ਖਾਲਿਸਤਾਨੀ ਆਗੂ ਨੂੰ ਮੌਤ ਦੀ ਧਮਕੀ, ਕੈਨੇਡਾ ਪੁਲਸ ਨੇ ਜਾਰੀ ਕੀਤੀ ਚਿਤਾਵਨੀ

ਕਾਰਨੀ ਦੀ ਭਾਰਤ ਯਾਤਰਾ ਕਾਰਣ ਕੈਨੇਡੀਅਨ ਸਿੱਖਾਂ ਵਿਚ ਫੈਲਿਆ ਰੋਸ
ਓਟਾਵਾ - ਜਿਵੇਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਵਪਾਰਕ ਗੱਲਬਾਤ ਲਈ ਭਾਰਤ ਜਾ ਰਹੇ ਹਨ, ਉਸੇ ਵੇਲੇ ਵੈਨਕੂਵਰ ਪੁਲਸ ਨੇ ਇੱਕ ਕੈਨੇਡੀਅਨ ਸਿੱਖ ਆਗੂ ਨੂੰ ਉਸਦੀ ਜਾਨ ਤੋਂ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ। ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਹੈੱਡ ਮਨਿੰਦਰ ਸਿੰਘ, ਜੋ ਸਰੀ ਵਿਚ ਰਹਿੰਦੇ ਹਨ, ਉਨ੍ਹਾਂ ਕੋਲ ਬੀਤੇ ਐਤਵਾਰ ਨੂੰ ਪੁਲਸ ਵਾਲਾ ਆਇਆ ਅਤੇ ਸਿੱਧਾ ਦੱਸਿਆ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ। ਨਾ ਸਿਰਫ ਉਹ ਖੁਦ ਬਲਕਿ ਉਨ੍ਹਾਂ ਦੀ ਪਤਨੀ ਤੇ ਬੱਚੇ ਵੀ ਇਸ ਖ਼ਤਰੇ ਵਿਚ ਹਨ। ਇਹ ਖ਼ਬਰ ਨਾਲ ਪੂਰੇ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਚਰਚਾ ਛਿੜ ਗਈ ਹੈ ਕਿ ਇਸ ਧਮਕੀ ਪਿੱਛੇ ਅਸਲ ਵਿਚ ਕਿਹੜੀ ਤਾਕਤ ਹੈ ਅਤੇ ਪੁਲਸ ਵਾਲਿਆਂ ਨੇ ਇਸ ਬਾਰੇ ਕੀ ਥਿਊਰੀ ਬਣਾਈ ਹੈ।
ਸਿੰਘ ਨੇ ਇਸ ਘਟਨਾ ਦਾ ਆਡੀਓ ਰਿਕਾਰਡਿੰਗ ਤੇ ਆਫਿਸਰ ਦਾ ਵਿਜ਼ਿਟਿੰਗ ਕਾਰਡ ਵੀ ਗਲੋਬਲ ਨਿਊਜ਼ ਕੈਨੇਡਾ ਨਾਲ ਸਾਂਝਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੁਲਸ ਵਾਲੇ ਨੇ ਬਿਲਕੁਲ ਸਾਫ਼ ਗੱਲ ਕੀਤੀ ਕਿ ਇੱਕ ਗੁਪਤ ਸੂਤਰਾਂ ਤੋਂ ਇਹ ਜਾਣਕਾਰੀ ਆਈ ਹੈ ਤੇ ਇਸ ਲਈ ਤੁਹਾਨੂੰ ਚਿਤਾਵਨੀ ਦੇਣੀ ਬਣਦੀ ਹੈ। ਇਸ ਤੋਂ ਪਹਿਲਾਂ ਵੀ ਮਨਿੰਦਰ ਸਿੰਘ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ ਪਰ ਇਸ ਵਾਰ ਫੈਮਿਲੀ ਨੂੰ ਵੀ ਖ਼ਤਰਾ ਹੈ। ਸਿੰਘ ਖੁਦ ਇੱਕ ਬੋਲਡ ਆਗੂ ਹਨ ਜੋ ਭਾਰਤ ਵਿਚ ਸਿੱਖਾਂ ਤੇ ਹੋ ਰਹੇ ਅਣਮਨੁੱਖੀ ਵਿਵਹਾਰ ਬਾਰੇ ਖੁੱਲ੍ਹ ਕੇ ਬੋਲਦੇ ਹਨ ਤੇ ਖਾਲਿਸਤਾਨ ਵਰਗੀ ਮੰਗ ਲਈ ਆਵਾਜ਼ ਉਠਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਧਮਕੀ ਉਨ੍ਹਾਂ ਦੀ ਰਾਜਨੀਤਿਕ ਗਤੀਵਿਧੀਆਂ ਕਰਕੇ ਹੀ ਆਈ ਹੈ।
ਪੁਲਸ ਵਾਲਿਆਂ ਨੇ ਇਸ ਨੂੰ ਆਪਣੀ ਰੁਟੀਨ 'ਡਿਊਟੀ ਟੂ ਵਾਰਨ' ਵਾਲੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਗੰਭੀਰ ਖ਼ਤਰਾ ਹੋਣ ਬਾਰੇ ਭਰੋਸੇਯੋਗ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਚਿਤਾਵਨੀ ਦੇ ਦਿੰਦੇ ਹਨ। ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਚਿਤਾਵਨੀ ਬਿਲਕੁਲ ਗੰਭੀਰ ਹੈ ਤੇ ਉਹ ਆਪਣੀ ਫੈਮਿਲੀ ਦੀ ਸੁਰੱਖਿਆ ਲਈ ਚਿੰਤਤ ਹਨ।
ਪੁਲਸ ਨੇ ਇਸ ਬਾਰੇ ਕੋਈ ਖਾਸ ਨਾਮ ਜਾਂ ਤਾਕਤ ਨਹੀਂ ਲਿਆ ਪਰ ਖਾਲਿਸਤਾਨੀਆਂ ਦਾ ਮੰਨਣਾ ਹੈ ਕਿ ਪਿਛਲੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਇਹ ਭਾਰਤੀ ਸਰਕਾਰ ਨਾਲ ਲਿੰਕ ਰੱਖਦੀਆਂ ਧਮਕੀਆਂ ਹਨ। ਆਰਸੀਐੱਮਪੀ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਬਾਰੇ ਰਿਪੋਰਟ ਵਿਚ ਕਿਹਾ ਸੀ ਕਿ ਭਾਰਤੀ ਏਜੰਸੀਆਂ ਕੈਨੇਡਾ ਵਿਚ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੀਆਂ ਹਨ। ਖਾਸ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਵਰਗੀਆਂ ਅਪਰਾਧੀ ਗਰੋਹਾਂ ਨੂੰ ਵਰਤ ਕੇ ਉਨ੍ਹਾਂ ਤੋਂ ਕਤਲ ਕਰਵਾਉਂਦੀਆਂ ਹਨ। ਇਹ ਗੈਂਗ ਕੈਨੇਡਾ ਵਿਚ ਐਕਸਟੌਰਸ਼ਨ, ਕਤਲ ਤੇ ਹੋਰ ਗੰਭੀਰ ਜੁਰਮ ਕਰਦਾ ਹੈ ।
ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਕੈਨੇਡੀਅਨ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਅਪਰਾਧੀ ਗੈਂਗਸ ਨੂੰ ਵਰਤਦਾ ਹੈ। ਉਹ ਕਹਿੰਦੇ ਹਨ ਕਿ ਭਾਰਤ ਲਾਰੈਂਸ ਬਿਸ਼ਨੋਈ ਤੇ ਉਸਦੇ ਕੈਨੇਡੀਅਨ ਲੈਫਟੀਨੈਂਟ ਗੋਲਡੀ ਬਰਾੜ ਵਰਗੇ ਲੋਕਾਂ ਰਾਹੀਂ ਇਹ ਸਾਰਾ ਕ੍ਰਾਈਮ ਕਰਵਾਉਂਦਾ ਹੈ। ਇਸ ਤੋਂ ਪਹਿਲਾਂ 2022 ਵਿਚ ਮਨਿੰਦਰ ਸਿੰਘ ਤੇ ਹਰਦੀਪ ਸਿੰਘ ਨਿਜਰ ਨੂੰ ਪਹਿਲੀ ਵਾਰ ਇਸ ਤਰ੍ਹਾਂ ਚਿਤਾਵਨੀ ਮਿਲੀ ਸੀ। ਫਿਰ 2023 ਵਿਚ ਨਿਜਰ ਨੂੰ ਸਰੀ ਵਿਚ ਗੁਰਦੁਆਰੇ ਤੋਂ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਰਸੀਐੱਮਪੀ ਤੇ ਐਫਬੀਆਈ ਨੇ ਇਸ ਵਿਚ ਭਾਰਤੀ ਇੰਟੈਲੀਜੈਂਸ ਦਾ ਹੱਥ ਦੱਸਿਆ ਸੀ। ਉਸ ਤੋਂ ਬਾਅਦ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਬਾਹਰ ਕੱਢਿਆ ਸੀ।
ਇਸ ਧਮਕੀ ਨੇ ਫਿਰ ਤੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਵਧਾ ਦਿੱਤਾ ਹੈ। ਮਨਿੰਦਰ ਸਿੰਘ ਇਸ ਘਟਨਾ ਨੂੰ ਪੀਐੱਮ ਮਾਰਕ ਕਾਰਨੀ ਦੀ ਭਾਰਤ ਯਾਤਰਾ ਨਾਲ ਜੋੜ ਰਹੇ ਹਨ। ਉਹ ਕਹਿੰਦੇ ਹਨ ਕਿ ਅਮਰੀਕਾ ਵਿਚ ਟਰੰਪ ਵੱਲੋਂ ਟੈਰਿਫ ਲਾਉਣ ਕਰਕੇ ਕੈਨੇਡਾ ਨੂੰ ਨਵੇਂ ਟ੍ਰੇਡ ਪਾਰਟਨਰ ਲੱਭਣੇ ਪੈ ਰਹੇ ਹਨ ਤੇ ਭਾਰਤ ਉਨ੍ਹਾਂ ਵਿਚੋਂ ਇੱਕ ਹੈ। ਪਰ ਇਸ ਤੋਂ ਪਹਿਲਾਂ ਭਾਰਤ ਵੱਲੋਂ ਫਾਰੇਨ ਇੰਟਰਫਿਅਰੈਂਸ, ਡਿਸਇਨਫਰਮੇਸ਼ਨ ਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ।
ਭਾਰਤੀ ਹਾਈ ਕਮਿਸ਼ਨਰ ਡੀਨੇਸ਼ ਪਟਨਾਇਕ ਨੇ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੀ ਆਪਣੀ ਸਮੱਸਿਆ ਹੈ। ਪਰ ਸਿੱਖ ਭਾਈਚਾਰਾ ਇਸ ਤੋਂ ਬਹੁਤ ਨਾਖੁਸ਼ ਹੈ ਤੇ ਕਹਿ ਰਿਹਾ ਹੈ ਕਿ ਕੈਨੇਡਾ ਸਰਕਾਰ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਮਨਿੰਦਰ ਸਿੰਘ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਉਹ ਆਪਣੀ ਰਾਜਨੀਤਿਕ ਗੱਲਬਾਤ ਤੋਂ ਪਿੱਛੇ ਨਹੀਂ ਹਟਣਗੇ ਤੇ ਖਾਲਿਸਤਾਨ ਵਰਗੀ ਮੰਗ ਲਈ ਲੜਦੇ ਰਹਿਣਗੇ।