ਟਰੰਪ ਵੱਲੋਂ ਸਾਰੇ ਦੇਸ਼ਾਂ ’ਤੇ 10 ਫੀਸਦੀ ਗਲੋਬਲ ਟੈਰਿਫ ਲਗਾਉਣ ਦੇ ਹੁਕਮਾਂ ’ਤੇ ਦਸਤਖ਼ਤ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ &rsquoਤੇ 10 ਫੀਸਦੀ ਗਲੋਬਲ ਟੈਰਿਫ ਲਗਾਉਣ ਦੇ ਇਕ ਨਵੇਂ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ, ਜੋ ਕਿ 24 ਫਰਵਰੀ ਤੋਂ ਪ੍ਰਭਾਵੀ ਹੋਵੇਗਾ। ਇਹ ਕਦਮ ਅਮਰੀਕੀ ਸੁਪਰੀਮ ਕੋਰਟ ਦੇ ਉਸ ਵੱਡੇ ਫੈਸਲੇ ਤੋਂ ਤੁਰੰਤ ਬਾਅਦ ਚੁੱਕਿਆ ਗਿਆ ਹੈ ਜਿਸ ਨੇ ਟਰੰਪ ਪ੍ਰਸ਼ਾਸਨ ਦੁਆਰਾ ਪਹਿਲਾਂ ਲਗਾਏ ਗਏ ਵਿਆਪਕ ਟੈਰਿਫਾਂ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ।

ਅਦਾਲਤ ਨੇ 6-3 ਦੇ ਬਹੁਮਤ ਨਾਲ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਕੋਲ 'ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ' (IEEPA) ਦੇ ਤਹਿਤ ਅਜਿਹੀਆਂ ਡਿਊਟੀਆਂ ਲਗਾਉਣ ਦਾ ਅਧਿਕਾਰ ਨਹੀਂ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ "ਲੂਡੀਕਰਸ" (ਹਾਸੋਹੀਣਾ) ਅਤੇ ਦੇਸ਼ ਲਈ "ਬਦਨਾਮੀ" ਦੱਸਦਿਆਂ ਟਰੰਪ ਨੇ ਹੁਣ 1974 ਦੇ ਵਪਾਰ ਐਕਟ ਦੀ ਧਾਰਾ 122 ਦੀ ਵਰਤੋਂ ਕਰਦਿਆਂ ਨਵਾਂ ਟੈਰਿਫ ਲਗਾਇਆ ਹੈ, ਜੋ ਭੁਗਤਾਨ ਸੰਤੁਲਨ ਦੇ ਘਾਟੇ ਨੂੰ ਹੱਲ ਕਰਨ ਲਈ 150 ਦਿਨਾਂ ਲਈ ਅਸਥਾਈ ਸਰਚਾਰਜ ਦੀ ਇਜਾਜ਼ਤ ਦਿੰਦਾ ਹੈ।