ਟਰੰਪ ਵੱਲੋਂ ਗਲੋਬਲ 10 ਫੀਸਦੀ ਟੈਰਿਫ਼ ਦੇ ਐਲਾਨ ਕਰਕੇ ਬ੍ਰਿਟਿਸ਼ ਕਾਰੋਬਾਰਾਈਆ ਵਿੱਚ ਚਿੰਤਾ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਭਰ ਦੇ ਆਯਾਤ ਸਮਾਨ &lsquoਤੇ 10 ਫੀਸਦੀ ਗਲੋਬਲ ਟੈਰਿਫ਼ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਕਾਰੋਬਾਰੀ ਵਰਗ ਵਿੱਚ ਅਣਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਐਮਰਜੈਂਸੀ ਅਧਿਕਾਰਾਂ ਅਧੀਨ ਲਗਾਏ ਗਏ ਟਰੰਪ ਦੇ ਪਹਿਲਾਂ ਦੇ ਵਿਆਪਕ ਟੈਰਿਫ਼ ਫ਼ੈਸਲੇ ਨੂੰ ਰੱਦ ਕਰ ਦਿੱਤਾ, ਜਿਸਨੂੰ ਉਨ੍ਹਾਂ ਦੀ ਆਰਥਿਕ ਨੀਤੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਨਵੇਂ ਟੈਰਿਫ਼ ਵੱਖਰੇ ਕਾਨੂੰਨੀ ਪ੍ਰਬੰਧ ਹੇਠ ਲਾਗੂ ਕੀਤੇ ਜਾਣਗੇ ਅਤੇ ਇਹ ਲਗਭਗ 150 ਦਿਨਾਂ ਲਈ ਪ੍ਰਭਾਵੀ ਰਹਿਣਗੇ। ਜਾਣਕਾਰੀ ਮੁਤਾਬਕ ਇਹ ਕਦਮ ਮੰਗਲਵਾਰ ਤੋਂ ਲਾਗੂ ਹੋ ਸਕਦਾ ਹੈ ਜਿਸਦਾ ਅਸਰ ਅੰਤਰਰਾਸ਼ਟਰੀ ਵਪਾਰ ਅਤੇ ਨਿਰਯਾਤ-ਆਯਾਤ ਨਾਲ ਜੁੜੇ ਉਦਯੋਗਾਂ &lsquoਤੇ ਪੈਣ ਦੀ ਸੰਭਾਵਨਾ ਹੈ।
ਬ੍ਰਿਟਿਸ਼ ਕਾਰੋਬਾਰੀਆਂ ਨੇ ਕਿਹਾ ਹੈ ਕਿ ਨਵੇਂ ਟੈਰਿਫ਼ ਕਾਰਨ ਵਪਾਰਕ ਸਮਝੌਤਿਆਂ, ਸਪਲਾਈ ਚੇਨ ਅਤੇ ਕੀਮਤਾਂ &lsquoਤੇ ਅਸਰ ਪੈ ਸਕਦਾ ਹੈ। ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਪ੍ਰਤੀਨਿਧੀ ਜੌਨ ਡੈਂਟਨ ਨੇ ਕਿਹਾ ਕਿ ਹਾਲਾਤਾਂ ਬਾਰੇ ਕਈ ਸਵਾਲ ਅਜੇ ਵੀ ਅਣਸੁਲਝੇ ਹਨ, ਜਿਵੇਂ ਕਿ ਨਵੇਂ ਟੈਰਿਫ਼ ਕਿਵੇਂ ਲਾਗੂ ਹੋਣਗੇ, ਪਹਿਲਾਂ ਇਕੱਠੀ ਕੀਤੀ ਰਕਮ ਦਾ ਕੀ ਹੋਵੇਗਾ ਅਤੇ ਮੌਜੂਦਾ ਵਪਾਰਕ ਸਮਝੌਤਿਆਂ ਦਾ ਭਵਿੱਖ ਕੀ ਰਹੇਗਾ।
ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ &lsquoਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਗਲਤ ਹੈ ਅਤੇ ਉਨ੍ਹਾਂ ਕੋਲ ਵਿਕਲਪਕ ਤਾਕਤਵਰ ਕਾਨੂੰਨੀ ਰਾਹ ਮੌਜੂਦ ਹਨ। ਉਨ੍ਹਾਂ ਨੇ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਸੰਕੇਤ ਦਿੱਤਾ ਕਿ ਅਮਰੀਕਾ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਹੋਰ ਕਦਮ ਚੁੱਕੇਗਾ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਵਿਸ਼ਵ ਵਪਾਰ ਸੰਬੰਧਾਂ ਵਿੱਚ ਨਵਾਂ ਤਣਾਅ ਪੈਦਾ ਕਰ ਸਕਦਾ ਹੈ ਅਤੇ ਯੂਰਪ ਤੇ ਬ੍ਰਿਟੇਨ ਦੇ ਨਿਰਯਾਤਕਾਰਾਂ ਲਈ ਆਰਥਿਕ ਚੁਣੌਤੀਆਂ ਵਧ ਸਕਦੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਪ੍ਰਤੀਕ੍ਰਿਆ ਅਤੇ ਸਰਕਾਰਾਂ ਦੀ ਵਪਾਰਕ ਨੀਤੀ ਇਸ ਮਾਮਲੇ ਦੀ ਦਿਸ਼ਾ ਤੈਅ ਕਰੇਗੀ।