ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ’ਚ ਨਹੀਂ ਹੋਵੇਗਾ ਵਾਧਾ: ਹਰਪਾਲ ਚੀਮਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿੱਤ ਵਰੇ 2026 ਤੇ 27 ਲਈ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਤਹਿਤ ਸ਼ਰਾਬ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਆਬਕਾਰੀ ਤੋਂ 12800 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ।
ਜਦੋਂ ਕਿ ਪੁਰਾਣੇ ਸ਼ਰਾਬ ਠੇਕੇਦਾਰ ਪਿਛਲੇ ਸਾਲ ਦੀ ਰਾਖਵੀਂ ਕੀਮਤ ਵਿੱਚ 6.5 ਫੀਸਦ ਦੇ ਵਾਧੇ ਨਾਲ ਮੁੜ ਤੋਂ ਸ਼ਰਾਬ ਠੇਕੇ ਲੈ ਸਕਦੇ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਸਰਹੱਦੀ ਖੇਤਰ ਵਿੱਚ ਸਰਕਾਰੀ ਜਮੀਨਾਂ ਉੱਤੇ ਖੇਤੀ ਕਰਨ ਵਾਲੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਵੀ ਵਿਸ਼ੇਸ਼ ਫੈਸਲਾ ਲਿਆ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ 5200 ਏਕੜ, ਫਾਜ਼ਿਲਕਾ ਵਿੱਚ 3000 ਏਕੜ ਅਤੇ ਅੰਮ੍ਰਿਤਸਰ ਵਿੱਚ 2800 ਏਕੜ ਜਮੀਨ ਸਰਕਾਰ ਦੇ ਨਾਮ ਬੋਲਦੀ ਹੈ ਜਿਸ ਉੱਤੇ ਖੇਤੀ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਇਸ ਲਈ ਹੜਾਂ ਦੌਰਾਨ ਉਨਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਪੰਚ ਪਟਵਾਰੀ ਅਤੇ ਪਿੰਡ ਦੇ ਨੰਬਰਦਾਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਜਿਸ ਦੀਆਂ ਸਿਫਾਰਿਸ਼ਾਂ ਦੇ ਆਧਾਰ &rsquoਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।