ਯੂਕਰੇਨੀ ਅਧਿਕਾਰੀ ਜਨੇਵਾ ’ਚ ਟਰੰਪ ਦੇ ਦੂਤਾਂ ਨੂੰ ਮਿਲਣਗੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਹੋਣ ਵਾਲੀ ਅਗਲੇ ਗੇੜ ਦੀ ਤਿੰਨ ਧਿਰੀ ਗੱਲਬਾਤ ਦੀ ਤਿਆਰੀ ਵਜੋਂ ਯੂਕਰੇਨੀ ਵਫ਼ਦ ਵੀਰਵਾਰ ਨੂੰ ਅਮਰੀਕੀ ਦੂਤਾਂ ਨਾਲ ਮੁਲਾਕਾਤ ਕਰੇਗਾ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨ ਦੀ ਕੌਮੀ ਸੁਰੱਖਿਆ ਅਤੇ ਰੱਖਿਆ ਕੌਂਸਲ ਦੇ ਸਕੱਤਰ ਰੁਸਤਮ ਉਮੇਰੋਵ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਨਾਲ ਗੱਲਬਾਤ ਕਰਨਗੇ। ਸ੍ਰੀ ਜ਼ੇਲੈਂਸਕੀ ਅਨੁਸਾਰ, ਵੀਰਵਾਰ ਦੀ ਮੀਟਿੰਗ ਵਿੱਚ ਜੰਗ ਤੋਂ ਬਾਅਦ ਯੂਕਰੇਨ ਦੇ ਮੁੜਵਸੇਬੇ ਅਤੇ ਰੂਸੀ ਅਧਿਕਾਰੀਆਂ ਨਾਲ ਹੋਣ ਵਾਲੀ ਅਗਲੀ ਮੀਟਿੰਗ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਰੂਸ ਨਾਲ ਅਗਲੇ ਗੇੜ ਦੀ ਗੱਲਬਾਤ ਅਗਲੇ ਹਫ਼ਤੇ ਹੋ ਸਕਦੀ ਹੈ। ਉਮੇਰੋਵ ਦੀ ਪ੍ਰੈੱਸ ਸਕੱਤਰ ਡਾਇਨਾ ਡੇਵਤੀਅਨ ਨੇ ਦੱਸਿਆ ਕਿ ਇਹ ਮੀਟਿੰਗ ਜਨੇਵਾ ਵਿੱਚ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸੇ ਦਿਨ ਇਸ ਸਵਿਸ ਸ਼ਹਿਰ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਪਰਮਾਣੂ ਗੱਲਬਾਤ ਹੋਣ ਦੀ ਵੀ ਆਸ ਹੈ। ਅਮਰੀਕਾ ਦੀਆਂ ਕੋਸ਼ਿਸ਼ਾਂ ਸਦਕਾ ਇਸ ਸਾਲ ਅਬੂ ਧਾਬੀ ਅਤੇ ਜਨੇਵਾ ਵਿੱਚ ਰੂਸ ਤੇ ਯੂਕਰੇਨ ਪਹਿਲਾਂ ਵੀ ਮਿਲ ਚੁੱਕੇ ਹਨ ਹਾਲਾਂਕਿ ਰੂਸ ਦੇ ਹਮਲੇ ਦੇ ਪੰਜਵੇਂ ਸਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਇਨ੍ਹਾਂ ਚਰਚਾਵਾਂ ਵਿੱਚ ਅਜੇ ਤੱਕ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਹੈ।