ਏਅਰ ਐਂਬੂਲੈਂਸ ਲਈ ਪੰਜਾਬ ਗਰੁੱਪ ਵੱਲੋਂ ਚੈਰਿਟੀ ਸਮਾਗਮ

ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)- ਲੈਸਟਰ ਵਿਖੇ ਪੰਜਾਬੀ ਭਾਈਚਾਰੇ ਦੀਆਂ ਸਰਗਰਮ ਮਹਿਲਾਵਾਂ ਵੱਲੋਂ ਸਮਾਜ ਸੇਵਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਏਅਰ ਐਂਬੂਲੈਂਸ ਸੇਵਾ ਲਈ ਚੈਰਿਟੀ ਫੰਡ ਇਕੱਠਾ ਕੀਤਾ ਗਿਆ। ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਪੰਜਾਬ ਗਰੁੱਪ ਦੀਆਂ ਪ੍ਰਬੰਧਕਾ ਗੁਰਦੀਪ ਕੌਰ ਅਤੇ ਰਸਪਿੰਦਰ ਕੌਰ ਵੱਲੋਂ ਸਾਂਝੇ ਤੌਰ &lsquoਤੇ ਇਹ ਉਪਰਾਲਾ ਕੀਤਾ ਗਿਆ, ਜਿਸ ਅਧੀਨ ਇਕ ਵਿਸਾਲ ਚੈਰਿਟੀ ਸਮਾਗਮ ਆਯੋਜਿਤ ਕਰਕੇ ਇਕੱਠੀ ਕੀਤੀ ਗਈ ਰਕਮ ਓਡਬੀ ਵਿੰਗਸਟਨ ਦੇ ਪੰਜਾਬੀ ਮੇਅਰ ਜਸਵੀਰ ਕੌਰ ਚੋਹਾਨ ਨੂੰ ਭੇਟ ਕੀਤੀ ਗਈ। ਸਮਾਗਮ ਦੌਰਾਨ ਪੰਜਾਬੀ ਭਾਈਚਾਰੇ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਸਮਾਜ ਭਲਾਈ ਲਈ ਖੁੱਲ੍ਹ ਕੇ ਯੋਗਦਾਨ ਪਾਇਆ। ਸਮਾਗਮ ਦਾ ਮਕਸਦ ਮਨੁੱਖਤਾ ਦੀ ਸੇਵਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਜ਼ਿੰਦਗੀਆਂ ਬਚਾਉਣ ਵਾਲੀ ਏਅਰ ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨਾ ਸੀ। ਹਾਜ਼ਰ ਸੰਗਤ ਵੱਲੋਂ ਚੈਰਿਟੀ ਲਈ ਖੁੱਲ੍ਹ ਦਿਲੀ ਨਾਲ ਫੰਡ ਭੇਟ ਕਰਕੇ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਦੀਪ ਕੌਰ ਅਤੇ ਰਸਪਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦਾ ਰਿਹਾ ਹੈ ਅਤੇ ਅਜਿਹੇ ਉਪਰਾਲੇ ਸਮਾਜ ਵਿੱਚ ਇਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਏਅਰ ਐਂਬੂਲੈਂਸ ਵਰਗੀਆਂ ਸੇਵਾਵਾਂ ਐਮਰਜੈਂਸੀ ਹਾਲਾਤਾਂ ਵਿੱਚ ਅਣਮੋਲ ਸਾਬਤ ਹੁੰਦੀਆਂ ਹਨ, ਇਸ ਲਈ ਭਾਈਚਾਰੇ ਵੱਲੋਂ ਇਸ ਕਾਰਜ ਲਈ ਸਹਿਯੋਗ ਦੇਣਾ ਮਾਣ ਦੀ ਗੱਲ ਹੈ। ਓਡਬੀ ਵਿੰਗਸਟਨ ਦੀ ਮੇਅਰ ਜਸਵੀਰ ਕੌਰ ਚੋਹਾਨ ਨੇ ਪੰਜਾਬ ਗਰੁੱਪ ਦੀਆਂ ਪ੍ਰਬੰਧਕਾਂ ਅਤੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਚੈਰਿਟੀ ਉਪਰਾਲੇ ਸਮਾਜਕ ਜ਼ਿੰਮੇਵਾਰੀ ਦੀ ਸ਼ਾਨਦਾਰ ਉਦਾਹਰਨ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਨਾ ਸਿਰਫ਼ ਆਪਣੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ ਬਲਕਿ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਚੈਰਿਟੀ ਸਮਾਗਮ ਦੌਰਾਨ ਵੱਖ-ਵੱਖ ਮੁਟਿਆਰਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਵਨਗੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪੰਜਾਬੀ ਗਿੱਧਾ, ਲੋਕ ਨਾਚ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਨੇ ਸਮਾਗਮ ਨੂੰ ਖ਼ਾਸ ਰੰਗਤ ਬਖ਼ਸ਼ੀ। ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖੂਬ ਤਾਲੀਆਂ ਵਜਾਈਆਂ। ਸਮਾਗਮ ਦੌਰਾਨ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀ ਆਗੂਆਂ ਅਤੇ ਮਹਿਲਾ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ ਅਤੇ ਚੈਰਿਟੀ ਮੁਹਿੰਮ ਦੀ ਸ਼ਲਾਘਾ ਕੀਤੀ। ਆਖ਼ਰ ਵਿੱਚ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਅਤੇ ਭਾਗੀਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।