ਕੈਨੇਡਾ ਨੇ 2025 ‘ਚ ਨਿਯਮਾਂ ਦੀ ਉਲੰਘਣਾ ਕਾਰਨ 18 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇਸ਼ ‘ਚੋਂ ਕੱਢਿਆ

ਨਵੀਂ ਦਿੱਲੀ- ਕੈਨੇਡਾ ਨੇ 2025 ਦੇ ਪਹਿਲੇ 10 ਮਹੀਨਿਆਂ ਵਿਚ 18,500 ਤੋਂ ਵੱਧ ਲੋਕਾਂ ਨੂੰ ਦੇਸ਼ ਵਿਚੋਂ ਬਾਹਰ ਕੱਢਿਆ ਹੈ। ਇਸ ਵਿਚ ਸਭ ਤੋਂ ਵੱਧ 3,972 ਲੋਕ ਮੈਕਸੀਕੋ ਦੇ ਸਨ। ਜਦਕਿ ਦੂਜੇ ਨੰਬਰ &lsquoਤੇ ਭਾਰਤ ਰਿਹਾ, 2025 ਅਕਤੂਬਰ ਤੱਕ ਕੈਨੇਡਾ ਤੋਂ 2,831 ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ।
ਦਰਅਸਲ, ਇਹ ਅੰਕੜਾ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਵੱਲੋਂ ਜਾਰੀ ਕੀਤਾ ਗਿਆ ਹੈ। ਕੈਨੇਡਾ ਵਿਚੋਂ ਕੱਢੇ ਗਏ ਲੋਕਾਂ ਵਿਚੋਂ ਵੱਡੀ ਗਿਣਤੀ ਵਿਚ ਅਜਿਹੇ ਲੋਕ ਸਨ, ਜਿਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਸਨ। ਪਰ ਇਸ ਵਿਚ ਦੇਸ਼ ਨਿਕਾਲਾ ਦਿੱਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਸ਼ਰਨਾਰਥੀ ਬਿਨੈਕਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨਾ ਰਿਹਾ।
ਕੈਨੇਡਾ ਨੇ ਹੁਣ ਤੱਕ 2,831 ਭਾਰਤੀ ਨਾਗਰਿਕਾਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਹੈ। ਇੰਨਾ ਹੀ ਨਹੀਂ, ਕੈਨੇਡਾ ਵੱਲੋਂ ਅਜੇ ਵੀ 29,542 ਹੋਰ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ, ਜਿਨ੍ਹਾਂ ਵਿਚ 6,515 ਭਾਰਤੀ ਵੀ ਸ਼ਾਮਲ ਹਨ। ਭਾਵ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਭਾਰਤੀਆਂ &lsquoਤੇ ਕਾਰਵਾਈ ਹੋ ਸਕਦੀ ਹੈ।
ਇਮੀਗ੍ਰੇਸ਼ਨ ਨਿਯਮਾਂ ਤਹਿਤ, ਕੈਨੇਡਾ ਵਿਚ ਤਿੰਨ ਤਰੀਕਿਆਂ ਨਾਲ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ: ਡਿਪਾਰਚਰ ਆਰਡਰ, ਐਕਸਕਲੂਜ਼ਨ ਆਰਡਰ ਅਤੇ ਡਿਪੋਰਟੇਸ਼ਨ ਆਰਡਰ। ਸਾਲ 2025 ਵਿਚ, ਕੈਨੇਡਾ ਨੇ ਡਿਪਾਰਚਰ ਆਰਡਰ ਰਾਹੀਂ 3,982 ਲੋਕਾਂ ਨੂੰ, ਐਕਸਕਲੂਜ਼ਨ ਆਰਡਰ ਰਾਹੀਂ 5,821 ਲੋਕਾਂ ਨੂੰ ਅਤੇ ਡਿਪੋਰਟੇਸ਼ਨ ਆਰਡਰ ਰਾਹੀਂ 8,982 ਲੋਕਾਂ ਨੂੰ ਬਾਹਰ ਕੱਢਿਆ। ਡਿਪਾਰਚਰ ਆਰਡਰ ਜਿਸ ਵਿਅਕਤੀ &lsquoਤੇ ਲਾਗੂ ਹੁੰਦਾ ਹੈ, ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪੈਂਦਾ ਹੈ। ਜੇਕਰ ਉਹ ਇਸ ਸਮੇਂ ਦੌਰਾਨ ਦੇਸ਼ ਨਹੀਂ ਛੱਡਦਾ, ਤਾਂ ਇਹ ਹੁਕਮ ਆਪਣੇ ਆਪ &lsquoਡਿਪੋਰਟੇਸ਼ਨ ਆਰਡਰ&rsquo ਵਿਚ ਬਦਲ ਜਾਂਦਾ ਹੈ।