ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼, ਮਾਤ ਭਾਸ਼ਾ ਦਿਵਸ ਤੇ ਮੁਬਾਰਕਾਂ ਕਿਹੜੀ ਖੁਸ਼ੀ ਚ?

ਸ਼ਿੰਗਾਰਾ ਸਿੰਘ ਢਿੱਲੋਂ

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਅੱਜ ਮਾਤ ਭਾਸ਼ਾ ਦਿਵਸ ਹੈ ਤੇ ਮੈਂ ਸਭਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਬੇਸ਼ੱਕ ਮੈਂ ਪਿਛਲੇ ਤਿੰਨ ਦਹਾਕਿਆਂ ਦੇ ਵੱਧ ਸਮੇਂ ਤੋਂ ਬਰਤਾਨੀਆਂ ਰਹਿੰਦਾਂ. ਪਰ ਅੱਜ ਤੱਕ ਮੇਰੀ ਪਹਿਲੀ ਭਾਸ਼ਾ ਪੰਜਾਬੀ ਹੀ ਰਹੀ ਹੈ ਤੇ ਹਮੇਸ਼ਾ ਰਹੇਗੀ| ਦੂਜੀ ਭਾਸ਼ਾ ਅੰਗਰੇਜ਼ੀ ਹੈ ਤੇ ਰਹੇਗੀ, ਹਾਂ, ਕਦੇ ਕਦਾਈ ਹਿੰਦੀ, ਗੁਜ਼ਰਾਤੀ ਤੇ ਉਰਦੂ ਨੂੰ ਵੀ ਮੂੰਹ ਮਾਰ ਲਈਦਾ| ਮੇਰੇ ਵੱਲੋਂ ਅਜਿਹਾ ਕਰਨ ਨਾਲ ਮੇਰੀ ਮਾਤ ਭਾਸ਼ਾ ਦਾ ਕਦੇ ਕੋਈ ਨੁਕਸਾਨ ਨਹੀਂ ਹੋਇਆ, ਹਾਂ! ਪਰ ਮੈਨੂੰ ਫਾਇਦਾ ਜ਼ਰੂਰ ਹੋਇਆ ਹੈ|  ਇਕ ਗੱਲ ਹੋਰ ਇਹ ਵੀ ਕਹਿਣੀ ਚਾਹੁੰਦਾ ਹਾਂ ਕਿ ਕਦੇ ਕਦਾ ਇਸ ਤਰਾੰ ਮਹਿਸੂਸ ਹੁੰਦਾ ਕਿ ਅੱਜ ਤੱਕ ਪੰਜਾਬੀ ਭਾਸ਼ਾ ਦਾ ਬਹੁਤਾ ਨੁਕਸਾਨ ਉਹਨਾ ਲੋਕਾਂ ਨੇ ਹੀ ਕੀਤਾ ਹੈ ਜੋ ਆਪਣੇ ਆਪ ਨੂੰ ਇਸ ਦਾ ਝੰਡਾ ਬਰਦਾਰ ਕਹਾਉਂਦੇ ਜਾਂ ਦੱਸਦੇ ਰਹੇ ਹਨ| ਇਸ ਸੰਬੰਧੀ ਤੁਸੀਂ ਆਪਣਾ ਵਿਚਾਰ ਟਿੱਪਣੀ ਵਜੋਂ ਦਰਜ ਕਰ ਸਕਦੇ ਹੋ| ਉਂਜ ਕਹਿਣ ਦੀ ਲੋੜ ਨਹੀਂ, ਪਰ ਫਿਰ ਵੀ ਕਹਿ ਰਿਹਾ ਹਾਂ ਕਿ ਬੇਨਤੀ ਏਹੀ ਹੈ ਕਿ ਮਸਲਾ ਮਾਂ ਬੋਲੀ ਦਾ ਹੈ ਇਸ ਕਰਕੇ ਟਿੱਪਣੀ ਸੱਭਿਅਕ ਬੋਲਾਂ ਵਿਚ ਹੀ ਹੋਵੇ ਤਾਂ ਕਿ ਮਾਖਿਓਂ ਮਿੱਠੀ ਮੇਰੀ ਸੋਹਣੀ ਬੋਲੀ ਮਲੀਨ ਨਾ ਹੋਵੇ|
ਹਰ ਸਾਲ ਦੀ ਤਰਾਂ ਅੱਜ ਵੀ ਮਾਤ ਬੋਲੀ ਦਿਹਾੜੇ ਉੱਤੇ ਵਧਾਈਆਂ  ਤੇ ਮੁਬਾਰਕਾਂ ਦਾ ਸਿਲਸਿਲਾ ਸ਼ੋਸ਼ਲ ਮੀਡੀਏ ਉਤੇ ਬੜਾ ਹੀ ਮੁਸਲਸਲ ਚਲ ਰਿਹਾ ਹੈ, ਪਰ ਮੈਨੂੰ ਇਸ &rsquoਤੇ ਇਤਰਾਜ ਹੈ| ਆਪਣੇ ਇਤਰਾਜ ਦੀ ਪੁਸ਼ਟੀ ਲਈ ਮੇਰੇ ਕੋਲ ਦਲੀਲਾਂ ਵੀ ਹਨ| ਅੰਗਰੇਜੀ ਦੁਨੀਆਂ ਦੀ ਇਕ ਨੰਬਰ ਭਾਸ਼ਾ ਬਣ ਚੁੱਕੀ ਹੈ, ਪਰ ਇਹ ਭਾਸ਼ਾ ਪੰਜਾਬੀ ਤੋਂ ਕੋਈ ਪੌਣੋ ਕੁ ਦੋ ਸੌ ਸਾਲ ਉਮਰ ਵਿਚ ਛੋਟੀ ਹੈ| ਪੰਜਾਬੀ ਬੋਲੀ 12ਵੀਂ ਸਦੀ ਵਿਚ ਆਪਣੇ ਅਜੋਕੇ ਰੂਪ ਵਿਚ ਪੂਰੀ ਤਰਾਂ ਨਿਖਰ ਚੁੱਕੀ ਸੀ| ਇਸ ਦਾ ਪਹਿਲਾ ਕਵੀ ਬਾਬਾ ਫਰੀਦ ਸ਼ਕਰਗੰਜ ਨੂੰ ਮੰਨਿਆ ਜਾਂਦਾ ਹੈ, ਜਿਹਨਾਂ ਦੇ 114 ਸ਼ਲੋਕ ਗੁਰੂ ਗਰੰਥ ਸਾਹਿਬ ਵਿਚ ਵੀ ਦਰਜ ਹਨ| ਅੱਜ ਵੀ ਜਦੋਂ ਅਸੀਂ ਫਰੀਦ ਬਾਣੀ ਸਰਵਣ ਕਰਕੇ ਹਾਂ ਤਾਂ ਸਾਨੂੰ ਉਹਨਾ ਦੀ ਸਰਲ ਪੰਜਾਬੀ ਬੋਲੀ ਵਿਚਲੇ ਸਲੋਕਾਂ ਦੇ ਅਰਥ ਬੜੀ ਅਸਾਨੀ ਨਾਲ ਸਮਝ ਆ ਜਾਂਦੇ ਹਨ| ਇਸੇ ਤਰਾਂ ਵਾਰਿਸ਼ ਸ਼ਾਹ, ਦਮੋਦਰ, ਸ਼ਾਹ ਹੂਸੈਨ, ਸੁਲਤਾਨ ਬਾਹੂ, ਖਵਾਜਾ ਗੁਲਾਮ ਫਰੀਦ, ਹਾਸ਼ਮ ਆਦਿ ਬਾਰੇ ਕਹੀ ਜਾ ਸਕਦੀ  ਹੈ| ਅੰਗਰੇਜੀ ਦਾ ਪਹਿਲਾ ਕਵੀ ਜੈਫਰੀ ਚੌਸਰ ਹੈ ਜਿਸ ਦਾ ਕਾਰਜਕਾਲ ਪੰਦਰਵੀਂ ਸਦੀ ਦੇ ਮੱਧ ਤੋਂ ਸ਼ੁਰੂ ਹੁੰਦਾ ਹੈ| ਇਹ ਬੋਲੀ ਏਨੀ ਤੇਜੀ ਨਾਲ ਵਿਕਸਤ ਕਿਵੇਂ ਹੋ ਗਈ? ਕੀ ਇਸ ਬੋਲੀ ਕੋਲ ਸ਼ਬਦਾਂ ਦਾ ਵੱਡਾ ਭੰਡਾਰ ਸੀ? ਕੀ ਇਸ ਦੇ ਵਕਤਿਆਂ ਦੀ ਗਿਣਤੀ ਜਿਆਦਾ ਸੀ? ਕੀ ਇਸ ਬੋਲੀ ਦੀਆਂ ਮਾਵਾਂ ਆਪਣੀ ਬੋਲੀ ਪ੍ਰਤੀ ਬਹੁਤ ਸੰਸਕਾਰੀ ਹਨ ਜਾਂ ਫਿਰ ਬੁਲਾਰਿਆਂ ਦੀ ਨਫਰੀ ਬਹੁਤ ਜਿਆਦਾ ਹੈ? ਇਹਨਾਂ ਉਕਤ ਸਵਾਲਾਂ ਬਾਰੇ ਚਿੰਤਨ ਕਰੀਏ ਤਾਂ ਉੱਤਰ ਨਾਂਹ ਵਿਚ ਹੀ ਮਿਲਦਾ ਹੈ| ਫਿਰ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਕਤ ਸਵਾਲਾਂ ਦਾ ਉੱਤਰ ਨਾਂਹ ਵਿਚ ਹੈ ਤਾਂ ਇਹ ਬੋਲੀ ਪੰਜਾਬੀ ਤੋਂ ਸੈਂਕੜੇ ਸਾਲ ਛੋਟੀ ਹੋਣ ਦੇ ਬਾਵਜੂਦ ਵੀ ਦੁਨੀਆਂ ਦੀ ਪਹਿਲੇ ਦਰਜੇ ਦੀ ਜੁਬਾਨ ਕਿਵੇਂ ਬਣ ਗਈ?
ਇਸ ਸਵਾਲ ਦਾ ਸਹੀ ਉੱਤਰ ਮੇਰੀ ਜਾਚੇ ਇਹ ਬਣਦਾ ਹੈ ਕਿ ਕਿਸੇ ਵੀ ਜੁਬਾਨ ਦੀ ਤਰੱਕੀ ਵਾਸਤੇ ਪਹਿਲੀ ਲੋੜ ਰਾਜਨੀਤਿਕ ਪੁਸ਼ਤ ਪਨਾਹੀ ਹੁੰਦੀ ਹੈ ਤੇ ਪੰਜਾਬੀ ਬੋਲੀ ਨੂੰ ਹੋਰਨਾਂ ਤਾਂ ਸਿਆਸੀ ਬੈਕ ਅੱਪ ਕੀ ਦੇਣੀ ਸੀ ਮਹਾਂਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਰਾਜ-ਕਾਜ  ਵਿਚ ਨਹੀਂ ਦਿੱਤੀ| ਸ਼ਾਇਦ ਇਹ ਸ਼ਬਦ ਨੈਪੋਲੀਅਨ ਨੇ ਕਹੇ ਸਨ ਕਿ ਕਿਸੇ ਕੌਮ ਨੂੰ ਗੋਲੀਆਂ ਮਾਰਕੇ ਮਾਰਨ ਦੀ ਬਜਾਏ ਉਸ ਦੀ ਜੁਬਾਨ ਖੋਹ ਲਵੋ ਤਾਂ ਉਹ ਖੁਦ ਬ ਖੁਦ ਹੀ ਮਰ ਜਾਵੇਗੀ| 
ਅੰਗਰੇਜਾਂ ਨੇ ਨੈਪੋਲੀਅਨ ਦੇ ਉਕਤ ਬੋਲਾਂ ਦਾ ਸੌ ਫੀਸਦੀ ਲ਼ਾਭ ਲਿਆ, ਪੰਜਾਬੀਆਂ ਨੂੰ ਸਮਝਣ ਵਾਸਤੇ, ਪੰਜਾਬ ਵਿਚ ਅੰਗਰੇਜ ਵਿਦਵਾਨਾਂ ਦੀ ਫੌਜ ਬੁਲਾਈ, ਪੰਜਾਬੀ ਤੋਂ ਅੰਗਰੇਜੀ ਤਰਜਮਾ ਗਰੰਥ ਤਿਆਰ ਕੀਤੇ, ਪੰਜਾਬ ਦੇ ਨੌਜਵਾਨਾਂ ਨੂੰ ਆਹਲਾ ਤਾਲੀਮ ਲੈਣ ਵਾਸਤੇ ਬਰਤਾਨੀਆ ਭੇਜਿਆ ਤੇ ਵਾਪਸੀ ਉਪਰੰਤ ਉਹਨਾਂ ਨੂੰ ਵੱਡੀਆਂ ਕੁਰਸੀਆਂ ਤੇ ਆਹੁਦੇ ਦਿੱਤੇ, ਜੋ ਪੜ੍ਹ ਨਾ ਸਕੇ ਉਹਨਾਂ ਨੂੰ ਜਬਰੀ ਫੌਜ ਵਿਚ ਭਰਤੀ ਕਰ ਲਿਆ ਤੇ ਜੰਗਾਂ ਦੀ ਮੋਹਰਲੀ ਕਤਾਰ ਵਿਚ ਖੜ੍ਹਾ ਦਿੱਤਾ ਭਾਵ ਇਹ ਕਿ ਅੰਗਰੇਜਾਂ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਸਾਧ ਲਏ, ਪੰਜਾਬੀ ਬੋਲੀ ਨੂੰ ਖਤਮ ਕਰਨ ਦਾ ਮਸਲਾ ਵੀ ਹੱਲ ਕਰ ਲਿਆ, ਰਾਜ ਪਰਬੰਧ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਪਹਾੜਾ ਸਿੰਘ ਵੀ ਆਪਣੇ ਰਾਜ ਪ੍ਰਬੰਧ ਵਿਚ ਭਰਤੀ ਕਰ ਲਏ ਤੇ ਅੰਗਰੇਜੀ ਬੋਲੀ ਦਾ ਵੀ ਬੋਲ ਬਾਲਾ ਵੀ ਕਰ ਲਿਆ| ਅਸੀਂ ਜਾਣਦੇ  ਹਾਂ ਕਿ ਅੰਗਰੇਜ ਫੌਜ ਵਿਚ ਭਰਤੀ ਰਹੇ ਸਾਡੇ ਅਨਪੜ੍ਹ ਪੰਜਾਬੀ ਵੀ ਬਰਾਂਡੀ ਦਾ ਲੰਡੂ ਜਿਹਾ ਪੈੱਗ ਲਾ ਕੇ ਆਪਣੀ ਮਾਂ ਬੋਲੀ ਦੀ ਬਜਾਏ ਟੁੱਟੀ ਫੁੱਟੀ  ਅੰਗਰੇਜੀ ਬੋਲਣ ਲੱਗ ਜਾਂਦੇ ਸਨ ਤੇ ਹੁਣ ਬਦਲੇ ਹੋਏ ਰੂਪ ਵਿਚ ਉਹੀ ਸਿਲਸਿਲਾ ਯੂ ਪੀ ਤੇ ਬਿਹਾਰ ਤੋਂ ਆਏ ਭਈਆ ਲੋਕਾਂ ਨਾਲ ਚੱਲ ਰਿਹਾ ਹੈ| ਅਸੀਂ ਉਹਨਾਂ ਨੂੰ ਆਪਣੀ ਗੱਲ ਸਮਝਾਉਣ ਵਾਸਤੇ ਪੰਜਾਬੀ ਨਹੀਂ ਬਲਕਿ ਪੰਜਾਬੀ ਨੂੰ ਪਰੇ ਰੱਖਕੇ ਇਕ ਨਵੀਂ ਹੀ ਬੋਲੀ ਸਿਰਜਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਸਲਨ ਬਈਆ! ਮੱਝੋਂ ਕੋ ਪੱਠਾ ਡਾਲਦੋ, ਹਮਾਰੇ ਢੀਡ ਮੇਂ ਦਰਦ ਹੈ, ਯੂ ਪੀ ਮੇ ਤੁਮਾਰਾ  ਪੀਂਡ ਕੋਣਸਾ ਹੈ? ਵਗੈਰਾ ਵਗੈਰਾ| ਹੁਣ ਅੰਦਾਜਾ ਅਸੀਂ ਆਪ ਹੀ ਲਗਾ ਸਕਦੇ ਹਾਂ ਕਿ ਮਾਂ ਅਤੇ ਬੋਲੀ ਦੋਹਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ !
ਫਰਾਂਸ ਇਕ ਛੋਟਾ ਜਿਹਾ ਮੁਲਕ ਹੈ, ਉਥੇ ਫਰੈਂਚ ਬੋਲੀ ਜਾਂਦੀ ਹੈ , ਜੋ ਕਿ ਇਸ ਵੇਲੇ ਦੁਨੀਆਂ ਦੀ ਪੰਜਵੀ ਵੱਡੀ ਜੁਬਾਨ ਹੈ|  ਪੰਜਾਬੀ ਅਤੇ ਫਰੈਂਚ ਦੇ ਵਕਤਿਆਂ ਦੀ ਸੰਖਿਆ ਲਗਭਗ ਇਕੋ ਜਿਹੀ ਹੈ, ਪਰ ਪੰਜਾਬੀ ਇਸ ਪੱਖੋਂ ਦੁਨੀਆਂ ਦੀਆਂ ਭਾਸ਼ਾਵਾਂ ਵਿਚ  22ਵੇਂ ਨੰਬਰ ਉੱਤੇ ਹੈ| ਇਸ ਦਾ ਕਾਰਨ ਵੀ ਏਹੀ ਕਿ ਫਰੈਂਚ ਬੋਲੀ ਨੂੰ ਸਿਆਸੀ ਬੈਕ ਅੱਪ ਮਿਲਦੀ ਰਹੀ ਹੈ ਜਦ ਕਿ ਪੰਜਾਬੀ ਜੁਬਾਨ ਦੀ ਪਿੱਠ ਵਿਚ ਇਥੋਂ ਦੀ ਸਿਆਸਤ ਹੀ ਛੁਰਾ ਖੋਭਦੀ ਰਹੀ ਹੈ ਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ|
ਸਰਕਾਰਾਂ ਦੀਆਂ ਗਲਤ ਨੀਤੀਆਂ ਵੀ ਉਥੋਂ ਦੀ ਬੋਲੀ ਦਾ ਘਾਤ ਕਰਦੀਆਂ ਹਨ, ਮਸਲਨ ਪੰਜਾਬੀ ਬੋਲੀ ਨੂੰ ਅੱਜ ਤੱਕ ਸਰਕਾਰਾਂ ਨੇ ਗੌਲਿਆ ਹੀ ਨਹੀਂ, ਜੇਕਰ ਇਸ ਸੰਬੰਧੀ ਮਤੇ ਪਾਏ ਜਾਂ ਕਾਨੂੰਨ ਬਣਾਏ ਗਏ ਤਾਂ ਉਹ ਬਣਾ ਕਿ ਠੰਢੇ ਬਸਤੇ ਵਿਚ ਠੂਸ ਦਿੱਤੇ, ਕਦੇ ਲਾਗੂ ਹੀ ਨਹੀਂ ਕੀਤੇ, ਸਰਕਾਰੀ ਦਫਤਰਾਂ ਵਿਚ ਬਾਬੂਆਂ ਅਤੇ ਅਫਸਰਾਂ ਦੀ ਭਰਤੀ ਬਾਹਰਲੀਆਂ ਸਟੇਟਾਂ ਤੋ ਕੀਤੀ ਗਈ, ਜੇਕਰ ਯਕੀਨ ਨਹੀਂ ਤਾਂ ਪੰਜਾਬ ਦੇ ਸਿਵਿਲ ਅਧਿਕਾਰੀ ਜਾਂ ਫਿਰ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਏਅਰ ਪੋਰਟਾਂ ਤੇ ਜਾ ਕੇ ਦੇਖਿਆ ਜਾ ਸਕਦਾ ਹੈ , ਪੰਜਾਬ ਦੇ ਬਹੁਤੇ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਹੀ ਖਾਲੀ ਪਈਆਂ ਹਨ, ਬੇਰੁਜਗਾਰੀ ਨੇ ਵੀ ਲੋਕਾਂ ਨੂੰ ਮਾਂ ਬੋਲੀ ਤੋਂ ਦੂਰ ਕੀਤਾ ਹੈ, ਭੁੱਖੇ ਨੂੰ ਸਵਾਲ ਪਾਓ ਤਾਂ ਉਸ ਦਾ ਉੱਤਰ ਹਮੇਸ਼ਾ ਦੋ ਰੋਟੀਆਂ ਹੀ ਹੁੰਦਾ ਹੈ, ਏਹੀ ਕਾਰਨ ਹੈ ਕਿ ਪੰਜਾਬ ਦੀ ਜਵਾਨੀ ਨੇ ਪਹਿਲਾਂ ਆਇਲਟਾਂ ਕਰਕੇ ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜਿਆ ਫਿਰ ਲੱਖਾਂ ਰੁਪਏ ਖਰਚ ਕਰਕੇ ਆਪਣੀ ਮਾਂ ਭੂਮੀ ਛੱਡਕੇ ਵਿਦੇਸ਼ਾਂ ਵੱਲ ਭੱਜਣ ਲਈ ਮਜਬੂਰ ਹੋਏ|
ਜਿਥੋਂ ਤੱਕ ਲਹਿੰਦੇ ਪੰਜਾਬ ਦੀ ਗੱਲ  ਹੈ| ਇਸ ਵਿਚ ਬਿਲਕੁਲ ਵੀ ਕੋਈ ਦੋ ਰਾਇ ਨਹੀ ਕਿ ਉਹ ਲੋਕ ਮਾਂ ਬੋਲੀ ਪੰਜਾਬੀ ਨੂੰ ਇੰਤਹਾ ਮੁਹੱਬਤ ਕਰਦੇ ਹਨ, ਪਰ ਪੰਜਾਬੀ ਬੋਲੀ ਨੂੰ ਸਿਆਸੀ ਸਹਾਰਾ ਨਾ ਹੋਣ ਕਰਕੇ ਉਥੇ ਵੀ ਪੰਜਾਬੀ ਬੋਲੀ ਨੁਕਰੇ ਲਗਾਈ ਜਾ ਰਹੀ ਹੈ| ਲਹਿੰਦੇ ਪੰਜਾਬ ਵਿਚ ਨਿਤ ਕਾਨਫਰੰਸਾਂ, ਧਰਨੇ ਤੇ ਮੁਜ਼ਾਹਰੇ ਹੋ ਰਹੇ ਹਨ ਪਰ ਉਥੇ ਹਾਲਾਤ ਢਾਕ ਕੇ ਤੀਨ ਪਾਤ ਵਾਲੇ ਹੀ ਬਣੇ ਹੋਏ ਹਨ| ਸਰਕਾਰਾਂ ਤੇ ਕੋਈ ਅਸਰ ਨਹੀਂ, ਸਕੂਲਾਂ ਵਿਚ ਪੰਜਾਬੀ ਬੋਲੀ ਦੀ ਪੜ੍ਹਾਈ ਠੱਪ ਪਈ ਹੈ, ਸ਼ਹਿਰੀ ਤਬਕਾ ਉਰਦੂ ਬੋਲਣ ਨੂੰ ਤਰਜੀਹ ਦੇ ਰਿਹਾ ਹੈ, ਸਰਕਾਰੀ ਜੁਬਾਨ ਉਰਦੂ ਹੈ ਤੇ ਦਫਤਰਾਂ ਤਹਿਸੀਲਾਂ ਦਾ ਸਾਰਾ ਕੰਮਕਾਜ ਉਰਦੂ ਵਿਚ ਹੀ ਹੋ ਰਿਹਾ ਹੈ| ਵੱਖ ਵੱਖ ਤਨਜੀਮਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ਼ ਦਾ ਚੰਗਾ ਅਸਰ ਇਹ ਜਰੂਰ ਪੈ ਰਿਹਾ ਕਿ ਆਮ ਲੋਕਾਂ ਵਿਚ ਆਪਣੀ ਮਾਤ ਭਾਸ਼ਾ ਪ੍ਰਤੀ ਚੇਤਨਾ ਪੈਦਾ ਹੋ ਰਹੀ ਹੈ, ਪਰ ਸਿਆਸੀਤੰਤਰ ਇਸ ਪੱਖੋਂ ਘੋਗੜਕੰਨਾ ਬਣਿਆ ਹੋਇਆ ਹੈ|
ਮਾਂ ਬੋਲੀ ਉਸ ਦੇ ਵਕਤਿਆਂ ਦੇ ਸਿਰ ਦਾ ਤਾਜ ਹੁੰਦੀ ਹੈ, ਪਰ ਇਕ ਗੱਲੋਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਬੋਲੀ ਦਾ ਰੁਤਬਾ ਚੜ੍ਹਦੇ ਤੇ ਲਹਿੰਦੇ ਦੋਹਾਂ ਪੰਜਾਬਾਂ ਵਿਚ ਹੀ ਬਹਾਲ ਨਹੀਂ, ਇਸ ਨੂੰ ਬਹਾਲ ਕਰਾਉਣ  ਵਾਸਤੇ ਲਗਾਤਾਰ ਸੰਘਰਸ਼ ਚੱਲ  ਰਿਹਾ ਹੈ, ਆਪਣੀਆਂ ਮਾਲੀ ਮਜਬੂਰੀਆਂ ਨੂੰ ਦਰਪੇਸ਼ ਆਮ ਲੋਕ  ਤੇ ਨੌਜਵਾਨ ਪੀੜ੍ਹੀ, ਮਾਤ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ, ਦੂਜੇ ਪਾਸੇ ਮਾਤ ਭਾਸ਼ਾ ਦਿਵਸ ਨੂੰ ਲੈ ਕੇ ਸ਼ੋਸ਼ਲ ਮੀਡੀਏ ਉੱਤੇ ਵਧਾਈਆਂ ਤੇ ਮੁਬਾਰਰਾਂ ਦਾ ਹੜ੍ਹ ਆਇਆ ਹੋਇਆ ਹੈ, ਸਮਝ ਨਹੀ ਆ ਰਹੀ ਕਿ ਅਸੀਂ ਕਿਹੜੀ ਵੱਡੀ ਮੱਲ ਮਾਰ ਲਈ ਹੈ ਕਿ ਏਨੇ ਵੱਡੇ ਪੱਧਰ ਉੱਤੇ ਵਧਾਈਆਂ ਦਾ ਅਦਾਨ ਪਰਦਾਨ ਕਰ ਰਹੇ ਹਾਂ ਜਦ ਕਿ ਇਹਨਾਂ ਮੌਕਿਆਂ ਉੱਤੇ ਸਾਨੂੰ ਚਿੰਤਨ ਕਰਨਾ ਚਾਹੀਦਾ ਹੈ ਕਿ ਸਾਡੀ ਜਮੀਨੀ ਹਕੀਕਤ ਕੀ ਹੈ, ਕਿ ਇਹ ਖੁਸ਼ੀ ਦਾ ਸਮਾਂ ਹੈ ਜਾਂ ਫਿਰ ਜਰਾ ਠਰੰਮੇ ਨਾਲ ਚਿੰਤਨ ਕਰਕੇ ਕੁੱਝ ਐਕਸਨ ਲੈਣ ਦਾ! ਕਈ ਵਾਰ ਇਹ ਜਰੂਰੀ ਹੁੰਦਾ ਹੈ ਕਿ ਆਪਣੀ ਪੀੜ੍ਹੀ ਹੇਠ ਵੀ ਸੋਟਾ ਮਾਰ ਹੀ ਲਿਆ ਜਾਵੇ ਕਿਉਂਕਿ ਮਸਲੇ ਦੀ ਜੜ੍ਹ ਕਈ ਵਾਰ ਉਥੋ ਵੀ ਹੱਥ ਆ ਸਕਦੀ ਹੈ| ਗੁਸਤਾਖੀ ਮੁਆਫ|
ਸ਼ਿੰਗਾਰਾ ਸਿੰਘ ਢਿੱਲੋਂ