*ਪੰਜਾਬ ਵਿੱਚ 'ਸਰਕਾਰੀ ਦਹਿਸ਼ਤਗਰਦੀ' ਦਾ ਨੰਗਾ ਨਾਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਰਣਜੀਤ ਸਿੰਘ ਦੇ ਕਤਲ ਦੀ ਸਖ਼ਤ ਨਿਖੇਧੀ*

 
ਸਿੱਖ ਨੌਜਵਾਨੀ ਦੀ 'ਨਸਲਕੁਸ਼ੀ' ਰੋਕਣ ਲਈ ਸਮੁੱਚੀ ਕੌਮ ਇੱਕਜੁੱਟ ਹੋਵੇ

ਫਰੈਂਕਫਰਟ: ਵਰਲਡ ਸਿੱਖ ਪਾਰਲੀਮੈਂਟ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਪੰਜਾਬ ਪੁਲਿਸ ਵੱਲੋਂ ਇੱਕ ਨਿਰਦੋਸ਼ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ 'ਪੁਲਿਸ ਦੀ ਗੁੰਡਾਗਰਦੀ' ਅਤੇ 'ਸਰਕਾਰੀ ਦਹਿਸ਼ਤਗਰਦੀ' ਦਾ ਨੰਗਾ ਨਾਚ ਚੱਲ ਰਿਹਾ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂ  ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, , ਭਾਈ ਮਨਬੀਰ ਸਿੰਘ ਕਨੇਡਾ  ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ , ਭਾਈ ਜਤਿੰਦਰ ਸਿੰਘ ,ਭਾਈ ਸਤਨਾਮ ਸਿੰਘ ਫਰਾਂਸ , ਹਰਜੋਤ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਪੁਲਿਸ ਅਤੇ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਤੇ ਸਿੱਖ ਕੌਮ ਨੂੰ ਵਿਸ਼ਵ ਪੱਧਰ 'ਤੇ ਬਦਨਾਮ ਕਰਨ ਲਈ 'ਆਈ.ਐਸ.ਆਈ' ਵਰਗੀਆਂ ਖੁਫੀਆ ਏਜੰਸੀਆਂ ਦੇ ਨਾਮ ਦੀ ਦੁਰਵਰਤੋਂ ਕਰ ਰਹੀ ਹੈ। ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ 'ਤੇ ਵਿਦੇਸ਼ੀ ਏਜੰਸੀਆਂ ਦੇ ਏਜੰਟ ਹੋਣ ਦਾ ਲੇਬਲ ਲਗਾਉਣਾ ਪੰਜਾਬ ਪੁਲਿਸ ਦੀ ਪੁਰਾਣੀ ਅਤੇ ਘਿਣਾਉਣੀ ਫਿਤਰਤ ਰਹੀ ਹੈ।

ਪੰਜਾਬ ਪੁਲਿਸ ਦਾ ਇਤਿਹਾਸ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨਾਲ ਭਰਿਆ ਪਿਆ ਹੈ। 90ਵਿਆਂ ਦੇ ਦੌਰ ਵਿੱਚ ਜਿਸ ਤਰ੍ਹਾਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਪਾ ਦਿੱਤਾ ਗਿਆ ਸੀ, ਅੱਜ ਫਿਰ ਉਹੀ ਦੌਰ ਦੁਹਰਾਇਆ ਜਾ ਰਿਹਾ ਹੈ। ਪਿਛਲੇ ਸਿਰਫ ਤਿੰਨ ਮਹੀਨਿਆਂ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਤਿੰਨ ਦਰਜਨ ਦੇ ਕਰੀਬ ਨੌਜਵਾਨ ਕੱਢ ਕੇ ਮਾਰ ਦਿੱਤੇ ਗਏ ਹਨ। ਹਰ ਵਾਰ ਪੁਲਿਸ ਵੱਲੋਂ ਇੱਕੋ ਝੂਠੀ ਕਹਾਣੀ ਸੁਣਾਈ ਜਾਂਦੀ ਹੈ ਕਿ 'ਹਥਿਆਰਾਂ ਦੀ ਬਰਾਮਦਗੀ ਵੇਲੇ ਮੁਲਜ਼ਮ ਨੇ ਗੋਲੀ ਚਲਾਈ ਅਤੇ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ।' ਪੰਜਾਬ ਦੇ ਸਿੱਖ ਸਮਝ ਚੁੱਕੇ ਹਨ ਕਿ ਇਹ ਸਕ੍ਰਿਪਟ ਹੁਣ ਸਿੱਖ ਨੌਜਵਾਨੀ ਦਾ ਘਾਣ ਕਰਨ ਅਤੇ ਸਿੱਖਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਲਈ ਹੈ।

ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਜੇ ਸਰਕਾਰ ਦੀਆਂ ਨਜ਼ਰਾਂ ਵਿੱਚ ਜੇਕਰ ਕੋਈ ਦੋਸ਼ੀ ਹੈ, ਤਾਂ ਉਸ 'ਤੇ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇ। ਪਰ ਜੋ ਸਰਕਾਰਾਂ ਲੋਕਾਂ ਨੂੰ ਅਖੌਤੀ 'ਕਾਨੂੰਨ ਦੀ ਪਾਲਣਾ' ਕਰਨ ਦੇ ਉਪਦੇਸ਼ ਦਿੰਦੀਆਂ ਹਨ, ਉਹ ਸਿੱਖ ਨੌਜਵਾਨੀ ਦਾ ਘਾਣ ਕਰਨ ਲਈ ਖੁਦ ਸੰਵਿਧਾਨ ਅਤੇ ਕਾਨੂੰਨ ਨੂੰ ਆਪਣੇ ਬੂਟਾਂ ਹੇਠ ਮਿੱਧ ਰਹੀਆਂ ਹਨ। ਗੈਂਗਸਟਰਾਂ ਦੇ ਨਾਮ ਹੇਠ ਸਿੱਖ ਜਵਾਨੀ ਦਾ ਘਾਣ ਕਰਕੇ ਮੌਜੂਦਾ ਹਾਕਮ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਸਿੱਖ ਨੌਜਵਾਨੀ ਦੀਆਂ ਹੱਕੀ ਮੰਗਾਂ ਅਤੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ।

ਵਰਲਡ ਸਿੱਖ ਪਾਰਲੀਮੈਂਟ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਰਣਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਹੋ ਰਹੇ ਸਾਂਝੇ ਸੰਘਰਸ਼ਾਂ ਦਾ ਹਿੱਸਾ ਬਣਨ। ਅਸੀਂ ਰਾਗੀਆਂ, ਢਾਡੀਆਂ ਅਤੇ ਕਥਾਵਾਚਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਿਰਫ ਮਾਇਆ ਇਕੱਠੀ ਕਰਨ ਤੱਕ ਸੀਮਤ ਨਾ ਰਹਿਣ, ਸਗੋਂ ਸਟੇਜਾਂ ਤੋਂ ਇਸ ਸਰਕਾਰੀ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ। ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਅੱਗੇ ਹੋ ਕੇ ਸਿੱਖ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਇਸ ਬੇਇਨਸਾਫੀ ਵਿਰੁੱਧ ਡਟਣਾ ਚਾਹੀਦਾ ਹੈ।