਕਾਰਨ ਕਈ ਵਿਦਿਆਰਥੀਆਂ ਲਈ ਪੜ੍ਹਾਈ ਜਾਰੀ ਰੱਖਣਾ ਔਖਾ ਹੋ ਗਿਆ ਹੈ। ਦੂਜੇ ਪਾਸੇ ਕੇਅਰ ਸੈਕਟਰ ਵਿੱਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਸਿਹਤ ਅਤੇ ਕੇਅਰ ਵਰਕਰ ਵੀਜ਼ਿਆਂ ਦੀਆਂ ਮਨਜ਼ੂਰੀਆਂ ਵਿੱਚ ਘਟਾਅ ਆਈ ਅਤੇ ਕਈ ਸਪਾਂਸਰਿੰਗ ਕੰਪਨੀਆਂ ਦੇ ਲਾਇਸੈਂਸ ਰੱਦ ਹੋਣ ਕਾਰਨ ਹਜ਼ਾਰਾਂ ਵਰਕਰ ਪ੍ਰਭਾਵਿਤ ਹੋਏ। ਕੇਅਰ ਕੁਆਲਿਟੀ ਕਮਿਸ਼ਨ (CQC) ਦੀਆਂ ਰਿਪੋਰਟਾਂ ਮੁਤਾਬਕ ਮਿਆਰੀ ਮਾਪਦੰਡਾਂ ਜਾਂ ਵਿੱਤੀ ਸੰਕਟ ਕਾਰਨ ਕਈ ਕੇਅਰ ਹੋਮ ਬੰਦ ਹੋਏ, ਜਿਸ ਨਾਲ ਸੈਂਕੜਿਆਂ ਵਰਕਰਾਂ ਨੂੰ 60 ਦਿਨਾਂ ਅੰਦਰ ਨਵਾਂ ਸਪਾਂਸਰ ਲੱਭਣ ਦੀ ਚੇਤਾਵਨੀ ਮਿਲੀ। ਪੰਜਾਬ ਵਿੱਚ ਕਈ ਏਜੰਟਾਂ ਵੱਲੋਂ ਕੇਅਰ ਵਰਕਰਾਂ ਨੂੰ ਸੁਨਿਹਰੀ ਭਵਿੱਖ ਦੇ ਸੁਪਨੇ ਵਿਖਾਏ ਗਏ&mdashਪੱਕੀ ਨੌਕਰੀ, ਵਧੀਆ ਤਨਖ਼ਾਹ, ਪਰਿਵਾਰ ਸਮੇਤ ਸੈਟਲਮੈਂਟ ਅਤੇ ਜਲਦੀ ਪੱਕੇ ਹੋਣ ਦੇ ਦਾਅਵੇ ਕੀਤੇ ਗਏ। ਇਨ੍ਹਾਂ ਦਾਅਵਿਆਂ &rsquoਤੇ ਵਿਸ਼ਵਾਸ ਕਰਕੇ ਕਈ ਪਰਿਵਾਰਾਂ ਨੇ 30 ਤੋਂ 40 ਲੱਖ ਰੁਪਏ ਤੱਕ ਖਰਚ ਕਰਕੇ, ਜ਼ਮੀਨ-ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਯਾਤਰਾ ਸ਼ੁਰੂ ਕੀਤੀ। ਪਰ ਇੱਥੇ ਪਹੁੰਚਣ &rsquoਤੇ ਕਈਆਂ ਨੂੰ ਹਫ਼ਤੇ ਵਿੱਚ 20 ਘੰਟਿਆਂ ਤੋਂ ਘੱਟ ਕੰਮ ਮਿਲ ਰਿਹਾ ਹੈ ਅਤੇ ਮਹੀਨਾਵਾਰ ਆਮਦਨ 1000 ਪੌਂਡ ਤੋਂ ਵੀ ਘੱਟ ਰਹਿ ਜਾਂਦੀ ਹੈ, ਜਦਕਿ ਕਿਰਾਇਆ, ਕੌਂਸਲ ਟੈਕਸ ਅਤੇ ਬੱਚਿਆਂ ਦੇ ਖਰਚੇ ਮਿਲਾ ਕੇ ਖਰਚੇ ਕਾਫ਼ੀ ਵੱਧ ਹਨ। ਕਈ ਪਰਿਵਾਰ ਨਾ ਤਾਂ ਵਾਪਸ ਪੰਜਾਬ ਜਾ ਸਕਦੇ ਹਨ ਅਤੇ ਨਾ ਹੀ ਇੱਥੇ ਪੱਕੀ ਨੌਕਰੀ ਮਿਲ ਰਹੀ ਹੈ, ਜਿਸ ਨਾਲ ਕਰਜ਼ੇ ਦਾ ਬੋਝ ਅਤੇ ਅਣਸ਼ਚਿਤ ਭਵਿੱਖ ਉਨ੍ਹਾਂ ਨੂੰ ਮਾਨਸਿਕ ਤੌਰ &rsquoਤੇ ਝੰਝੋੜ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟਦੀ ਆਮਦ ਦਾ ਅਸਰ ਯੂਨੀਵਰਸਿਟੀਆਂ &rsquoਤੇ ਵੀ ਪਿਆ ਹੈ, ਜਿੱਥੇ ਖਰਚੇ ਘਟਾਉਣ ਅਤੇ ਸਟਾਫ਼ ਕਟੌਤੀ ਦੇ ਕਦਮ ਚੁੱਕੇ ਜਾ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਦੇਸ਼ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਦੋਹਾਂ &rsquoਤੇ ਲੰਬੇ ਸਮੇਂ ਦਾ ਅਸਰ ਪੈ ਸਕਦਾ ਹੈ। ਕੁੱਲ ਮਿਲਾ ਕੇ 2025 ਵਿਦਿਆਰਥੀਆਂ ਅਤੇ ਕੇਅਰ ਵਰਕਰਾਂ ਲਈ ਚੁਣੌਤੀਆਂ ਭਰਿਆ ਸਾਲ ਸਾਬਤ ਹੋਇਆ ਹੈ ਅਤੇ ਭਾਈਚਾਰੇ ਵੱਲੋਂ ਸਰਕਾਰ ਨੂੰ ਸਪਾਂਸਰ ਪ੍ਰਣਾਲੀ ਪਾਰਦਰਸ਼ੀ ਬਣਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਰਾਹਤਕਾਰੀ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ।