ਬਰਖਾਸਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ YOON ਨੇ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਕੀਤੀ ਅਪੀਲ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਦਸੰਬਰ 2024 ਵਿੱਚ ਦੇਸ਼ ਵਿੱਚ ਥੋੜ੍ਹੇ ਸਮੇਂ ਲਈ &lsquoਮਾਰਸ਼ਲ ਲਾਅ&rsquo (ਫੌਜੀ ਸ਼ਾਸਨ) ਲਗਾਉਣ ਅਤੇ ਬਗਾਵਤ ਕਰਨ ਦੇ ਦੋਸ਼ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਵਿਰੁੱਧ ਮੰਗਲਵਾਰ ਨੂੰ ਅਪੀਲ ਦਾਇਰ ਕੀਤੀ ਹੈ। ਯੂਨ ਦੇ ਵਕੀਲਾਂ ਨੇ ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਦੇ ਪਿਛਲੇ ਹਫ਼ਤੇ ਦੇ ਫੈਸਲੇ ਨੂੰ &lsquoਤਰਕਹੀਣ&rsquo ਅਤੇ &lsquoਪੱਖਪਾਤੀ&rsquo ਕਰਾਰ ਦਿੱਤਾ ਹੈ। ਯੂਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਦਮ ਸਿਰਫ਼ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਸਨ। ਹੁਣ ਇਹ ਮਾਮਲਾ ਸਿਓਲ ਹਾਈ ਕੋਰਟ ਦੇ ਇੱਕ ਵਿਸ਼ੇਸ਼ ਪੈਨਲ ਕੋਲ ਜਾਵੇਗਾ, ਜੋ ਬਗਾਵਤ ਅਤੇ ਦੇਸ਼ ਧ੍ਰੋਹ ਵਰਗੇ ਗੰਭੀਰ ਮਾਮਲਿਆਂ ਦੀ ਸੁਣਵਾਈ ਲਈ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 3 ਦਸੰਬਰ 2024 ਦੀ ਰਾਤ ਨੂੰ ਲਗਾਇਆ ਗਿਆ ਇਹ ਮਾਰਸ਼ਲ ਲਾਅ ਸਿਰਫ਼ ਛੇ ਘੰਟੇ ਚੱਲਿਆ ਸੀ, ਜਿਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਭਾਰੀ ਫੌਜੀ ਘੇਰਾਬੰਦੀ ਤੋੜ ਕੇ ਇਸ ਦੇ ਖਿਲਾਫ ਵੋਟ ਪਾਈ ਸੀ। ਇਸ ਘਟਨਾ ਨੇ ਦੱਖਣੀ ਕੋਰੀਆ ਵਿੱਚ ਦਹਾਕਿਆਂ ਦਾ ਸਭ ਤੋਂ ਵੱਡਾ ਸਿਆਸੀ ਸੰਕਟ ਪੈਦਾ ਕਰ ਦਿੱਤਾ ਸੀ, ਜਿਸ ਕਾਰਨ ਯੂਨ ਨੂੰ ਅਹੁਦੇ ਤੋਂ ਹਟਾ ਕੇ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਯੂਨ ਨੇ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸੱਤਾ ਹਥਿਆਉਣ ਲਈ ਫੌਜ ਦੀ ਵਰਤੋਂ ਕੀਤੀ ਸੀ। ਯੂਨ ਹੁਣ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਨੂੰ 1996 ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।