ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਏਵੀਐਮ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਫੇਰੀ ਦੌਰਾਨ ਕੈਨੇਡਾ-ਅੰਮ੍ਰਿਤਸਰ

ਸਿੱਧੀਆਂ ਉਡਾਣਾਂ ਦਾ ਮੁੱਦਾ ਚੁੱਕਣ ਦੀ ਅਪੀਲ

ਟੋਰਾਂਟੋ / ਵੈਨਕੂਵਰ / ਅੰਮ੍ਰਿਤਸਰ : ਜਿਵੇਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ &lsquoਤੇ ਹਨ, ਅੰਮ੍ਰਿਤਸਰ ਦੇ ਹਵਾਈ ਸੰਪਰਕ ਨੂੰ ਬਿਹਤਰ ਕਰਨ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਉੱਚ-ਪੱਧਰੀ ਗੱਲਬਾਤ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੇ ਮੁੱਦੇ ਨੂੰ ਸ਼ਾਮਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ।
ਇਹਨਾਂ ਸੰਸਥਾਵਾਂ ਦੀ ਦਲੀਲ ਹੈ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ, ਕੈਨੇਡਾ ਅਤੇ ਭਾਰਤ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਹੈ। ਇਹ ਰੂਟ ਪੰਜਾਬੀ ਮੂਲ ਦੇ 10 ਲੱਖ ਤੋਂ ਵੱਧ ਕੈਨੇਡੀਅਨਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਪਾਰੀਆਂ ਦੀ ਵੱਧ ਰਹੀ ਗਿਣਤੀ ਲਈ ਲਾਹੇਵੰਦ ਹੋਵੇਗਾ। ਇਹ ਪ੍ਰਵਾਸੀਆਂ ਨੂੰ ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਅਧਿਆਤਮਿਕ ਸਥਾਨਾਂ ਵਿੱਚੋਂ ਇੱਕ, ਸ੍ਰੀ ਹਰਿਮੰਦਰ ਸਾਹਿਬ ਨਾਲ ਸਿੱਧਾ ਜੋੜੇਗਾ, ਜਿਸ ਨਾਲ ਯਾਤਰੀਆਂ ਨੂੰ ਦਿੱਲੀ ਵਿੱਚ ਲੰਮੇ ਸਮੇਂ ਦੇ ਠਹਿਰਾਅ ਵਾਲੇ 25-35 ਘੰਟਿਆਂ ਦੇ ਥਕਾਵਟ ਭਰੇ ਸਫ਼ਰ ਤੋਂ ਨਿਜਾਤ ਮਿਲੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (ਉੱਤਰੀ ਅਮਰੀਕਾ) ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਇੱਕ ਸਾਂਝੇ ਬਿਆਨ &lsquoਚ ਕਿਹਾ, &ldquoਪ੍ਰਧਾਨ ਮੰਤਰੀ ਕਾਰਨੀ ਦਾ ਇਹ ਦੌਰਾ ਦੁਵੱਲੇ ਸਬੰਧਾਂ ਵਿੱਚ ਇੱਕ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪੰਜਾਬੀ ਭਾਈਚਾਰੇ ਦੀ ਯਾਤਰਾ ਨਾਲ ਸਬੰਧਤ ਇਸ ਸਭ ਤੋਂ ਪੁਰਾਣੀ ਮੰਗ ਨੂੰ ਹੱਲ ਕਰਨ ਤੋਂ ਵੱਧ ਕੋਈ ਹੋਰ ਵਿਹਾਰਕ ਅਤੇ ਲੋਕ-ਪੱਖੀ ਨਤੀਜਾ ਨਹੀਂ ਹੋ ਸਕਦਾ। ਸਿੱਧੀਆਂ ਉਡਾਣਾਂ ਹੁਣ ਸਿਰਫ਼ ਇੱਕ ਸਹੂਲਤ ਨਹੀਂ ਰਹੀਆਂ ਇਹ ਵਪਾਰ, ਸਿੱਖਿਆ ਅਤੇ ਪਰਿਵਾਰਕ ਸਾਂਝ ਲਈ ਇੱਕ ਜ਼ਰੂਰਤ ਬਣ ਗਈਆਂ ਹਨ।&rdquo ਇਸ ਮੰਗ ਨੂੰ ਕੈਨੇਡਾ ਵਿੱਚ ਇਤਿਹਾਸਕ ਤੌਰ ਤੇ ਦੋਨੋਂ ਵੱਡੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਹਾਲ ਹੀ ਦੇ ਸਾਲਾਂ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਮੋਹਿਤ ਧੰਜੂ ਵੱਲੋਂ ਸ਼ੁਰੂ ਕੀਤੀ ਗਈ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਵਿਜ਼ ਦੁਆਰਾ ਸਪਾਂਸਰ ਕੀਤੀ ਗਈ ਇੱਕ ਸੰਸਦੀ ਈ-ਪਟੀਸ਼ਨ ਨੇ ਸਿਰਫ਼ 30 ਦਿਨਾਂ ਵਿੱਚ 20,000 ਤੋਂ ਵੱਧ ਦਸਤਖਤ ਪ੍ਰਾਪਤ ਕੀਤੇ ਸਨ। ਇਸ ਮੁੱਦੇ ਨੂੰ ਲਿਬਰਲ ਪਾਰਟੀ ਦੀ ਸੰਸਦ ਮੈਂਬਰ ਅਤੇ ਮੰਤਰੀ ਰੂਬੀ ਸਹੋਤਾ ਸਮੇਤ ਹੋਰਨਾਂ ਆਗੂਆਂ ਵੱਲੋਂ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਹਾਲਾਂਕਿ 2024 ਵਿੱਚ ਕੂਟਨੀਤਕ ਤਣਾਅ ਕਾਰਨ ਇਸ ਪੈਰਵੀ ਵਿੱਚ ਅਸਥਾਈ ਤੌਰ ਤੇ ਦੇਰੀ ਹੋਈ ਸੀ, ਪਰ ਹੁਣ ਸਬੰਧਾਂ ਦੇ ਆਮ ਵਾਂਗ ਹੋਣ ਨਾਲ ਭਾਈਚਾਰੇ ਦੀ ਇਸ ਪ੍ਰਮੁੱਖ ਮੰਗ ਨੂੰ ਪੂਰਾ ਕਰਨ ਦਾ ਇੱਕ ਨਵਾਂ ਮੌਕਾ ਮਿਲਿਆ ਹੈ। ਇਸ ਅਪੀਲ ਦਾ ਇੱਕ ਮੁੱਖ ਪਹਿਲੂ ਮੌਜੂਦਾ ਹਵਾਈ ਸਮਝੌਤਿਆਂ ਨੂੰ ਸਮਝਣਾ ਹੈ। ਮੌਜੂਦਾ ਕੈਨੇਡਾ-ਭਾਰਤ ਹਵਾਈ ਸੇਵਾਵਾਂ ਸਮਝੌਤੇ ਦੇ ਤਹਿਤ, ਭਾਰਤੀ ਏਅਰਲਾਈਨਾਂ ਨੂੰ ਭਾਰਤ ਦੇ ਕਿਸੇ ਵੀ ਸ਼ਹਿਰ ਤੋਂ ਕੈਨੇਡਾ ਲਈ ਉਡਾਣ ਭਰਨ ਲਈ ਓਪਨ ਸਕਾਈਜ਼ ਦੀ ਪਹੁੰਚ ਪ੍ਰਾਪਤ ਹੈ। ਇਸ ਦੇ ਉਲਟ, ਕੈਨੇਡੀਅਨ ਏਅਰਲਾਈਨਾਂ ਭਾਰਤ ਦੇ ਸਿਰਫ ਛੇ ਵੱਡੇ ਮਹਾਨਗਰਾਂ ਦੇ ਏਅਰਪੋਰਟ ਤੱਕ ਹੀ ਉਡਾਣਾਂ ਚਲਾ ਸਕਦੀਆਂ ਹਨ, ਜਿਸ ਸੂਚੀ ਵਿੱਚ ਫਿਲਹਾਲ ਅੰਮ੍ਰਿਤਸਰ ਸ਼ਾਮਲ ਨਹੀਂ ਹੈ।
ਗੁਮਟਾਲਾ ਨੇ ਕਿਹਾ, ਏਅਰ ਇੰਡੀਆ ਵੱਲੋਂ ਇਸ ਅਪ੍ਰੈਲ ਵਿੱਚ ਟੋਰਾਂਟੋ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਵਧਾ ਕੇ ਹਫ਼ਤੇ ਵਿੱਚ 10 ਕਰਨ ਦੇ ਫੈਸਲੇ ਨਾਲ, ਮਾਰਕੀਟ ਦੀ ਮੰਗ ਸਪੱਸ਼ਟ ਹੈ। ਹਾਲਾਂਕਿ, ਕਿਉਂਕਿ ਕੈਨੇਡੀਅਨ ਏਅਰਲਾਈਨਾਂ ਕੋਲ ਵਰਤਮਾਨ ਵਿੱਚ ਅੰਮ੍ਰਿਤਸਰ ਲਈ ਸਿੱਧੀ ਉਡਾਣ ਭਰਨ ਦੇ ਦੁਵੱਲੇ ਅਧਿਕਾਰ ਨਹੀਂ ਹਨ, ਇਸ ਲਈ ਇਸਦਾ ਤੁਰੰਤ ਹੱਲ ਭਾਰਤੀ ਏਅਰਲਾਈਨਾਂ ਕੋਲ ਹੈ। ਅਸੀਂ ਪ੍ਰਧਾਨ ਮੰਤਰੀ ਕਾਰਨੀ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਨਾਲ ਆਪਣੀ ਗੱਲਬਾਤ ਵਿੱਚ ਇਸ ਮੁੱਦੇ ਨੂੰ ਉਠਾਉਣ, ਅਤੇ ਏਅਰ ਇੰਡੀਆ ਨੂੰ ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਜ਼ੋਰਦਾਰ ਵਕਾਲਤ ਕਰਨ, ਜਾਂ ਬਦਲਵੇਂ ਰੂਪ ਵਿੱਚ, ਕੈਨੇਡੀਅਨ ਏਅਰਲਾਈਨਾਂ ਲਈ ਹਵਾਈ ਸਮਝੌਤੇ ਦੇ ਅਧਿਕਾਰਾਂ ਦਾ ਵਿਸਥਾਰ ਕਰਨ ਲਈ ਗੱਲਬਾਤ ਕਰਨ।&rdquo ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਮੰਚ ਵੱਲੋਂ ਸਾਰੇ ਕੈਨੇਡੀਅਨ ਸੰਸਦ ਮੈਂਬਰਾਂ&mdashਖਾਸ ਕਰਕੇ ਪੰਜਾਬੀ ਮੂਲ ਦੇ ਮੈਂਬਰਾਂ&mdashਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਨਤਕ ਤੌਰ  ਤੇ ਆਪਣਾ ਸਮਰਥਨ ਪ੍ਰਗਟ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਮੁੱਦੇ ਨੂੰ ਹੁਣ ਜਾਂ ਭਵਿੱਖ &lsquoਚ ਗੱਲਬਾਤ ਦੇ ਦੁਵੱਲੇ ਏਜੰਡੇ ਵਿੱਚ ਸ਼ਾਮਲ ਕੀਤਾ ਜਾਵੇ। ਢਿੱਲੋਂ ਨੇ ਅੰਤ ਵਿੱਚ ਕਿਹਾ, &ldquoਪਰਿਵਾਰਾਂ ਨੂੰ ਜੋੜਨਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਇੱਕ ਸਾਂਝੀ, ਗੈਰ-ਸਿਆਸੀ ਤਰਜੀਹ ਹੋਣੀ ਚਾਹੀਦੀ ਹੈ। ਸਾਨੂੰ ਉਮੀਦ ਹੈ ਕਿ ਇਹ ਮੁੱਦਾ ਕਾਰਨੀ-ਮੋਦੀ ਗੱਲਬਾਤ ਦਾ ਇੱਕ ਅਹਿਮ ਹਿੱਸਾ ਬਣੇਗਾ।&rdquo